ਕੇਜਰੀਵਾਲ ਨੇ ਮੰਤਰੀਆਂ ਤੇ ਸੰਸਦ ਮੈਂਬਰਾਂ ਸਣੇ ਭੁੱਖ ਹੜਤਾਲ ਕੀਤੀ

ਨਵੀਂ ਦਿੱਲੀ (ਸਮਾਜ ਵੀਕਲੀ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੇ ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ, ਕੌਂਸਲਰਾਂ ਤੇ ਪਾਰਟੀ ਵਰਕਰਾਂ ਨਾਲ ਕਿਸਾਨਾਂ ਦੇ ਹੱਕ ਵਿੱਚ ਭੁੱਖ ਹੜਤਾਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਨਾ ਸਿਰਫ਼ ਕਿਸਾਨਾਂ ਦੇ ਵਿਰੁੱਧ ਹਨ ਬਲਕਿ ਦੇਸ਼ ਦੀ ਆਮ ਜਨਤਾ ਦੇ ਵੀ ਵਿਰੁੱਧ ਹਨ। ਇਸ ਨਾਲ ਮਹਿੰਗਾਈ ਵਧੇਗੀ।

ਉਨ੍ਹਾਂ ਕਿਹਾ ਕਿ ਕੁਝ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਕਾਨੂੰਨ ਲਾਗੂ ਕੀਤਾ ਗਿਆ ਹੈ। ਕਾਨੂੰਨ ਵਿਚ ਲਿਖਿਆ ਗਿਆ ਹੈ ਕਿ ਜਦ ਮਹਿੰਗਾਈ ਬਾਕੀ ਸਫਾ ਦੁੱਗਣੀ ਹੁੰਦੀ ਹੈ ਤਾਂ ਹੀ ਛਾਪੇ ਮਾਰੇ ਜਾ ਸਕਦੇ ਹਨ। ਕੇਜਰੀਵਾਲ ਨੇ ਕਿਹਾ ‘ਮੈਂ ਮੁੱਖ ਮੰਤਰੀ ਹਾਂ, ਫਿਰ ਵੀ ਮੈਂ ਛਾਪੇ ਨਹੀਂ ਮਾਰ ਸਕਦਾ ਕਿਉਂਕਿ ਕਾਲੇ ਕਾਨੂੰਨ ਨੇ ਮੇਰੇ ਹੱਥ ਬੰਨ੍ਹੇ ਹੋਏ ਹਨ।’ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਬੁਨਿਆਦ ਕਿਸਾਨ ਤੇ ਨੌਜਵਾਨ ਹੁੰਦੇ ਹਨ, ਜਿਸ ਦੇਸ਼ ਦੇ ਕਿਸਾਨ ਅਤੇ ਨੌਜਵਾਨ ਸੰਕਟ ਵਿੱਚ ਹੋਣ ਉਹ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ?

ਕੁਝ ਲੋਕ ਕਿਸਾਨਾਂ ਨੂੰ ਅਤਿਵਾਦੀ ਕਹਿ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖ਼ੁਸ਼ੀ ਹੈ ਕਿ ਸਾਰਾ ਦੇਸ਼ ਕਿਸਾਨਾਂ ਨਾਲ ਖੜ੍ਹਾ ਹੈ। ਕੇਜਰੀਵਾਲ ਨੇ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਿਸਾਨਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ਕੀਤੀ।

Previous articleਪੰਜਾਬ ਿਵੱਚ ਕਿਸਾਨਾਂ ਵੱਲੋਂ ਡੀਸੀ ਦਫ਼ਤਰਾਂ ਮੂਹਰੇ ਧਰਨੇ
Next articleਯੋਗੇਂਦਰ ਯਾਦਵ ਦੀ ਅਗਵਾਈ ਹੇਠ ਜੈਸਿੰਘਪੁਰ-ਖੇੜਾ ਬਾਰਡਰ ’ਤੇ ਵਰਤ ਰੱਖਿਆ