ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ: ਹੰਸ

ਭਾਜਪਾ ਦੇ ਉੱਤਰ-ਪੱਛਮੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਤੇ ਗਾਇਕ ਹੰਸਰਾਜ ਹੰਸ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਉਣਗੇ ਕਿਉਂਕਿ ਉਨ੍ਹਾਂ ਨੇ ਬੇਤੁਕੇ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੀਤੇ ਦਿਨੀਂ ਆਪ ਦੇ ਆਗੂਆਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ੍ਰੀ ਹੰਸ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ‘ਆਪ’ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਹੰਸਰਾਜ ਹੰਸ ਨੇ 2014 ਵਿੱਚ ਇਸਲਾਮ ਧਰਮ ਕਬੂਲ ਲਿਆ ਸੀ, ਜਿਸ ਕਰਕੇ ਉਹ ਉੱਤਰ-ਪੱਛਮੀ ਲੋਕ ਸਭਾ (ਰਾਖਵਾਂ) ਹਲਕੇ ਤੋਂ ਚੋਣ ਨਹੀਂ ਲੜ ਸਕਦੇ।
ਭਾਜਪਾ ਦੇ ਸੂਬਾਈ ਦਫ਼ਤਰ ਵਿੱਚ ਮੀਡੀਆ ਕਾਨਫਰੰਸ ਦੌਰਾਨ ਸ੍ਰੀ ਹੰਸਰਾਜ ਨੇ ਕਿਹਾ ਕਿ ਉਹ ‘ਆਪ’ ਆਗੂਆਂ ਸਮੇਤ ਸ੍ਰੀ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ‘ਝੂਠੀਆਂ’ ਖ਼ਬਰਾਂ ਘੜ੍ਹਨ ਦੇ ਮਾਹਰ ਹਨ ਜੋ ਮੀਡੀਆ ਦੀਆਂ ਸੁਰਖ਼ੀਆਂ ਵੀ ਬਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਕਲਾਕਾਰ ਹੋਣ ਦੇ ਨਾਤੇ ਉਨ੍ਹਾਂ ਦੀ ਵਿਸ਼ਵ ਵਿੱਚ ਪਛਾਣ ਹੈ ਤੇ ਇਸ ’ਤੇ ਉਨ੍ਹਾਂ ਨੂੰ ਫਖ਼ਰ ਹੈ। ਉਨ੍ਹਾਂ ਕਿਹਾ ਕਿ ਉਹ ਵਾਲਮੀਕਿ ਸਮਾਜ ਤੋਂ ਹਨ ਤੇ ਉਨ੍ਹਾਂ ਨੂੰ ਆਪਣੇ ਧਰਮ ਤੇ ਜਾਤੀ ਉੱਤੇ ਫਖ਼ਰ ਹੈ। ਸ੍ਰੀ ਹੰਸ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਖ਼ੁਦ ਵਾਲਮੀਕਿ ਸਮਾਜ ਨੂੰ ਸਾਲਾਂ ਤੋਂ ਠੱਗ ਰਹੇ ਹਨ। ਉਹ ਤਾਂ ਆਪਣੇ ਗੁਰੂ ਅੰਨਾ ਹਜ਼ਾਰੇ ਦੇ ਵੀ ਸਕੇ ਨਹੀਂ ਹੋਏ, ਜਿਸ ਕਰਕੇ ਅੰਨਾ ਹਜ਼ਾਰੇ ਨੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਸ੍ਰੀ ਕੇਜਰੀਵਾਲ ਨੂੰ ਦਲਿਤ ਵਿਰੋਧੀ ਦੱਸਿਆ ਤੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਵਾਲਮੀਕਿ ਸਮਾਜ ਲਈ ਕੁੱਝ ਨਹੀਂ ਕੀਤਾ ਤੇ ਇਸੇ ਲਈ ਡਰੇ ਹੋਏ ਹਨ।

Previous articleਅਦਾਇਗੀ ਨਾ ਹੋਣ ’ਤੇ ਕਿਸਾਨਾਂ ਨੇ ਧਰਨਾ ਮਾਰ ਕੇ ਰੁਕਵਾਇਆ ਕੰਮ
Next articleਵੜਿੰਗ ਦੇ ਦਫ਼ਤਰ ਦਾ ਘਿਰਾਓ: ਚੋਣ ਮੈਨੀਫੈਸਟੋ ਦੀਆਂ ਕਾਪੀਆਂ ਸਾੜੀਆਂ