ਕੈਨੇਡਾ ਲਈ ਪੇਕਿਆਂ ਤੋਂ ਪੈਸੇ ਮੰਗਣ ’ਤੇ ਨੂੰਹ ਵੱਲੋਂ ਖੁਦਕੁਸ਼ੀ

ਕੈਨੇਡਾ ਜਾਣ ਦੀ ਲਾਲਸਾ ਨੇ ਇੱਕ ਲੜਕੀ ਨੂੰ ਮੌਤ ਦੇ ਮੂੰਹ ਵਿਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਸਹੁਰਾ ਪਰਿਵਾਰ ਵੱਲੋਂ ਆਪਣੀ ਨਵਵਿਆਹੁਤਾ ਨੂੰਹ ਨੂੰ ਕੈਨੇਡਾ ਭੇਜਣ ਲਈ ਉਸ ਦੇ ਮਾਪਿਆਂ ਕੋਲੋਂ ਹੀ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਤੰਗ ਆ ਕੇ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲੀਸ ਚੌਂਕੀ ਬਰਧਾਲਾਂ ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਬਰਮਾ ਦੇ ਗਰੀਬ ਕਿਸਾਨ ਸ਼ਿੰਗਾਰਾ ਸਿੰਘ ਦੀ ਧੀ ਖੁਸ਼ਨੀਤ ਕੌਰ (28) ਦਾ ਵਿਆਹ 29 ਅਪਰੈਲ 2018 ਨੂੰ ਪਿੰਡ ਜਲਣਪੁਰ ਦੇ ਅੰਮ੍ਰਿਤ ਸਿੰਘ ਪੁੱਤਰ ਕੁਲਵੰਤ ਸਿੰਘ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਸਟਾਫ਼ ਨਰਸਿੰਗ ਦਾ ਕੋਰਸ ਤੇ ਡਿਗਰੀ ਕੀਤੀ ਹੋਈ ਸੀ, ਜਦਕਿ ਉਸ ਦਾ ਪਤੀ ਅੰਡਰ ਮੈਟ੍ਰਿਕ ਸੀ। ਵਿਆਹ ਤੋਂ ਪਹਿਲਾਂ ਲੜਕੇ ਪਰਿਵਾਰ ਨੇ ਇਹ ਸ਼ਰਤ ਰੱਖੀ ਸੀ ਕਿ ਲੜਕੀ ਆਇਲਟਸ ਪਾਸ ਕਰਕੇ ਲੜਕੇ ਨੂੰ ਵਿਦੇਸ਼ ਲੈ ਕੇ ਜਾਵੇਗੀ। ਵਿਆਹ ਤੋਂ ਪਹਿਲਾਂ ਅਤੇ ਸ਼ਗਨ ਤੋਂ ਬਾਅਦ ਸਹੁਰਾ ਪਰਿਵਾਰ ਦੇ ਕਹਿਣ ’ਤੇ ਲੜਕੀ ਵੱਲੋਂ ਕੈਨੇਡਾ ਜਾਣ ਲਈ ਫਾਇਲ ਲਗਾਈ ਗਈ ਸੀ, ਪ੍ਰੰਤੂ ਵਿਆਹ ਹੋਣ ਤੋਂ ਬਾਅਦ ਉਸ ਦਾ ਕੇਸ ਰਿਫਿਊਜ਼ ਹੋ ਗਿਆ। ਇਸ ਤੋਂ ਬਾਅਦ ਲੜਕੀ ਨੇ ਮੁੜ ਤੋਂ ਮਿਹਨਤ ਕਰਕੇ ਆਈਲਟਸ ਦੇ ਪੇਪਰ ਦਿੱਤੇ। ਫਿਰ ਸਹੁਰਾ ਪਰਿਵਾਰ ਆਪਣੀ ਨੂੰਹ ਨੂੰ ਪੇਕੇ ਪਰਿਵਾਰ ਤੋਂ ਪੈਸਿਆਂ ਦੀ ਮਦਦ ਲਿਆਉਣ ਲਈ ਕਹਿਣ ਲੱਗਾ। ਉਸ ਦੀ ਲੜਕੀ ਨੇ ਮੋਬਾਈਲ ਕਰਕੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਵਿਦੇਸ਼ ਜਾਣ ਲਈ ਪੈਸੇ ਨਾ ਦੇਣ ਕਰਕੇ ਕਾਫੀ ਝਗੜਾ ਕੀਤਾ ਹੈ ਤੇ ਉਹ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਹੈ। ਇਸ ਤੋਂ ਬਾਅਦ ਸ਼ਾਮ ਵੇਲੇ ਉਸ ਦੇ ਸਹੁਰੇ ਕੁਲਵੰਤ ਸਿੰਘ ਦਾ ਫੋਨ ਆਇਆ ਕਿ ਖੁਸ਼ਨੀਤ ਕੌਰ ਦੀ ਮੌਤ ਹੋ ਚੁੱਕੀ ਹੈ। ਪੁਲੀਸ ਨੇ ਕਾਰਵਾਈ ਕਰਦਿਆਂ ਪਤੀ ਅੰਮ੍ਰਿਤ ਸਿੰਘ, ਦਿਓਰ ਪ੍ਰਿਤਪਾਲ ਸਿੰਘ, ਸਹੁਰਾ ਕੁਲਵੰਤ ਸਿੰਘ, ਸੱਸ ਸਰਬਜੀਤ ਕੌਰ ਅਤੇ ਨਣਦ ਜਸਪ੍ਰੀਤ ਕੌਰ ਖਿਲਾਫ਼ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਰਧਾਲਾਂ ਚੌਂਕੀ ਇੰਚਾਰਜ ਦੇ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਵੱਲੋਂ ਲਿਖਿਆ ਗਿਆ ਖੁਦਕੁਸ਼ੀ ਨੋਟ ਪੁਲੀਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਜਿਸ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾਵੇਗਾ।

Previous articleTrump to meet Putin at G20 summit
Next article‘Iran may quit nuclear deal if case sent to UNSC’