ਕੈਨੇਡੀਅਨ ਲੋਕਾਂ ਨੇ ਘੱਟ ਗਿਣਤੀ ਸਰਕਾਰ ਲਈ ਫਤਵਾ ਦਿਤਾ

ਦਰਬਾਰਾ ਸਿੰਘ ਕਾਹਲੋਂ

– ਦਰਬਾਰਾ ਸਿੰਘ ਕਾਹਲੋਂ

ਕੈਨੇਡਾ ਵਰਗੇ ਵਿਸ਼ਵ ਦੇ ਅਮੀਰ ਅਤੇ ਵਿਕਸਤ ਦੇਸ਼ ਦੇ ਲੋਕਾਂ ਵਲੋਂ 21 ਅਕਤੂਬਰ, 2019 ਨੂੰ 43ਵੀਆਂ ਫੈਡਰਲ ਪਾਰਲੀਮੈਂਟਰੀ ਚੋਣਾਂ ਲਈ ਦਿਤੇ ਫ਼ਤਵੇ ਸੰਬੰਧੀ ਵਿਖਾਈ ਸੂਝਬੂਝ ਤੇ ਕਿਸੇ ਵੀ ਤਰ੍ਹਾਂ ਦਾ ਕਿੰਤੂ-ਪ੍ਰੰਤੂ ਕਰਨਾ ਵੱਡੀ ਬੇਵਕੂਫੀ ਹੋਵੇਗੀ। ਲੋਕਾਂ ਨੇ ਆਪਣੇ ਭਵਿੱਖ ਲਈ ਲੱਖ ਚੁਣੌਤੀਆਂ ਸਨਮੁੱਖ ਉਸੇ ਤਰ੍ਹਾਂ ਦੀ ਸਰਕਾਰ ਚੁਣੀ ਹੈ ਜਿਸ ਤਰ੍ਹਾਂ ਦੀ ਉਹ ਚਾਹੁੰਦੇ ਹਨ। ਵੇਖੋ! ਜਿੱਥੇ ਉਨ੍ਹਾਂ ਨੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਹਾਰ ਦਿਤੀ ਉੱਥੇ ਉਸ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਘੱਟ-ਗਿਣਤੀ ਸਰਕਾਰ ਦੇ ਹੱਕ ਵਿਚ ਫ਼ਤਵਾ ਦਿਤਾ। ਮੁੱਖ ਵਿਰੋਧੀ ਧਿਰ ਪ੍ਰਾਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਜਿੱਥੇ ਮਜ਼ਬੂਤ ਕੀਤਾ ਉੱਥੇ ਉਸ ਨੂੰ ਸੱਤਾ ਤੋਂ ਦੂਰ ਹਵਾ ਵਿਚ ਲਟਕਾ ਕੇ ਰੱਖ ਦਿਤਾ।

ਘੱਟ-ਗਿਣਤੀ ਸਰਕਾਰ ਕੈਨੇਡਾ ਅੰਦਰ ਕੋਈ ਨਵੀਂ ਗੱਲ ਨਹੀਂ ਪਹਿਲਾਂ ਵੀ ਐਸੀਆਂ ਸਰਕਾਰਾਂ ਦੇ ਸਫਲ ਤਜ਼ਰਬੇ ਵੇਖਣ ਨੂੰ ਮਿਲੇ ਹਨ। ਸੰਨ 2015 ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਬਹੁਮਤ ਲਿਬਰਲ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਸੰਨ 2004 ਤੋਂ 2011 ਤਕ ਘੱਟ ਗਿਣਤੀ ਸਰਕਾਰਾਂ ਦਾ ਦੌਰ ਵੇਖਣ ਨੂੰ ਮਿਲਿਆ ਸੀ।

ਸੰਨ 2015 ਦੀਆਂ 42ਵੀਆਂ ਫੈਡਰਲ ਪਾਰਲੀਮੈਂਟਰੀ ਚੋਣਾਂ ਵਿਚ 39.47 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਕੇ ਲਿਬਰਲ ਪਾਰਟੀ ਨੇ ਜਸਟਿਨ ਟਰੂਡੋ ਦੀ ਅਗਵਾਈ ਵਿਚ 338 ਮੈਂਬਰੀ ਹਾਊਸ ਆਫ ਕਾਮਨਜ਼ ਲਈ 184 ਸੀਟਾਂ ਜਿੱਤਦਿਆਂ ਸਟੀਫਨ ਹਾਰਪਰ ਦੀ ਪ੍ਰਾਗ੍ਰੈਸਿਵ ਕੰਜ਼ਰਵੇਟਿਵ ਪਾਰਟੀ ਸਰਕਾਰ ਨੂੰ ਸਭਾ ਵਿਚੋਂ ਬਾਹਰ ਵਗਾਹ ਮਾਰਿਆ ਸੀ, ਜਿਸ ਨੇ ਸਿਰਫ 31.9 ਪ੍ਰਤੀਸ਼ਤ ਵੋਟਾਂ ਹਾਸਿਲ ਕਰਦੇ 99 ਸੀਟਾਂ ਜਿੱਤੀਆਂ ਸਨ। ਨਿਊ ਡੈਮੋ¬ਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਨੇ 19.73 ਪ੍ਰਤੀਸ਼ਤ ਵੋਟਾਂ ਲੈ ਕੇ ਆਗੂ ਟਾਮ ਮੁਲਕੇਅਰ ਦੀ ਅਗਵਾਈ ਵਿਚ 44 ਸੀਟਾਂ ’ਤੇ ਜਿੱਤ ਹਾਸਿਲ ਕੀਤੀ। ਫਰੈਂਚ ਭਾਸ਼ਾਈ ਰਾਜ ਕਿਊਬੈਕ ਦੀ ਖੇਤਰੀ ਪਾਰਟੀ ਨੇ 10 ਸੀਟਾਂ 4.7 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਕੇ ਗਿਲਮ ਡੂਸੱਪੇ ਦੀ ਅਗਵਾਈ ਵਿਚ ਪ੍ਰਾਪਤ ਕੀਤੀਆਂ ਸਨ। ਅਲੈਜਬੈਥ ਮੇਅ ਦੀ ਅਗਵਾਈ ਵਿਚ 3.5 ਪ੍ਰਤੀਸ਼ਤ ਵੋਟਾਂ ਲੈ ਕੇ ਗਰੀਨ ਪਾਰਟੀ ਇਕ ਸੀਟ ਤੇ ਜਿੱਤੀ ਸੀ ਜਦ ਬਾਕੀ ਸੀਟਾਂ ’ਤੇ ਅਜ਼ਾਦ ਜਾਂ ਹੋਰ ਕਾਬਜ਼ ਰਹੇ। ਸੰਨ 2019 ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਹਾਊਸ ਆਫ ਕਾਮਨਜ਼ ਵਿਚ ਪਾਰਟੀ ਪੁਜ਼ੀਸ਼ਨ ਕੁਝ ਇੰਜ ਸੀ: ਲਿਬਰਲ 177, ਕੰਜ਼ਰਵੇਟਿਵ 95, ਐੱਨ.ਡੀ.ਪੀ. 39, ਕਿਊਬੈਕ ਬਲਾਕ 10, ਗਰੀਨ ਪਾਰਟੀ 2, ਪੀਪਲਜ਼ ਪਾਰਟੀ ਆਫ ਕੈਨੇਡਾ ਇਕ, ਅਜ਼ਾਦ 9, ਖਾਲੀ ਪੰਜ।

ਹੁਣ 21 ਅਕਤੂਬਰ ਦੇ ਫਤਵੇ ਅਨੁਸਾਰ ਪਾਰਟੀ ਪੁਜ਼ੀਸ਼ਨ ਕੁਝ ਇਵੇਂ ਹੈ :

ਲਿਬਰਲ        ਕੰਜ਼ਰਵੇਟਿਵ        ਬਲਾਕ ਕਿਊਬੈਕ          ਐੱਨ.ਡੀ.ਪੀ.     ਗਰੀਨ        ਅਜ਼ਾਦ     ਪੀਪੀਸੀ
157                121                     32                     24                3                  1           0
-20                +26                   +22                    -15             +1                 -8          -1
33.6              34.4%                7.7%                 15.92%       6.49%          0.8%     1.64%

ਕਜ਼ਰਵੇਟਿਵ ਪਾਰਟੀ ਦੀ ਕਿੰਨੀ ਬਦਕਿਸਮਤੀ ਹੈ ਕਿ ਉਹ ਘੱਟ ਗਿਣਤੀ ਸਰਕਾਰ ਗਠਨ ਕਰਨ ਵਾਲੀ ਲਿਬਰਲ ਪਾਰਟੀ ਨਾਲੋਂ ਵੱਧ ਵੋਟਾਂ ਹਾਸਿਲ ਕਰਨ ਦੇ ਬਾਵਜੂਦ ਘੱਟ ਸੀਟਾਂ ਪ੍ਰਾਪਤ ਕਰ ਸਕੀ ਹੈ। ਦਰਅਸਲ ਉਸ ਦਾ ਆਗੂ ਐਂਡਰੀਊ ਸ਼ੀਰ ਕ੍ਰਿਸ਼ਮਾਕਾਰੀ ਆਗੂ ਨਾ ਹੋਣ ਕਰਕੇ ਕੋਈ ਦਮ ਖ਼ਮ ਨਹੀਂ ਵਿਖਾ ਸਕਿਆ। ਆਪਣੀ ਵਿਦਿਅਕ ਯੋਗਤਾ ਅਤੇ ਅਮਰੀਕਾ ਦੀ ਵੀ ਕੈਨੇਡਾ ਦੇ ਨਾਲ ਨਾਲ ਸਿਟੀਜ਼ਨਸ਼ਿਪ ਹੋਣ ਕਰਕੇ ਕੈਨੇਡੀਅਨ ਸਮਾਜ ਨੇ ਚੰਗਾ ਨਹੀਂ ਸਮਝਿਆ। ਉਸ ਵੱਲੋਂ ਕਾਰਬਨ ਗੈਸ ਖ਼ਤਮ ਕਰਨ ਨੂੰ ਕਿਸੇ ਨੇ ਨਾ ਗੌਲਿਆ ਭਾਵੇਂ ਇਸ ਰਾਹੀਂ ਉਸਨੇ 159 ਮਿਲੀਅਨ ਡਾਲਰ ਦੀ ਬਚਤ ਦਾ ਦਾਅਵਾ ਕੀਤਾ। ਕਿਊਬੈਕ ਵਿਚ ਉਸ ਕੋਲ ਕਿਊਬੈਕ ਬਲਾਕ ਦੀ ਵੱਧਦੀ ਲੋਕਪਿ੍ਰਯਤਾ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਪਾਸ ਕੀਤੇ ਧਰਮ ਨਿਰਪੱਖਤਾ ਸੰਬੰਧੀ ਬਿਲ-21 ਵਿਰੁਧ ਬੋਲਣ ਲਈ ਕੋਈ ਤਰਕ ਨਹੀਂ ਸੀ। ਲਿਬਰਲ ਆਗੂ ਜਸਟਿਨ ਟਰੂਡੋ ਵੱਲੋਂ ਲੋਕਾਂ ਨੂੰ ‘ਕਿਫਾਇਤੀ ਜੀਵਨ’ ਦੇਣ ਦਾ ਵੀ ਉਹ ਕੋਈ ਤੋੜ ਪੇਸ਼ ਕਰਨ ਵਿਚ ਨਾਕਾਮ ਰਿਹਾ। ਉਸਦੀਆਂ ਫੈਡਰਲ ਸਰਕਾਰ ਦਾ ਰੋਲ ਘਟਾਉਣ ਦੀਆਂ ਨੀਤੀਆ ਨੂੰ ਵੀ ਲੋਕਾਂ ਪਸੰਦ ਨਾ ਕੀਤਾ। ਉਸ ਨੇ ਬਹੁਮੱਤ ਪ੍ਰਾਪਤ ਕਰਕੇ ਦੇਸ਼ ਨੂੰ ਵਧੀਆ ਕੰਜ਼ਰਵੇਟਿਵ ਸਰਕਾਰ ਗਠਤ ਕਰਨ ਦਾ ਇਕ ਸੁਨਹਿਰੀ ਮੌਕਾ ਗੁਆ ਦਿਤਾ।

ਕਿਊਬੈਕ ਬਲਾਕ ਫਰਾਂਸੀਸੀ ਭਾਸ਼ਾਈ ਕਿਊਬੈਕ ਵਿਚ ਸੱਤਾ ਵਿਚ ਹੈ। ਅਕਸਰ ਫੈਡਰਲ ਚੋਣਾਂ ਸਮੇਂ ਲੋਕ ਸਥਾਨਿਕ ਜਾਂ ਖੇਤਰੀ ਪਾਰਟੀਆਂ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੰਦੇ ਪਰ ਇਸ ਵਾਰ ਇਸ ਪਾਰਟੀ ਨੇ ਆਪਣੇ ਆਗੂ ਫਰਾਂਕੋਈ ਬਲਾਚੇ ਦੀ ਅਗਵਾਈ ਵਿਚ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਇਸ ਕਦਰ ਨਵਾਂ ਦਿਲਚਸਪ ਰੂਪ ਦਿਤਾ ਕਿ ਰਾਜ ਦੇ ਲੋਕਾਂ ਦਾ ਵੱਡਾ ਸਮਰਥਨ ਹਾਸਿਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਉਸ ਵੱਲੋਂ ਪਾਰਟੀ ਅੰਦਰ ਖਾਨਾਜੰਗੀ ਖ਼ਤਮ ਕਰਨਾ, ਪਾਰਟੀ ਆਗੂਆਂ ਦੇ ਡਿਬੇਟ ਸਮੇਂ ਪਾਰਟੀ ਅਤੇ ਇਸ ਦੀਆ ਨੀਤੀਆਂ ਦਾ ਪੱਖ ਦਲੇਰਾਨਾ ਢੰਗ ਨਾਲ ਰਖਣਾ, ਅਬਾਰਸ਼ਨ ਬਾਰੇ ਆਪਣੇ ਨਿੱਜੀ ਵਿਚਾਰ ਅਲੱਗ ਰੱਖਣਾ, ਧਰਮ ਨਿਰਪੱਖ ਬਿਲ-21 ਦਾ ਦਲੇਰੀ ਨਾਲ ਬਚਾਅ ਕਰਨਾ ਅਤੇ ਲਿਬਰਲ-ਕੰਜ਼ਰਵੇਟਿਵ ਟਕਰਾਅ ਦਾ ਲਾਭ ਉਠਾਉਣਾ ਆਦਿ ਕਰਕੇ ਕਿਊਬੈਕ ਬਲਾਕ 10 ਤੋਂ ਵਧ ਕੇ 32 ਸੀਟਾਂ ਲੈਣ ਵਿਚ ਸਫਲ ਹੋਇਆ। ਆਪਣੀ ਪਾਰਟੀ ਨੂੰ ਇਵੇਂ ਰਾਸ਼ਟਰੀ ਪਾਰਟੀ ਵਲੋਂ ਚੋਣ ਕਮਿਸ਼ਨ ਕੋਲ ਦਰਜ ਕਰਵਾਉਣ ਵਿਚ ਸਫਲ ਰਿਹਾ। ਕੈਨੇਡਾ ਦੇ ਸੰਵਿਧਾਨ ਅਨੁਸਾਰ ਹਾਊਸ ਆਫ ਕਾਮਨਜ਼ ਵਿਚ 12 ਸੀਟਾਂ ਹਾਸਿਲ ਕਰਨ ਵਾਲੀ ਪਾਰਟੀ ਹੀ ਇਹ ਦਰਜਾ ਪ੍ਰਾਪਤ ਕਰ ਸਕਦੀ ਹੈ।

ਐੱਨ.ਡੀ.ਪੀ. ਨੂੰ ਮੁੜ੍ਹ ਪਾਰਲੀਮੈਂਟ ਵਿਚ ਤੀਸਰੇ ਨੰਬਰ ਦੀ ਪਾਰਟੀ ਕਾਇਮ ਰਖਣ ਵਿਚ ਆਪਣੇ ਨਿੱਜੀ ਕ੍ਰਿਸ਼ਮੇ ਅਤੇ ਮਜ਼ਬੂਤ ਲੀਡਰਸ਼ਿਪ ਦੇ ਬਾਵਜੂਦ ਜਗਮੀਤ ਸਿੰਘ ਨਾਕਾਮ ਰਿਹਾ। ਕਿਊਬੈਕ ਵਿਚ ਪਿਛਲੀਆਂ ਚੋਣਾਂ ਵਿਚ ਜਿੱਤੀਆਂ 14 ਵਿਚੋਂ ਸਿਰਫ ਇਕ ਹੀ ਜਿੱਤ ਸਕਿਆ। ਆਪਣੇ ਪਿੱਤਰੀ ਓਂਟਾਰੀਓ ਸੂਬੇ ਵਿਚ ਵੀ ਕੋਈ ਕ੍ਰਿਸ਼ਮਾ ਨਾ ਵਿਖਾ ਸਕਿਆ। ਫਿਰ ਵੀ ਉਸ ਦੀ ਅਗਵਾਈ ਵਿਚ ਪਾਰਟੀ ਵੱਲੋਂ ਪਾਰਲੀਮੈਂਟ ਵਿਚ 24 ਸੀਟਾਂ ਜਿੱਤਣ ਕਰਕੇ ਨਵੀਂ ਜਸਟਿਨ ਟਰੂਡੋ ਦੀ ਘੱਟ ਗਿਣਤੀ ਲਿਬਰਲ ਸਰਕਾਰ ਦਾ ਸਟੇਰਿੰਗ ਉਸ ਦੇ ਹੱਥ ਵਿਚ ਹੋਵੇਗਾ। ਚੋਣ ਮੁਹਿੰਮ ਦੌਰਾਨ ਉਸ ਨੇ ਐਲਾਨ ਕੀਤਾ ਸੀ ਕਿ ਉਹ ਕੰਜ਼ਰਵੇਟਿਵਾਂ ਦਾ ਸਾਥ ਨਹੀਂ ਦੇਵੇਗਾ ਜੇਕਰ ਚੋਣਾਂ ਬਾਅਦ ਕਿਸੇ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ।

ਲਿਬਰਲ ਪਾਰਟੀ ਅਤੇ ਇਸ ਦਾ ਆਗੂ ਜਸਟਿਨ ਟਰੂਡੋ ਵਿਰੋਧੀ ਧਿਰ ਦੇ ਮੁੱਖ ਨਿਸ਼ਾਨਾ ਹੋਣ, ਉਨ੍ਹਾਂ ਦੀ ਸਰਕਾਰ ਤੇ ਆਗਾ ਖਾਂ, ਐਸ.ਐਨ.ਸੀ.-ਲਾਵਾਲਿਨ ਸਕੈਮਾਂ ਦੇ ਦੋਸ਼ ਲਗਣ, 20 ਸਾਲ ਪਹਿਲਾਂ ਉਸ ਵਲੋਂ ਕਾਲਾ ਨਕਾਬ ਪਹਿਨਣ, ਚੇਹਰਾ ਕਾਲਾ ਕਰਨ, ਫੈਡਰਲ ਬਜਟ ਵਾਅਦੇ ਮੁਤਾਬਿਕ ਸੰਤੁਲਿਤ ਨਾ ਕਰ ਸਕਣ, ਉਸ ਨੂੰ ਝੂਠਾ ਅਤੇ ਜਾਅਲੀ ਆਗੂ ਪ੍ਰਚਾਰਨ ਦੇ ਬਾਵਜੂਦ ਉਸ ਦੇਸ਼ ਅੰਦਰ ਹਰਮਨ ਪਿਆਰੇ ਅਤੇ ਅਗਲੀ ਘੱਟ ਗਿਣਤੀ ਸਰਕਾਰ ਦੀ ਅਗਵਾਈ ਦੇ ਕਾਬਲ ਆਗੂ ਵਜੋਂ ਆਪਣੇ ਅਕਸ ਕਾਇਮ ਰਖਣ ਵਿਚ ਸਫਲ ਰਿਹਾ।

ਕੈਨੇਡਾ ਅੰਦਰ ਘੱਟ ਗਿਣਤੀ ਸਫਲ ਸਰਕਾਰਾਂ ਦੀ ਪ੍ਰੰਪਰਾ ਪੁਰਾਣੀ ਹੈ। ਸੰਨ 1957 ਵਿਚ ਪਹਿਲੀ ਜਾਹਨ ਡਾਈਫੈਨਮੇਕਰ ਦੀ ਕੰਜ਼ਰਵੇਟਿਵ ਘੱਟ ਗਿਣਤੀ ਸਰਕਾਰ ਚੁਣੀ ਗਈ ਸੀ ਜੋ ਸੰਨ 1958 ਵਿਚ ਮੁੜ੍ਹ ਚੋਣਾਂ ਸਮੇਂ ਬਹੁਮੱਤ ਲੈਣ ਵਿਚ ਸਫਲ ਰਹੀ ਸੀ। ਦੂਸਰੀ ਘੱਟ ਗਿਣਤੀ ਸਰਕਾਰ ਇਕ ਸਾਲ ਕਾਇਮ ਰਹੀ। ਉਸ ਤੋਂ ਬਾਅਦ ਲਿਬਰਲ ਪਾਰਟੀ ਨੇ ਲੈਸਟਰ ਪੀਅਰਸਨ ਦੀ ਅਗਵਾਈ ਵਿਚ ਘੱਟ ਗਿਣਤੀ ਸਰਕਾਰ ਗਠਤ ਕੀਤੀ। ਲੈਂਸਟਰ ਪੀਅਰਸਨ ਬਹੁਤ ਸਫਲ ਪ੍ਰਧਾਨ ਮੰਤਰੀ ਸਾਬਤ ਹੋਏ। ਆਪਣੇ ਸਾਸ਼ਨ ਦੌਰਾਨ ਉਨ੍ਹਾਂ ਯੂਨੀਵਰਸਲ ਹੈਲਥ ਕੇਅਰ, ਕੈਨੇਡੀਅਨ ਪੈਨਸ਼ਨ ਯੋਜਨਾ, ਮੌਤ ਦੀ ਸਜ਼ਾ ਖ਼ਤਮ ਕਰਨਾ, ਕੈਨੇਡਾ ਦਾ ਨਵਾਂ ਝੰਡਾ ਕਾਇਮ ਕਰਨਾ ਅਤੇ ਇਕਜੁੱਟ ਫੌਜ ਸਿਸਟਮ (ਜੋ ਭਾਰਤ ਨੇ ਹੁਣ ਅਪਣਾਇਆ) ਲਾਗੂ ਕੀਤੇ। ਏਨੇ ਵੱਡੇ ਇਤਿਹਾਸਿਕ ਫੈਸਲੇ ਉਨ੍ਹਾ ਆਪਣੀ ਘੱਟ ਗਿਣਤੀ ਸਰਕਾਰ ਦੇ ਬਾਵਜੂਦ ਕੀਤੇ ਜੋ ਇਕ ਹੈਰਾਨਕੁੰਨ ਮਿਸਾਲ ਹਨ।

ਕੀ ਜਸਟਿਨ ਟਰੂਡੋ ਐਸੀ ਡਿਪਲੋਮੇਸੀ, ਦੂਰਅੰਦੇਸ਼, ਸਭ ਨੂੰ ਨਾਲ ਲੈ ਕੇ ਚਲਣ ਦੀ ਪ੍ਰਤਿਭਾ ਦਾ ਮੁਜ਼ਾਹਿਰਾ ਕਰ ਸਕਣਗੇ ਇਹ ਤਾਂ ਸਮਾਂ ਦਸੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਪਿਅਰੇ ਟਰੂਡੋ ਨੇ ਸਫਲਤਾਪੂਰਵਕ ਘੱਟ ਗਿਣਤੀ ਸਰਕਾਰ ਦੋ ਸਾਲ ਚਲਾਈ ਸੀ ਅਤੇ ਫਿਰ 1974 ਵਿਚ ਬਹੁਮੱਤ ਪ੍ਰਾਪਤ ਕਰਕੇ ਸਰਕਾਰ ਗਠਤ ਕੀਤੀ ਸੀ।

ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨਿਸ਼ਚਿਤ ਤੌਰ ’ਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਵੱਡੀ ਚੁਣੌਤੀ ਅਜ ਕੈਨੇਡਾ ਨੂੰ ਇਕ ਜੁੱਟ ਰਖਣ ਦੀ ਹੈ। ਸਥਿਤੀ ਸੰਨ 1867 ਵਿਚ ਦੇਸ਼ ਅੰਦਰ ਬਿ੍ਰਟਿਸ਼ ਬਸਤੀਵਾਦ ਉਪਰੰਤ ਲੋਕਤੰਤਰ ਸਥਾਪਿਤ ਕਰਨ ਵੇਲੇ ਵਰਗੀ ਜਿਉਂ ਦੀ ਤਿਉਂ ਹੈ। ਕਿਊਬੈਕ, ਅਲਬਰਟਾ, ਸਸਕੈਚਵਿਨ ਆਦਿ ਰਾਜਾਂ ਅੰਦਰ ਵੱਖਵਾਦੀ ਅਨਸਰ ਉੱਭਰ ਰਹੇ ਹਨ। ਅੰਦਰੂਨੀ ਵਪਾਰ ਅੰਦਰ ਅਜੇ ਤਕ ਕੋਈ ਫੈਡਰਲ ਨੀਤੀ ਨਹੀਂ ਬਣਾਈ ਜਾ ਸਕੀ। ਪੂਰੇ ਦੇਸ਼ ਅੰਦਰ ਟਰਾਂਸਪੋਰਟ ਢਾਂਚਾ ਤਿਆਰ ਨਹੀਂ ਕੀਤਾ ਜਾ ਸਕਿਆ। ਵਾਤਾਵਰਨ ਪ੍ਰਦੂਸ਼ਿਤ ਕਰਨ ਨੂੰ ਲੈ ਕੇ ਵੱਖ-ਵੱਖ ਰਾਜ ਇਕ ਦੂਸਰੇ ਵਿਰੁੱਧ ਤਲਵਾਰਾਂ ਸੂਤੀ ਬੈਠੇ ਹਨ। ਸੰਨ 1980 ਦੇ ਸੰਵਿਧਾਨ ਵਿਚ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੀਆਂ ਤਰੁੱਟੀਆਂ ਦੂਰ ਕਰਨ ਵਾਲੀਆਂ ਹਨ। ਆਰਥਿਕ ਨਾ ਬਰਾਬਰੀ ਦਾ ਕੋਹੜ ਨਿਰੰਤਰ ਕਾਇਮ ਹੈ। ਸੈਨੇਟ ਬਹੁਤ ਕਮਜ਼ੋਰ ਸਦਨ ਹੈ ਇਸ ਨੂੰ ਮਜਬੂਤ ਬਣਾਉਣ ਦੀ ਲੋੜ ਹੈ। ਫੈਡਰਲ ਸਿਸਟਮ ਦੀ ਮਜ਼ਬੂਤੀ ਸਾਰੇ ਰਾਜਾਂ ਦੇ ਪ੍ਰੀਮੀਅਰਾਂ ਦੀ ਮੀਟਿੰਗ ਦੀ ਮੰਗ ਕਰਦੀ ਹੈ। ਕੈਨੇਡਾ ਦੇ ਮੂਲ ਨਿਵਾਸੀ ‘ਅਬਾਰਿਜਨਲ’ ਲੋਕਾਂ ਦੇ ਸਭਿਆਚਾਰ, ਭਾਸ਼ਾਵਾਂ, ਰੋਜ਼ਗਾਰ, ਸਿਹਤ, ਸਿੱਖਿਆ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਦੇਸ਼ ਦੇ ਮੱਧ ਵਰਗ ਨੂੰ ਟੈਕਸਾਂ ਦੇ ਲੱਕ ਤੋੜਵੇਂ ਭਾਰ ਤੋਂ ਮੁੱਕਤ ਕਰਨਾ ਅਤਿ ਜ਼ਰੂਰੀ ਹੈ। ਲੇਕਿਨ ਬਹੁਤ ਕਠਿਨ ਹੈ ਡਗਰ ਪਨਘੱਟ ਕੀ।

ਕੈਨੇਡਾ ਅੰਦਰ ਪੰਜਾਬੀਆਂ ਅਤੇ ਉਨ੍ਹਾਂ ਦੇ ਹਮਦਰਦਾਂ ਨੂੰ ਇਸ ਵਾਰ ਆਸ ਸੀ ਕਿ ਉਹ ਦੋ ਦਰਜਨ ਦਾ ਅੰਕੜਾ ਪਾਰ ਕਰਨਗੇ। ਪਰ ਆਪਸ ਵਿਚ ਖਹਿਣ, ਵੱਖ-ਵੱਖ ਦਲਾਂ ਵਿਚ ਵੱਡੇ ਹੋਣ, ਪੰਜਾਬੀ ਪ੍ਰਵਾਸੀ ਪਾੜਿਆਂ ਵੱਲੋਂ ਖਰੂਦ ਮਚਾਉਣ, ਨੌਜਵਾਨਾਂ ਵੱਲੋਂ ਜਰਾਇਮ ਪੇਸ਼ਾ ਗੈਂਗਸਟਰਾਂ ਨਾਲ ਰਲਣ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਬਦਨਾਮ ਹੋਣ ਦੀਆਂ ਘਟਨਾਵਾਂ ਦੇ ਮਾੜੇ ਅਸਰ ਕਰਕੇ ਉਹ ਪਿਛਲੀ ਪਾਰਲੀਮੈਂਟ ਵਿਚ 18 ਸੀਟਾਂ ਦਾ ਅੰਕੜਾਂ ਪਾਰ ਨਹੀ ਕਰ ਸਕੇ। ਲਿਬਰਲ ਪਾਰਟੀ ਵਿਚ ਪੰਜਾਬੀਆਂ ਦੀ ਝੰਡੀ ਕਾਇਮ ਰਹੀ ਜਿਸਦੇ 13 ਉਮੀਦਵਾਰ ਹਰਜੀਤ ਸੱਜਣ, ਰਣਦੀਪ ਸਿੰਘ ਸਰਾਏ, ਸੁੱਖ ਧਾਲੀਵਾਲ, ਨਵਦੀਪ ਸਿੰਘ ਬੈਂਸ, ਗਗਨ ਸਿਕੰਦ, ਰਮੇਸ਼ਵਰ ਸਾਂਗਾ, ਮਨਿੰਦਰ ਸਿੱਧੂ, ਕਮਲ ਖੇੜਾ, ਰੂਬੀ ਸਹੋਤਾ, ਸੋਨੀਆ ਸਿੱਧੂ, ਬਰਦੀਸ਼ ਚਗਰ, ਰਾਜ ਸੈਣੀ, ਅੰਜੂ ਢਿਲੋਂ ਜਿੱਤੇ। ਕੰਜ਼ਰਵੇਟਿਵ ਪਾਰਟੀ ਦੇ ਚਾਰ ਉਮੀਦਵਾਰ ਟਿਮ ਉੱਪਲ, ਜਸਰਾਜ ਸਿੰਘ, ਜਗ ਸਹੋਤਾ, ਬਾਬ ਸਰੋਆ ਜਿੱਤੇ। ਐਨ.ਡੀ.ਪੀ. ਦੇ ਸਿਰਫ ਜਗਮੀਤ ਸਿੰਘ ਹੀ ਜਿੱਤ ਸਕੇ। ਆਸ ਹੈ ਕਿ ਜਸਟਿਨ ਟਰੂਡੋ ਸਰਕਾਰ ਵਿਚ ਪਿਛਲੀ ਸਰਕਾਰ ਵਾਂਗ ਘੱਟੋ-ਘੱਟ ਚਾਰ ਪੰਜਾਬੀ ਮੰਤਰੀ ਤਾਂ ਜ਼ਰੂਰ ਬਣਨਗੇ। ਇਹ ਸਮੂਹ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੋਵੇਗੀ।

ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
01 343 889 2550
ਕੈਨੇਡਾ।

Previous articleCaste politics hurt BJP in Haryana: Party leader accepts
Next articleCanadian Elections have given numerous message to Indian People as well as our politicians