ਕੈਪਟਨ ਨੇ ਜੀਐੱਸਟੀ ਦਾ ਬਕਾਇਆ ਤੇ ਹੋਰ ਮਦਦ ਮੰਗੀ

ਚੰਡੀਗੜ੍ਹ  (ਸਮਾਜਵੀਕਲੀ) : ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਜੀਐੱਸਟੀ ਬਕਾਏ ਦੀ ਅਦਾਇਗੀ ਤੁਰੰਤ ਕਰਨ ਅਤੇ ਹੋਰ ਲਟਕਦੇ ਮਾਮਲਿਆਂ ਦੇ ਹੱਲ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸੇ ਤਰ੍ਹਾਂ ਦਾ ਪੱਤਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਗੰਭੀਰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਇਸ ਚੁਣੌਤੀ ਦਾ ਸਾਹਮਣਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਸਿਹਤ ਮੰਤਰਾਲੇ ਅਤੇ ਮੁੱਖ ਸਕੱਤਰ ਰਾਹੀਂ ਕੈਬਨਿਟ ਸਕੱਤਰ ਨਾਲ ਲਗਾਤਾਰ ਮਿਲ ਕੇ ਕੰਮ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਨਾਲ ਲੜਨ ਲਈ ਵੱਡੇ ਸਰੋਤਾਂ ਦੀ ਲੋੜ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਜੀਐੱਸਟੀ ਬਕਾਇਆ 6752.83 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਐਫ.ਆਰ.ਬੀ.ਐਮ. ਐਕਟ ਤਹਿਤ ਉਧਾਰ ਲੈਣ ਦੀ ਸੀਮਾ ਤਿੰਨ ਫੀਸਦੀ ਤੋਂ ਵਧਾ ਕੇ ਚਾਰ ਫੀਸਦੀ ਕਰਨ, ਵਪਾਰਕ ਬੈਂਕਾਂ ਵੱਲੋਂ ਉਦਯੋਗਿਕ ਕਰਜ਼ੇ ਮੁਲਤਵੀ ਕਰਨ ਅਤੇ ਵਪਾਰਕ ਬੈਂਕਾਂ ਵੱਲੋਂ ਖੇਤੀਬਾੜੀ, ਫ਼ਸਲੀ ਕਰਜ਼ੇ ਮੁਲਤਵੀ ਕਰਨ ਅਤੇ ਇਸ ਉਪਰ ਤਿੰਨ ਮਹੀਨੇ ਵਿਆਜ ਦੀ ਛੋਟ ਦੇਣ ਦੀ ਮੰਗ ਕੀਤੀ ਹੈ।

ਉਨ੍ਹਾਂ 14ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਵਰਤਣ ਦੀ ਇਜਾਜ਼ਤ ਦੇਣ ਦੇ ਨਾਲ-ਨਾਲ ਸੀ.ਐੱਸ.ਐੱਸ. ਅਧੀਨ 25 ਫੀਸਦੀ ਫਲੈਕਸੀ ਫੰਡ ਵਰਤਣ ਅਤੇ ਇਸ ਨੂੰ 50 ਫੀਸਦੀ ਤੱਕ ਵਧਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਪੁਲੀਸ ਮੁਲਾਜ਼ਮਾਂ ਅਤੇ ਸਫ਼ਾਈ ਕਾਮਿਆਂ ਦੇ ਬੀਮੇ ਲਈ ਸੂਬੇ ਦੀ ਮੰਗ ਨੂੰ ਦੁਹਰਾਇਆ।

ਮਗਨਰੇਗਾ ਤਹਿਤ ਤਿੰਨ ਮਹੀਨਿਆਂ ਲਈ ਪ੍ਰਤੀ ਮਹੀਨਾ 15 ਦਿਨ ਦਾ ਬੇਰੁਜ਼ਗਾਰੀ ਭੱਤਾ ਦੇਣ, ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਕਿਰਤ ਦੇ ਖਰਚਿਆਂ ਦੀ ਅਦਾਇਗੀ ਲਈ ਮਗਨਰੇਗਾ ਤਹਿਤ 10 ਦਿਨਾਂ ਦਾ ਭੱਤਾ ਦੇਣ ਦੀ ਵੀ ਮੰਗ ਕੈਪਟਨ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਣਕ ਦੀ ਦੇਰੀ ਨਾਲ ਖ਼ਰੀਦ ਲਈ ਕਿਸਾਨਾਂ ਨੂੰ ਬੋਨਸ ਦੇ ਰੂਪ ਵਿੱਚ ਮੁਆਵਜ਼ੇ ਦਾ ਫੌਰੀ ਐਲਾਨ ਕਰੇ।

Previous articleਬਰਤਾਨਵੀ ਪ੍ਰਧਾਨ ਮੰਤਰੀ ਕਰੋਨਾ ਕਾਰਨ ਹਸਪਤਾਲ ਦਾਖ਼ਲ
Next articleਚੀਨ ’ਚ ਕਰੋਨਾ ਮਹਾਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ