ਕੈਪਟਨ ਵਲੋਂ ਪਰਗਟ ਸਿੰਘ ਨੂੰ ਕਾਰਵਾਈ ਦਾ ਭਰੋਸਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਦੇ ਬਾਗੀ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੂੰ ਵੱਖ-ਵੱਖ ਮੁੱਦਿਆਂ ਦਾ ਹੱਲ ਕਰਨ ਲਈ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਨਾਲ ਮੁਲਕਾਤ ਕੀਤੀ। ਇਸ ਮਗਰੋਂ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਮਸਲਿਆਂ ’ਤੇ ਮੁੱਖ ਮੰਤਰੀ ਨਾਲ ਲਗਭਗ ਪੌਣਾ ਘੰਟਾ ਚਰਚਾ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਕੋਲੋਂ ਬਹੁਤ ਆਸਾਂ ਸਨ ਪਰ ਉਸ ਦਿਸ਼ਾ ਵਿਚ ਕੁਝ ਨਹੀਂ ਹੋ ਰਿਹਾ, ਜਿਸ ਕਰਕੇ ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਮੁੱਦੇ ’ਤੇ ਐੱਸਟੀਐੱਫ ਮੁਖੀ ਦੀ ਰਿਪੋਰਟ ਅਤੇ ਇਕ ਹੋਰ ਪੁਲੀਸ ਅਧਿਕਾਰੀ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਬੰਦ ਲਿਫਾਫੇ ਵਿੱਚ ਪਈ ਹੈ। ਇਸ ਮਾਮਲੇ ਵਿਚ ਦੋਵਾਂ ਧਿਰਾਂ ਦੇ ਵਕੀਲ ਆਪਸੀ ਸਹਿਮਤੀ ਨਾਲ ਤਰੀਕਾਂ ਲੈ ਰਹੇ ਹਨ, ਅਜਿਹੀ ਸਥਿਤੀ ਵਿਚ ਕੀ ਇਨਸਾਫ ਹੋਵੇਗਾ? ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਫੌਰੀ ਲੋੜ ਹੈ। ਇਹੀ ਹਾਲਾਤ ਹੋਰ ਮਾਮਲਿਆਂ ’ਤੇ ਬਣੇ ਹੋਏ ਹਨ। ਸ਼ਰਾਬ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਅਤੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਪੁਲੀਸ ਅਧਿਕਾਰੀਆਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ। ਸਿੰਜਾਈ ਵਿਭਾਗ ਵਿਚ ਪਿਛਲੀ ਅਕਾਲੀ ਸਰਕਾਰ ਸਮੇਂ ਹੋਏ ਵੱਡੇ ਘੁਟਾਲੇ ਵਿਚ ਸ਼ਾਮਲ ਅਧਿਕਾਰੀਆਂ ਅਤੇ ਹੋਰ ਤੋਂ ਪੁੱਛ-ਪੜਤਾਲ ਨਹੀਂ ਕੀਤੀ ਗਈ ਹੈ। ਵਿਜੀਲੈਂਸ ਨੇ ਮਾਮਲੇ ਅੱਗੇ ਨਹੀਂ ਤੋਰੇ ਅਤੇ ਹਰ ਪਾਸੇ ਇਹੀ ਸਵਾਲ ਕੀਤਾ ਜਾ ਰਿਹਾ ਹੈ ਕਿ ਇਕੱਲਾ ਵਿਅਕਤੀ ਸਿੰਜਾਈ ਵਿਭਾਗ ਵਿਚ 1200 ਕਰੋੜ ਰੁਪਏ ਦਾ ਘਪਲਾ ਕਰ ਗਿਆ, ਕਿਸੇ ਹੋਰ ਦਾ ਕੋਈ ਕਸੂਰ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਘਪਲੇ ਦੇ ਮੁਲਜ਼ਮ ਕੋਲੋਂ ਪੁੱਛ-ਪੜਤਾਲ ਕਰਨੀ ਚਾਹੀਦੀ ਸੀ। ਟਰਾਂਸਪੋਰਟ ਮਾਫੀਏ ਦੇ ਮਾਮਲੇ ਵਿਚ ਵੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹਨ। ਇਸ ਲਈ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ।

Previous articleਮੋਦੀ ਨੇ ‘ਹੁਨਰ ਹਾਟ’ ’ਤੇ ‘ਲਿੱਟੀ-ਚੋਖਾ’ ਦਾ ਆਨੰਦ ਮਾਣਿਆ
Next articleਸ਼ਾਹੀਨ ਬਾਗ਼: ਧਰਨਾਕਾਰੀਆਂ ਨੂੰ ਮਿਲੇ ਵਾਰਤਾਕਾਰ