ਕੈਪਟਨ ਵੱਲੋਂ ਭਾਰਤ-ਪਾਕਿ ਦੋਸਤੀ ਦੀ ਜ਼ੋਰਦਾਰ ਵਕਾਲਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਖੁਸ਼ਹਾਲੀ ਤੇ ਵਿਕਾਸ ਲਈ ਪਾਕਿਸਤਾਨ ਨਾਲ ਸ਼ਾਂਤੀ ਤੇ ਦੋਸਤੀ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਭਾਰਤ ਕਥਿਤ ਤੌਰ ’ਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੋਂ ਸਮਰਥਨ ਲੈਣ ਵਾਲੇ ਸਿੱਖਸ ਫਾਰ ਜਸਟਿਸ (ਐੱਸਐਫਜੇ) ਨੂੰ ਦੇਸ਼ ਦੀ ਅਖੰਡਤਾ ਤੇ ਸਥਿਰਤਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ। ਮੁੱਖ ਮੰਤਰੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਰੱਖੇ ਵਿਸ਼ੇਸ਼ ਸਮਾਗਮ ਦੌਰਾਨ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਐੱਸਐਫਜੇ ਇਕ ਕੱਟੜ ਅਤਿਵਾਦੀ ਗਰੁੱਪ ਸੀ, ਜਿਸ ਦੀ ਮੁਹਿੰਮ ਦਾ ਕੋਈ ਵਿਚਾਰਧਾਰਕ ਆਧਾਰ ਨਹੀਂ ਸੀ। ਐੱਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ, ਜਿਸ ’ਤੇ ਆਈਐੱਸਆਈ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੰਮ ਕਰਨ ਦਾ ਦੋਸ਼ ਹੈ, ਨੂੰ ਧੋਖੇਬਾਜ਼ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਨੂ ਦਾ ਇੱਕੋ-ਇੱਕ ਮਕਸਦ ਆਈ.ਐੱਸ.ਆਈ. ਦੇ ਏਜੰਡੇ ਨੂੰ ਅੱਗੇ ਵਧਾਉਣਾ ਅਤੇ ਸਿੱਖਾਂ ਤੇ ਭਾਰਤ ਨੂੰ ਵੰਡਣਾ ਹੈ। ਇਸ ਤੋਂ ਪਹਿਲਾਂ ਪਰਵਾਸੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਲਮੀ ਸਮੱਸਿਆਵਾਂ ਦੇ ਹੱਲ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਅਨੁਸਾਰ ਸ਼ਾਂਤੀ ਦੇ ਪਸਾਰ ਲਈ ਗੁਆਂਢੀ ਮੁਲਕਾਂ ਨਾਲ ਦੋਸਤਾਨਾ ਸਬੰਧ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦਿੰਦਿਆਂ ਇਹ ਗੱਲ ਆਖੀ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਬੀਤੇ ਸਮੇਂ ਨੂੰ ਭੁੱਲ ਕੇ ਦੋਸਤੀ ਦੀ ਭਾਵਨਾ ਨਾਲ ਅੱਗੇ ਵਧਦਿਆਂ ਆਪਣੀ ਤਰੱਕੀ ਯਕੀਨੀ ਬਣਾਉਣ।
ਗੁਰੂ ਨਾਨਕ ਦੇਵ ਜੀ ਦੇ ‘ਪਰਮਾਤਮਾ ਇੱਕ ਹੈ’ ਦੇ ਫ਼ਲਸਫ਼ੇ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਭਵਿੱਖ ਸੁਰੱਖਿਅਤ ਕਰਨ ਅਤੇ ਪੰਜਾਬ ਤੇ ਇਸ ਦੇ ਲੋਕਾਂ ਦੇ ਵਿਕਾਸ ਲਈ ਧਰਮਾਂ-ਜਾਤਾਂ ਦੇ ਵਖ਼ਰੇਵਿਆਂ ਤੋਂ ਉਪਰ ਉੱਠਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਦੂਸ਼ਣ ਅਤੇ ਪਾਣੀ ਦੀ ਘਾਟ ਵਰਗੀਆਂ ਵਿਸ਼ਵ-ਵਿਆਪੀ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਜੋ 550 ਸਾਲ ਪਹਿਲਾਂ ਸੰਕੇਤ ਦਿੱਤਾ ਸੀ, ਉਹ ਹੁਣ ਅਮਲੀ ਰੂਪ ਵਿਚ ਹੋ ਰਿਹਾ ਹੈ। ਗੁਰੂ ਸਾਹਿਬ ਨੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਂਝੇ ਉੱਦਮਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਸੀ।
ਉਨ੍ਹਾਂ ਪਰਵਾਸੀ ਨੂੰ ਅਪੀਲ ਕੀਤੀ ਕੀ ਉਹ ਪਿਛੋਕੜ ਨੂੰ ਯਾਦ ਰੱਖਣ ਅਤੇ ਪੰਜਾਬ ਦੀ ਤਰੱਕੀ ਲਈ ਹਰ ਢੰਗ ਨਾਲ ਯੋਗਦਾਨ ਦੇਣ। ਮੁੱਖ ਮੰਤਰੀ ਨੇ ਬਰਤਾਨੀਆ ਵਿਚਲੇ ਭਾਰਤੀਆਂ ਨੂੰ 5-6 ਦਸੰਬਰ ਨੂੰ ਮੁਹਾਲੀ ਵਿਖੇ ਕਰਵਾਏ ਜਾ ਰਹੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਲਈ ਸੱਦਾ ਦਿੱਤਾ ਤਾਂ ਜੋ ਆਰਥਿਕ ਤਰੱਕੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੂਬੇ ਨੂੰ ਖੇਤੀਬਾੜੀ ਤੋਂ ਉਦਯੋਗਾਂ ਵੱਲ ਲਿਜਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ। ਕਰਤਾਰਪੁਰ ਲਾਂਘੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਿਹਤਰ ਸਬੰਧਾਂ ਦੀ ਸ਼ੁਰੂਆਤ ਦੱਸਦਿਆਂ ਕੈਪਟਨ ਨੇ ਉਮੀਦ ਕੀਤੀ ਕਿ ਇਹ ਕਦਮ ‘ਖੁੱਲ੍ਹੇ ਦਰਸ਼ਨ-ਦੀਦਾਰ’ ਦੀ ਮੰਗ ਕਰਨ ਵਾਲੇ ਭਾਰਤੀਆਂ ਲਈ ਪਾਕਿਸਤਾਨ ਵਿੱਚ ਹੋਰ ਮਹੱਤਵਪੂਰਨ ਧਾਰਮਿਕ ਅਸਥਾਨਾਂ ਵਿਖੇ ਨਤਮਸਤਕ ਹੋਣ ਦਾ ਰਾਹ ਪੱਧਰਾ ਕਰੇਗਾ। ਯਾਦਗਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਯੂ.ਕੇ. ਵਿੱਚ ਵਸਦੇ ਕਈ ਨਾਮਵਰ ਪਰਵਾਸੀ ਭਾਰਤੀਆਂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਯੂ.ਕੇ. ਵਿੱਚ ਭਾਰਤ ਦੇ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਕਿਹਾ ਕਿ ਅਤਿਵਾਦ ਅਤੇ ਫੁੱਟ ਪਾਉਣ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰਸੰਗਿਕਤਾ ਹੈ। ਇਸ ਮੌਕੇ ਬਰਮਿੰਘਮ ਦੇ ਲਾਰਡ ਬਿਸ਼ਪ ਦੇ ਨੁਮਾਇੰਦੇ ਨੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਤਿਕਾਰ ਵਜੋਂ ਤਿਆਰ ਕੀਤੀ ਇੱਕ ਵਿਸ਼ੇਸ਼ ਤਖਤੀ ਵੀ ਭੇਟ ਕੀਤੀ।

Previous articleRajapaksas return to power triggers concern for human rights
Next articleWells’ statement on CPEC as per US foreign policy: Envoy