ਕੇਰਲਾ ਹਾਈ ਕੋਰਟ ਨੇ ਪਿਆਕੜਾਂ ਲਈ ਵਿਸ਼ੇਸ਼ ਪਾਸ ਜਾਰੀ ਕਰਨ ’ਤੇ ਲਾਈ ਰੋਕ

ਕੋਚੀ (ਸਮਾਜਵੀਕਲੀ)-ਕੇਰਲਾ ਹਾਈ ਕੋਰਟ ਨੇ ਸ਼ਰਾਬ ਦੀ ਖਰੀਦ ਲਈ ਪਿਆਕੜਾਂ ਨੂੰ ਵਿਸ਼ੇਸ਼ ਪਾਸ ਜਾਰੀ ਕਰਨ ਦੇ ਫੈਸਲੇ ’ਤੇ ਰੋਕ ਲਾ ਦਿੱਤੀ ਹੈ। ਜਸਟਿਸ ਏ.ਕੇ.ਜਯਾਸ਼ੰਕਰਨ ਨਾਂਬਿਆਰ ਤੇ ਸ਼ਾਜੀ ਪੀ.ਚਾਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਉਪਰੋਕਤ ਹੁਕਮਾਂ ’ਤੇ ਤਿੰਨ ਹਫ਼ਤਿਆਂ ਦੀ ਪਾਬੰਦੀ ਲਾਉਂਦਿਆਂ ਸੂਬਾ ਸਰਕਾਰ ਨੂੰ ਇਕ ਹਫ਼ਤੇ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

ਹਾਈ ਕੋੋਰਟ ਨੇ ਇਹ ਹੁਕਮ ਕੇਰਲਾ ਸਰਕਾਰ ਮੈਡੀਕਲ ਆਫੀਸਰਜ਼ ਐਸੋਸੀਏਸ਼ਨ ਸਮੇਤ ਹੋਰਨਾਂ ਵੱਲੋਂ ਵਿਸ਼ੇਸ਼ ਪਾਸ ਜਾਰੀ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਕੀਤੇ ਹਨ। ਕਾਬਿਲੇਗੌਰ ਹੈ ਕਿ ਸਰਕਾਰ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਜਤਾਏ ਉਜਰ ਦੇ ਬਾਵਜੂਦ 21 ਦਿਨਾਂ ਦੇ ਲੌਕਡਾਊਨ ਦੌਰਾਨ ਅਜਿਹੇ ਪਿਆਕੜ, ਜੋ ਡਾਕਟਰੀ ਨਿਗਰਾਨੀ ਅਧੀਨ ਹਨ, ਨੂੰ ਸ਼ਰਾਬ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਸੀ।

ਸਰਕਾਰ ਨੇ ਉਦੋਂ ਆਪਣੇ ਹੁਕਮਾਂ ਵਿੱਚ ਕਿਹਾ ਸੀ ਕਿ ਜਿਨ੍ਹਾਂ ਵਿਅਕਤੀਆਂ ਵਿੱਚ ਸ਼ਰਾਬ ਦੀ ਤੋਟ ਕਰਕੇ ਸਰੀਰਕ ਤੇ ਦਿਮਾਗੀ ਲੱਛਣ ਨਜ਼ਰ ਆਉਂਦੇ ਹਨ, ਨੂੰ ਕੰਟਰੋਲ ਤੇ ‘ਦਵਾਈ’ ਦੇ ਰੂਪ ਵਿੱਚ ਸ਼ਰਾਬ ਮੁਹੱਈਆ ਕਰਵਾਈ ਜਾਵੇ। ਹਾਈ ਕੋਰਟ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਸਰਕਾਰ ਦੇ ਇਸ ਫੈਸਲੇ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ।

Previous articleਕਰੋਨਾਵਾਇਰਸ: ਨਸ਼ੇੜੀਆਂ ਦੀਆਂ ਓਟ ਕੇਂਦਰਾਂ ਵੱਲ ਵਹੀਰਾਂ
Next articleਚੰਡੀਗੜ੍ਹ ਵਾਸੀ ਦਾਦੀ-ਪੋਤੀ ਕਰੋਨਾ ਪਾਜ਼ੇਟਿਵ