ਕੈਨੇਡਾ ਵਿਚ ਕਰਵਾਇਆ ਗਿਆ ਪਹਿਲਾ ਵਿਸ਼ੇਸ਼ ਸੈਮੀਨਾਰ “ਸਿੱਖੀ ਪ੍ਰਫੁੱਲਤ ਕਿਵੇਂ ਹੋਵੇ”?

 ਸੈਮੀਨਾਰ ਦਾ ਆਯੋਜਨ ਨਵੀਂ ਸ਼ੁਰੂਆਤ ਦੇ ਬਿਗਲ ਵਾਂਗ ਲੱਗਾ

ਕੈਨੇਡਾ ਦੀਆਂ ਕੁੱਝ ਉਤਸ਼ਾਹੀ ਸ਼ਖ਼ਸੀਅਤਾਂ ਵਲੋਂ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਰ੍ਹੇ-ਗੰਢ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ “ਸਿੱਖੀ ਪ੍ਰਫੁੱਲਤ ਕਿਵੇਂ ਹੋਵੇ” ਦਿਨ ਸ਼ਨੀਵਾਰ 28 ਦਸੰਬਰ 2019 ਨੂੰ ਟੋਰਾਂਟੋ ਵਿਖੇ ਬਰੈਂਪਟਨ ਦੇ ਸਿਟੀ ਹਾਲ ਦੇ ਖੁੱਲ੍ਹੇ-ਡੁੱਲ੍ਹੇ ਕੌਂਸਲ ਚੈਂਬਰ ਵਿਚ ਕਰਵਾਇਆ ਗਿਆ, ਜਿਸ ਵਿਚ ਜੀ.ਟੀ.ਏ. ਦੇ ਸਾਹਿਤਕ-ਹਲਕਿਆਂ ‘ਚ ਜਾਣੀ-ਪਹਿਚਾਣੀ ਸ਼ਖਸੀਅਤ ਡਾ.ਪ੍ਰਗਟ ਸਿੰਘ ਬੱਗਾ ਦੀ ਅਗਵਾਈ ਹੇਠ ਪ੍ਰਬੰਧਕੀ ਟੀਮ ਦੇ ਮੈਂਬਰਾਂ ਵਿਚ ਸ਼ ਹਰਦਿਆਲ ਸਿੰਘ ਝੀਤਾ, ਸ਼ ਭੁਪਿੰਦਰ ਸਿੰਘ ਬਾਜਵਾ ਅਤੇ ਸ਼ ਸੁਖਵਿੰਦਰ ਸਿੰਘ ਸੰਧੂ ਦੇ ਨਾਮ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਇਹ ਇਕ ਐਸਾ ਪਹਿਲਾ ਵਿਲੱਖਣ ਅਤੇ ਭਾਵਪੂਰਤ ਸੈਮੀਨਾਰ ਸਾਬਤ ਹੋਇਆ ਜੋ ਕੈਨੇਡਾ ਦੀ ਧਰਤੀ ‘ਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਂਹਦਾ ਹੋਇਆ ਸਾਰਥਕ ਹੋ ਨਿਬੜਿਆ। ਇਸ ਸੈਮੀਨਾਰ ਵਿਚ ਸਿੱਖ ਵਿਦਵਾਨ, ਸਿੱਖ-ਚਿੰਤਕ ਅਤੇ ਪੰਜਾਬੀ ਭਾਸ਼ਾ ਦੇ ਉੱਘੇ ਲੇਖਕਾਂ ਦੇ ਸਹਿਯੋਗ ਨਾਲ ਸਿੱਖ ਧਰਮ ਦੇ ਬਾਨੀ ਅਤੇ ਸਿੱਖ ਜਗਤ ਦੇ ਪਹਿਲੇ ਗੁਰੂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਵਲੋਂ ਵਰੋਸਾਈ ਹੋਈ ਸਿੱਖੀ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੇ ਸੰਦਰਭ ਵਿਚ ਵਿਸਥਾਰ ਸਹਿਤ ਨਿਰੰਤਰ ਚਾਰ ਘੰਟੇ ਵਿਚਾਰ-ਚਰਚਾ ਹੋਈ।

ਸੈਮੀਨਾਰ ਦੇ ਬੁਲਾਰਿਆਂ ਵਿਚ ਪ੍ਰਬੰਧਕੀ ਟੀਮ ਦੇ ਮੁਖੀ ਡਾ. ਪ੍ਰਗਟ ਸਿੰਘ ਬੱਗਾ ਤੋਂ ਇਲਾਵਾ ਡਾ, ਸੁਖਦੇਵ ਸਿੰਘ, ਪ੍ਰਿੰ. ਨਰਵੈਰ ਸਿੰਘ ਅਰੋੜਾ, ਸ਼ ਸੁਖਵਿੰਦਰ ਸਿੰਘ ਸੰਧੂ, ਸ਼ ਬਲਦੇਵ ਸਿੰਘ ਸਹਿਦੇਵ ਅਤੇ ਸ਼ ਦਵਿੰਦਰ ਸਿੰਘ ਸੇਖੋਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਜਦਕਿ ਪੰਜਾਬ (ਕਠਾਰ) ਤੋਂ ਪ੍ਰਸਿੱਧ ਲੇਖਕ ਅਤੇ ਆਲੋਚਕ ਸ਼ ਪ੍ਰਭਜੋਤ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਸੱਦਾ-ਪੱਤ੍ਰ ਭੇਜਿਆ ਗਿਆ ਸੀ ਪਰ ਉਹ ਸਾਹਿਤਕ ਰੁਝੇਂਵਿਆਂ ਕਾਰਨ ਨਹੀਂ ਪਹੁੰਚ ਸਕੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਸ਼ ਹਰਦਿਆਲ ਸਿੰਘ ਝੀਤਾ ਨੇ ਮਨਦੀਪ ਕਮਲ ਅਤੇ ਦੋ ਬੱਚੀਆਂ ਜੈਸਮੀਨ ਮਡਾਰ ਅਤੇ ਆਸ਼ੀਮਾ ਮਡਾਰ ਨੂੰ ਮੰਚ ਤੇ ਆਉਣ ਲਈ ਸੱਦਾ ਦਿੱਤਾ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿਚ ਪਹਿਲਾਂ ਗੁਰਬਾਣੀ ਦਾ ਇਕ ਸ਼ਬਦ ‘ਮੈਂ ਬਨਜਾਰਨ ਰਾਮ ਕੀ’ ਅਤੇ ਬਾਅਦ ਵਿਚ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਦਾ ਗਾਇਨ ਕੀਤਾ। ਉਪਰੰਤ ਸ਼ ਭੁਪਿੰਦਰ ਸਿੰਘ ਬਾਜਵਾ ਨੇ ਮੰਚ ਦੀ ਕਾਰਵਾਈ ਸੰਭਾਦਿਆਂ ਸੈਮੀਨਾਰ ਦੇ ਪਹਿਲੇ ਕੀ-ਨੋਟ ਸਪੀਕਰ ਡਾ. ਪ੍ਰਗਟ ਸਿੰਘ ਬੱਗਾ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਸਟੇਜ ‘ਤੇ ਆਉਣ ਲਈ ਸੱਦਾ ਦਿੱਤਾ। ਡਾ. ਬੱਗਾ ਜੀ ਨੇ ਆਪਣੇ ਪੰਤਾਲੀ ਮਿੰਟ ਦੇ ਪ੍ਰਭਾਵਸ਼ਾਲੀ ਭਾਸ਼ਨ ਵਿਚ ‘ਸਿੱਖੀ’ ਬਾਰੇ ਭਰਪੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਕਿ ਸਿੱਖੀ ਕੀ ਹੈ ਅਤੇ ਅਜੋਕੇ ਸਮੇਂ ਵਿਚ ਇਸ ਨੂੰ ਪ੍ਰਫੁੱਲਤ ਕਰਨਾ ਕਿਉਂ ਜ਼ਰੂਰੀ ਹੈ? ਇਸ ਤੋਂ ਬਾਅਦ ਸ਼ ਦਵਿੰਦਰ ਸਿੰਘ ਸੇਖੋਂ ਜੀ ਦਾ ਅਸਰਦਾਰ ਅਤੇ ਵਿਸ਼ੇ ਨੂੰ ਛੂੰਹਦਾ ਹੋਇਆ ਬਹੁਤ ਵਧੀਆ ਵਿਸਥਾਰਤ ਵਿਖਿਆਨ, ਸ਼ ਸੁਖਵਿੰਦਰ ਸਿੰਘ ਸੰਧੂ ਜੀ ਦਾ ਅਜੋਕੇ ਸਮੇਂ ਦੀਆਂ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਦਾ ਹੋਕਾ, ਪ੍ਰਿੰ. ਨਰਵੈਰ ਸਿੰਘ ਅਰੋੜਾ ਜੀ ਦਾ ਪੁਰਾਤਨ ਇਤਿਹਾਸ ਨੂੰ ਅਜੋਕੇ ਸਮੇਂ ਨਾਲ ਜੋੜ ਕੇ ਦਿੱਤੇ ਗਏ ਸੁਝਾਅ, ਸ਼ ਬਲਦੇਵ ਸਿੰਘ ਸਹਿਦੇਵ ਜੀ ਦੇ ਤਰਕਸ਼ੀਲ ਵਿਚਾਰਾਂ ਨਾਲ ਸਾਨੂੰ ਝੰਜੋੜਨ ਵਾਲੀ ਤਕਰੀਰ ਅਤੇ ਡਾ. ਸੁਖਦੇਵ ਸਿੰਘ ਜੀ (ਸਾਬਕਾ) ਡੀਨ ਗੁਰੂ ਨਾਨਕ ਦੇਵ ਯੁਨੀਵਰਸਿਟੀ, ਅਮ੍ਰਿਤਸਰ ਦਾ ਵਿਗਿਆਨ ਦੀ ਕਸਵੱਟੀ ‘ਤੇ ਗੁਰਬਾਣੀ ਦੇ ਸ਼ਬਦਾਂ ਨੂੰ ਜੋੜ ਕੇ ਅਤੇ ਗੁਰਬਾਣੀ ਦੇ ਆਸ਼ੇ ਅਨੁਸਾਰ ਅਜੋਕੇ ਯੁੱਗ ਅੰਦਰ ਹੋ ਰਹੀਆਂ ਖੋਜਾਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ। ਸਾਰੇ ਬੁਲਾਰਿਆਂ ਨੇ ਇਤਿਹਾਸ ਤੋਂ ਸੇਧ ਲੈ ਕੇ ਅਜੋਕੇ ਸਮੇਂ ਵਿਚ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਕੀ ਕੁੱਝ ਨਹੀਂ ਕੀਤਾ ਜਾ ਰਿਹਾ ਅਤੇ ਕੀ ਕੁੱਝ ਹੋਰ ਕਰਨ ਦੀ ਲੋੜ ਹੈ, ਬਾਰੇ ਬਹੁਤ ਅਨਮੋਲ ਵਿਚਾਰ ਰੱਖੇ।

ਇਸ ਦੌਰਾਨ ਕੈਨੇਡਾ ਦੇ ਮੈਂਬਰ  ਪਾਰਲੀਮੈਂਟ ਸਰਵ ਸ਼੍ਰੀ ਰਮੇਸ਼ ਸੰਘਾ, ਉਂਟਾਰੀਓ ਸੂਬਾ ਸਰਕਾਰ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਐਮ.ਪੀ.ਪੀ. ਨੀਨਾ ਤਾਂਗੜੀ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਸਿਟੀ ਕਾਊਂਸਲਰ ਸ਼ ਹਰਕੀਰਤ ਸਿੰਘ ਨੇ  ਆਪਣੇ ਭਾਸ਼ਨ ਵਿਚ ਕਿਹਾ ਕਿ ਐਸੇ ਪ੍ਰਭਾਵਸ਼ਾਲੀ ਅਤੇ ਵਿਸ਼ਾਲ ਸੈਮੀਨਾਰ ਦਾ ਆਯੋਜਿਤ ਕਰਵਾਉਣ ਲਈ ਸਮੁੱਚੀ ਪ੍ਰਬੰਧਕੀ ਟੀਮ ਵਧਾਈ ਦੇ ਹੱਕਦਾਰ ਹਨ। ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਇਹ ਪਹਿਲਾ ਸੈਮੀਨਾਰ ਹੈ ਜੋ ਬਰੈਂਪਟਨ ਦੇ ਸਿਟੀ ਹਾਲ ਦੇ ਕੌਂਸਲ-ਚੈਂਬਰ ਵਿਚ ਆਯੋਜਿਤ ਕੀਤਾ ਗਿਆ ਹੈ, ਜਦਕਿ ਪਹਿਲਾਂ ਇੱਥੇ ਅਜਿਹਾ ਕੋਈ ਸੈਮੀਨਾਰ ਅੱਜ ਤਕ  ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਿਰਸੰਦੇਹ, ਇਹ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਸੰਦਰਭ ਵਿਚ ਇਕ ਉੱਤਮ ਪ੍ਰਯੋਜਨ ਹੈ ਅਤੇ ਕੈਨੇਡਾ ਸਮੇਤ ਭਾਰਤ ਅਤੇ ਹੋਰਨਾ ਦੇਸ਼ਾਂ ਵਿਚ ਵੀ ਅਜਿਹੇ ਯਤਨ ਅਰੰਭਨ ਦੀ ਸਖ਼ਤ ਜਰੂਰਤ ਹੈ। ਬਰੈਂਪਟਨ ਸਿਟੀ-ਸੈਂਟਰ ਦਾ ‘ਕੌਂਸਲ-ਚੈਂਬਰ’ ਦਰਸ਼ਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਸੈਮੀਨਾਰ ਦੇ ਵਿਸ਼ੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਭਲੀ-ਭਾਂਤ ਦਰਸਾ ਰਹੀ ਸੀ।

ਵਿਸ਼ੇਸ਼ ਗੱਲ ਇਹ ਰਹੀ ਕਿ ਇਹ ਸੈਮੀਨਾਰ ਬਰੈਂਪਟਨ ਸਿਟੀ ਹਾਲ ਦੀ ਚੌਥੀ-ਮੰਜ਼ਿਲ ‘ਤੇ ਕੌਂਸਲ-ਚੈਂਬਰ ‘ਚ ਰੱਖਿਆ ਗਿਆ ਸੀ, ਜਿੱਥੇ ਸਾਰੇ ਸਿਟੀ ਕੌਂਸਲਰਾਂ ਦੀਆਂ ਮਹੱਤਵ-ਪੂਰਨ ਬੈਠਕਾਂ ਹੁੰਦੀਆਂ ਹਨ ਅਤੇ ਜਦਕਿ ਇਸ ਤੋਂ ਪਹਿਲਾਂ ਇਹ ਕਦੇ ਕਿਸੇ ਨੇ ਵੇਖਿਆ-ਸੁਣਿਆ ਵੀ ਨਹੀਂ ਕਿ ਇੱਥੇ ਪਹਿਲਾਂ ਕੋਈ ਇਸ ਤਰ੍ਹਾਂ ਦਾ ਸਮਾਗਮ ਹੋਇਆ ਹੋਵੇ। ਇਸ ਮੌਕੇ ‘ਤੇ ਦਰਸ਼ਕਾਂ ਦਾ ਇਹ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਵਿਸ਼ੇਸ਼ ਸਰਕਾਰੀ ਸਥਾਨ ‘ਤੇ ਇਸ ਤਰ੍ਹਾਂ ਦੇ ਸੈਮੀਨਾਰ ਦਾ ਆਯੋਜਿਤ ਹੋਣਾ ਆਪਣੇ-ਆਪ ਵਿਚ ਕਿਸੇ ਨਵੀਂ ਸ਼ੁਰੂਆਤ ਦੇ ਬਿਗਲ ਵਾਂਗ ਜਾਪਦਾ ਹੈ। ਕੁੱਲ ਮਿਲਾ ਕੇ ਸਮੁੱਚਾ ਸੈਮੀਨਾਰ ਆਪਣੇ ਅਸਲੀ ਵਿਸ਼ੇ ਦੇ ਦੁਆਲੇ ਘੁੰਮਦਾ ਰਿਹਾ ਅਤੇ ਵਧੀਆ ਸੇਧ ਦੇਣ ਵਿਚ ਭਰਪੂਰ ਸਫਲ ਹੁੰਦਾ ਨਜ਼ਰ ਆਇਆ ਕਿ ਸਿੱਖੀ ਦਰਅਸਲ ਅਮਲ ਕਰਨ ਦੀ, ਸਾਡੇ ਗੁਰੂਆਂ ਵਲੋਂ ਦਰਸਾਏ ਮਾਰਗ ‘ਤੇ ਚੱਲਣ ਦੀ ਅਤੇ ਇਸ ਧਰਮ ਨੂੰ ਸ਼ਰਧਾ, ਕਰਮਕਾਡਾਂ ਅਤੇ ਕਰਾਮਾਤਾਂ ਤੋਂ ਨਖੇੜ ਕੇ, ਅਮਲੀ ਰੂਪ ਵਿਚ ਕੁਦਰਤ ਨਾਲ ਜੁੜ ਕੇ ਰਹਿਣਾ ਹੀ ‘ਸਿੱਖੀ’ ਦਾ ਮੂਲ ਸਿਧਾਂਤ ਹੈ। ਨਿਰਸੰਦੇਹ, ‘ਸਿੱਖੀ ਪ੍ਰਫੁੱਲਤ ਕਿਵੇਂ ਹੋਵੇ’ ਦੇ ਸੰਦਰਭ ਵਿਚ ਕੀਤਾ ਗਿਆ ਸੈਮੀਨਾਰ ਇਕ ਸ਼ਲਾਘਾਯੋਗ ਕਦਮ ਹੋ ਨਿਬੜਿਆ।

NEWS ਕਨੇਡਾ (ਹਰਜਿੰਦਰ  ਛਾਬੜਾ) – ਪਤਰਕਾਰ 9592282333

Previous articleਨਾਗਰਿਕਤਾ ਸੋਧ ਕਾਨੂੰਨ ਹਰ ਹਾਲ ਵਿਚ ਲਾਗੂ ਹੋਵੇਗਾ: ਸ਼ਿਵਰਾਜ ਚੌਹਾਨ
Next articleCALL TO TURN WHITMORE REANS COUNCIL BUILDING INTO YOUTH CENTRE