ਕੈਪਟਨ ਵੱਲੋਂ ਪਾਰਟੀ ਆਗੂਆਂ ਤੇ ਡੀਜੀਪੀ ਨਾਲ ਮੀਟਿੰਗਾਂ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ ਕਾਂਡ ਤੋਂ ਉੱਠੇ ਸਿਆਸੀ ਉਬਾਲ ਨੂੰ ਮੱਠਾ ਕਰਨ ਲਈ ਅੱਜ ਰਣਨੀਤੀ ਘੜੀ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਹੱਲੇ ਨੂੰ ਟੱਕਰ ਦੇਣ ਲਈ ਵਿਉਂਤਬੰਦੀ ਬਣਾਉਣ ਦੇ ਨਾਲ ਨਾਲ ਉਨ੍ਹਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਬਗ਼ਾਵਤੀ ਸੁਰਾਂ ਖ਼ਿਲਾਫ਼ ਵੀ ਪੈਂਤੜਾ ਤਿਆਰ ਕੀਤਾ। ਮੁੱਖ ਮੰਤਰੀ ਨੇ ਅੱਜ ਵੱਖੋ ਵੱਖਰੇ ਤੌਰ ’ਤੇ ਇਸ ਮਾਮਲੇ ਨੂੰ ਲੈ ਕੇ ਮੀਟਿੰਗਾਂ ਕੀਤੀਆਂ। ਉਨ੍ਹਾਂ ਡੀਜੀਪੀ ਦਿਨਕਰ ਗੁਪਤਾ ਨਾਲ ਸ਼ਰਾਬ ਮਾਮਲੇ ’ਤੇ ਮੀਟਿੰਗ ਕੀਤੀ।

ਕੈਪਟਨ ਨੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਜਿਸ ਦੌਰਾਨ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਬਗ਼ਾਵਤੀ ਸੁਰਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਨੇ ਆਸ਼ਾ ਕੁਮਾਰੀ ਤੋਂ ਇਸ ਮਾਮਲੇ ’ਚ ਰਿਪੋਰਟ ਮੰਗੀ ਹੈ। ਉਧਰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਕੈਪਟਨ ਨੂੰ ਮਿਲੇ ਜਿਨ੍ਹਾਂ ਨਾਲ ਮੁੱਖ ਮੰਤਰੀ ਨੇ ਪਾਰਟੀ ਅਤੇ ਸ਼ਰਾਬ ਕਾਂਡ ਦੇ ਮੁੱਦੇ ’ਤੇ ਚਰਚਾ ਕੀਤੀ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਅੱਜ ਉਚੇਚੇ ਤੌਰ ’ਤੇ ਬੁਲਾਇਆ ਅਤੇ ਮਾਝੇ ’ਚ ਸ਼ਰਾਬ ਕਾਂਡ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਬਾਜਵਾ-ਦੂਲੋ ਦਾ ਮਾਮਲਾ ਵੀ ਵਿਚਾਰਿਆ। ਉਨ੍ਹਾਂ ਵਜ਼ੀਰਾਂ ਨੂੰ ਵਿਰੋਧੀਆਂ ’ਤੇ ਜ਼ੋਰਦਾਰ ਹੱਲੇ ਬੋਲਣ ਲਈ ਮੋਰਚੇ ’ਚ ਉੱਤਰਨ ਲਈ ਆਖ ਦਿੱਤਾ ਹੈ।

ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਪੰਜਾਬ ਦੇ ਸ਼ਰਾਬ ਕਾਂਡ ਤੋਂ ਇਲਾਵਾ ਬਾਜਵਾ-ਦੂਲੋ ਦੇ ਮਾਮਲੇ ਨੂੰ ਲੈ ਫ਼ਿਕਰਮੰਦ ਹੈ ਕਿਉਂਕਿ ਮੱਧ ਪ੍ਰਦੇਸ਼ ਮਗਰੋਂ ਰਾਜਸਥਾਨ ਵਿਚ ਪਾਰਟੀ ਵਿਚ ਬਣੇ ਸੰਕਟ ਨੇ ਕਾਂਗਰਸ ਨੂੰ ਵੱਡੀ ਢਾਹ ਲਾਈ ਹੈ।

ਸੂਤਰਾਂ ਨੇ ਕਿਹਾ ਕਿ ਸ਼ਰਾਬ ਕਾਂਡ ਦੀ ਸੂਈ ਦੋ ਸ਼ਰਾਬ ਸਨਅਤਾਂ ਵੱਲ ਘੁੰਮ ਰਹੀ ਹੈ ਜਿਸ ਨੂੰ ਲੈ ਕੇ ਸਰਕਾਰ ਨੂੰ ਅੰਦਰੋਂ ਘਬਰਾਹਟ ਵੀ ਹੈ। ਵਿਰੋਧੀ ਧਿਰਾਂ ਇਸ ਮਾਮਲੇ ’ਤੇ ਕੋਈ ਮੌਕਾ ਖੁੰਝਣ ਨਹੀਂ ਦੇ ਰਹੀਆਂ ਹਨ। ਸ੍ਰੀ ਜਾਖੜ ਨੇ ਅੱਜ ਸ਼ਰਾਬ ਮਾਫ਼ੀਏ ਨੂੰ ਤਕੜੇ ਹੱਥੀਂ ਲੈਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਦਸ ਵਰ੍ਹਿਆਂ ਤੋਂ ਚੱਲਦੇ ਜੰਗਲ ਰਾਜ ਨੂੰ ਖ਼ਤਮ ਕਰ ਕੇ ਕਾਨੂੰਨ ਦਾ ਰਾਜ ਸਥਾਪਤ ਕੀਤਾ ਸੀ ਪ੍ਰੰਤੂ ਸ਼ਰਾਬ ਕਾਂਡ ਨੇ ਇਸ ਦਿਖ ਨੂੰ ਢਾਹ ਲਾਈ ਹੈ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ ਜਿਸ ਨਾਲ ਲੋਕਾਂ ’ਚ ਭਰੋਸੇ ਦੀ ਬਹਾਲੀ ਹੋਈ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਘਟਨਾ ਲਈ ਵਿਭਾਗੀ ਅਧਿਕਾਰੀ ਜ਼ਿੰਮੇਵਾਰ ਹਨ। ਜਿਨ੍ਹਾਂ ਸੀਨੀਅਰ ਅਫ਼ਸਰਾਂ ਨੇ ਡਿਊਟੀ ’ਚ ਕੋਤਾਹੀ ਵਰਤੀ ਹੈ, ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰ ਕੇ ਮਿਸਾਲੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਰਾਬ ਕਾਂਡ ਦੇ ਦੋਸ਼ੀਆਂ ਤੋਂ ਇਲਾਵਾ ਇਸ ਕਾਰੇ ਵਿਚ ਸ਼ਾਮਲ ਹੋਰਾਂ ਨੂੰ ਵੀ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਸ੍ਰੀ ਜਾਖੜ ਨੇ ਕਿਹਾ ਕਿ ਅਜਿਹੇ ਮਾੜੇ ਧੰਦਿਆਂ ਦੀਆਂ ਜੜ੍ਹਾਂ 10-15 ਸਾਲ ਡੂੰਘੀਆਂ ਹਨ ਅਤੇ ਇਸ ਵਿਚ ਸ਼ਾਮਲ ਲੋਕਾਂ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ।

Previous articleਮਨੋਜ ਸਿਨਹਾ ਜੰਮੂ ਕਸ਼ਮੀਰ ਦੇ ਨਵੇਂ ਉਪ ਰਾਜਪਾਲ ਨਿਯੁਕਤ
Next articleਅਹਿਮਦਾਬਾਦ ਦੇ ਕੋਵਿਡ ਹਸਪਤਾਲ ’ਚ ਅੱਗ ਲੱਗੀ, ਅੱਠ ਮੌਤਾਂ