ਕੈਨੇਡਾ ਵਿੱਚ ਸਰੂਪ ਛਪਾਈ ਮਾਮਲਾ: ਅਕਾਲ ਤਖ਼ਤ ਦੇ ਆਦੇਸ਼ਾਂ ’ਤੇ ਪ੍ਰਿੰਟਿੰਗ ਪ੍ਰੈਸ ਬੰਦ; ਤਿਆਰ ਸਰੂਪ ਗੁਰਦੁਆਰੇ ਭੇਜੇ

ਅੰਮ੍ਰਿਤਸਰ (ਸਮਾਜ ਵੀਕਲੀ) :ਅਕਾਲ ਤਖ਼ਤ ਵਲੋਂ ਕੀਤੇ ਆਦੇਸ਼ਾਂ ਤੋਂ ਬਾਅਦ ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪ ਛਾਪਣ ਦੇ ਮਾਮਲੇ ਵਿਚ 24 ਘੰਟਿਆਂ ਦੌਰਾਨ ਕਾਰਵਾਈ ਸ਼ੁਰੂ ਹੋ ਗਈ ਹੈ। ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਨੇ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਕ ਛਾਪਾਖਾਨਾ (ਪ੍ਰਿੰਟਿੰਗ ਪ੍ਰੈਸ) ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।

ਅਕਾਲ ਤਖ਼ਤ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਕੈਨੇਡਾ ਵਾਸੀ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਦੋਵਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਮਹੀਨੇ ਵਿਚ ਆਪਣਾ ਸਪੱਸ਼ਟੀਕਰਨ ਅਕਾਲ ਤਖ਼ਤ ’ਤੇ ਭੇਜਣ। ਇਸ ਤੋਂ ਇਲਾਵਾ ਹੁਣ ਤਕ ਤਿਆਰ ਕੀਤੇ ਗਏ ਸਰੂਪ ਅਤੇ ਪ੍ਰੈਸ ਮਸ਼ੀਨਰੀ ਨੂੰ ਸਰੀ ਦੇ ਗੁਰਦੁਆਰੇ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ ਵਿਖੇ ਭੇਜਿਆ ਜਾਵੇ।

ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਗਿਆ ਹੈ ਕਿ ਉਹ ਛਾਪੇ ਗਏ ਸਰੂਪਾਂ ਵਿਚ ਅੱਖਰਾਂ, ਤੱਤਕਰੇ ਤੋਂ ਰਾਗ ਮਾਲਾ ਤਕ ਵਾਧ ਘਾਟ ਦਾ ਮਿਲਾਨ ਕਰਨ ਅਤੇ ਇਸ ਸਬੰਧੀ ਰਿਪੋਰਟ ਛੇ ਮਹੀਨਿਆਂ ਵਿਚ ਅਕਾਲ ਤਖ਼ਤ ’ਤੇ ਭੇਜਣ। ਇਨ੍ਹਾਂ ਆਦੇਸ਼ਾਂ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਵਲੋਂ ਚਲਾਈ ਜਾ ਰਹੀ ਨਿੱਜੀ ਸੰਸਥਾ ਸਤਨਾਮ ਰਿਲੀਜ਼ਸ ਸੁਸਾਇਟੀ ਵਲੋਂ ਪ੍ਰਕਾਸ਼ਿਤ ਕੀਤੇ ਸਰੂਪ ਅਤੇ ਪ੍ਰਿੰਟਿੰਗ ਮਸ਼ੀਨ ਨੂੰ ਸਰੀ ਦੇ ਗੁਰਦੁਆਰੇ ਵਿਚ ਪਹੁੰਚਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕਰੇਨ ਦੀ ਮਦਦ ਨਾਲ ਪ੍ਰਿੰਟਿੰਗ ਮਸ਼ੀਨ ਵਾਹਨ ’ਤੇ ਲੱਦ ਕੇ ਗੁਰਦੁਆਰੇ ਪਹੁੰਚਾਈ ਗਈ ਹੈ ਅਤੇ ਪ੍ਰਕਾਸ਼ਿਤ ਸਰੂਪ ਵੀ ਸਤਿਕਾਰ ਸਹਿਤ ਗੁਰਦੁਆਰੇ ਭੇਜ ਦਿੱਤੇ ਹਨ। ਇਸ ਸਬੰਧ ਵਿਚ ਅਕਾਲ ਤਖ਼ਤ ਵਿਖੇ ਵੀ ਜਾਣਕਾਰੀ ਭੇਜੀ ਗਈ ਹੈ।

Previous articleਰਿਸ਼ਤਿਆਂ ਦੇ ਮੇਲੇ ਵਿੱਚ ਸਵਾਰਥੀ ਧੀਆਂ ਪੁੱਤਰਾਂ ਹੱਥੋਂ ਮੁਖਤਿਆਰੋ ਹੋਈ ਲਾਚਾਰ
Next articleਇੰਟਰਪੋਲ ਵੱਲੋਂ ਨੀਰਵ ਮੋਦੀ ਦੀ ਪਤਨੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ