ਕੇਂਦਰ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਸਮਝੇ: ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਘੱਟ ਗਿਣਤੀ ਜਮਾਤਾਂ ਦੇ ਅਹਿਸਾਸ ਸਮਝਣ ਦੀ ਲੋੜ ਹੈ। ਫ਼ਿਰਕੂ ਮਾਹੌਲ ਦੇ ਖ਼ਤਰੇ ਟਾਲਣ ਵਾਸਤੇ ਘੱਟ ਗਿਣਤੀ ’ਚ ਭਰੋਸਾ ਬਹਾਲ ਕਰਨ ਤੋਂ ਇਲਾਵਾ ਸਾਰਿਆਂ ਦੇ ਜਜ਼ਬਾਤਾਂ ਦਾ ਧਿਆਨ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰ ਚਲਾਉਣ ਲਈ ਸਭ ਦਾ ਭਰੋੋਸਾ ਜਿੱਤਣਾ ਜ਼ਰੂਰੀ ਹੈ, ਬੇਸ਼ੱਕ ਉਹ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ। ਉਨ੍ਹਾਂ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਸਮਝਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਿਨਾਂ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਦਿੱਲੀ ਹਿੰਸਾ ’ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਦੇਸ਼ ਜਿਨ੍ਹਾਂ ਹਾਲਾਤ ’ਚੋਂ ਲੰਘ ਰਿਹਾ ਹੈ, ਉਨ੍ਹਾਂ ਨੂੰ ਦੇਖਦਿਆਂ ਅਮਨ, ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਥਰਮਲ ਕਲੋਨੀ ਦੇ ਸਟੇਡੀਅਮ ਵਿੱਚ ਵੱਡੀ ਰੋਸ ਰੈਲੀ ਕੀਤੀ ਗਈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਫ਼ਿਰਕੂ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤਿਵਾਦ ਦਾ ਸੰਤਾਪ ਭੋਗ ਚੁੱਕਾ ਹੈ ਅਤੇ ਕਾਂਗਰਸ ਦਾ ਇਸ ਪਿੱਛੇ ਵੱਡਾ ਹੱਥ ਸੀ ਅਤੇ ਮੁੜ ਇਹ ਲੋਕ ਪੰਜਾਬ ’ਚ ਪੁਰਾਣੇ ਹਾਲਾਤ ਲਿਆਉਣਾ ਚਾਹੁੰਦੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਸਿੱਖ ਗੁਰੂਆਂ ਨੇ ਆਪਾ ਵਾਰਿਆ ਅਤੇ ਸਭ ਨੂੰ ਗੁਰੂਆਂ ਦੇ ਸਿਧਾਂਤਾਂ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 1984 ਮਗਰੋਂ ਹੁਣ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੁੱਖਦਾਈ ਹਨ। ਉਨ੍ਹਾਂ ਇਤਿਹਾਸ ’ਚੋਂ ਹਵਾਲੇ ਦੇ ਕੇ ਸਮਝਾਇਆ ਕਿ ਕਿਵੇਂ ਆਜ਼ਾਦੀ ਤੋਂ ਪਹਿਲਾਂ ਅਤੇ ਮਗਰੋਂ ਕਾਂਗਰਸੀ ਲੀਡਰਾਂ ਨੇ ਪੰਜਾਬ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨਾਲ ਪੈਰ-ਪੈਰ ’ਤੇ ਧੋਖਾ ਕੀਤਾ। ਪੰਜਾਬ ਤੋਂ ਚੰਡੀਗੜ੍ਹ ਖੋਹਣ ਦੀ ਗੱਲ ਰੱਖੀ ਅਤੇ ਪੰਜਾਬੀ ਬੋਲਦਿਆਂ ਦੇ ਇਲਾਕੇ ਖੁੱਸਣ ਦਾ ਮਸਲੇ ਰੱਖਦਿਆਂ ਪਾਣੀਆਂ ਦੇ ਖੋਹੇ ਜਾਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰਣ ਦੀ ਗੱਲ ਨੂੰ ਵੀ ਇਸੇ ਲੜੀ ਨਾਲ ਜੋੜਿਆ। ਸ੍ਰੀ ਬਾਦਲ ਨੇ ਅੱਜ ਦੀ ਰੈਲੀ ’ਤੇ ਖੁਸ਼ੀ ਜ਼ਾਹਰ ਕੀਤੀ। ਇਸ ਮੌਕੇ ਉਨ੍ਹਾਂ ਗੱਠਜੋੜ ਸਰਕਾਰ ਸਮੇਂ ਦਿੱਤੀਆਂ ਸਹੂਲਤਾਂ ’ਤੇ ਚਰਚਾ ਕੀਤੀ ਅਤੇ ਬਠਿੰਡਾ ਸ਼ਹਿਰ ਨੂੰ ਮਿਲੇ ਕੇਂਦਰੀ ਪ੍ਰਾਜੈਕਟ ਵੀ ਗਿਣਾਏ। ਉਨ੍ਹਾਂ ਬਿਨਾਂ ਨਾਂ ਲਏ ਢੀਂਡਸਿਆਂ ਬਾਰੇ ਆਖਿਆ ਕਿ ਉਨ੍ਹਾਂ ਨੂੰ ਬੇਸ਼ੁਮਾਰ ਮਾਣ-ਸਨਮਾਨ ਦਿੱਤਾ ਗਿਆ ਪਰ ਉਨ੍ਹਾਂ ਮਾਂ-ਪਾਰਟੀ ਨਾਲ ਗੱਦਾਰੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਬਣਨ ’ਤੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਕਰ ਦਿੱਤੀ ਜਾਵੇਗੀ। ਗਰੀਬਾਂ ਨੂੰ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਆਮ ਖਪਤਕਾਰਾਂ ਨੂੰ ਘਰੇਲੂ ਬਿਜਲੀ ਦੀਆਂ ਦਰਾਂ ਅੱਧੀਆਂ ਕਰ ਦਿੱਤੀਆਂ ਜਾਣਗੀਆਂ। ਪੰਜ ਸਾਲਾਂ ਵਿਚ ਪਿੰਡਾਂ ਦੀਆਂ ਗਲੀਆਂ ਸੀਮਿੰਟ ਦੀਆਂ ਬਣਾ ਦਿੱਤੀਆਂ ਜਾਣਗੀਆਂ। ਅਕਾਲੀ ਸਰਕਾਰ ਬਣਨ ਦੇ ਪਹਿਲੇ ਮਹੀਨੇ ਹਰ ਪਿੰਡ ਨੂੰ ਕਰੋੜ-ਕਰੋੜ ਦਿੱਤੇ ਜਾਣਗੇ। ਉਨ੍ਹਾਂ ਕਾਂਗਰਸੀ ਵਜ਼ੀਰਾਂ ਦੀ ਲੁੱਟ ਅਤੇ ਗੈਂਗਸਟਰਾਂ ਦੇ ਰਾਜ ਦਾ ਜ਼ਿਕਰ ਕੀਤਾ।
ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੀ ਘਾਲਣਾ ਦੀ ਉਸਤਤ ਕੀਤੀ ਜਦੋਂਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸੀ ਲੀਡਰਾਂ ਦੀ ਲੁੱਟ ਦਾ ਖੁਲਾਸਾ ਕੀਤਾ ਅਤੇ ਨਵਾਂ ਪੰਜਾਬ ਬਣਾਉਣ ਲਈ ਅਕਾਲੀ ਦਲ ਦਾ ਸਾਥ ਦੇਣ ਦਾ ਸੱਦਾ ਦਿੱਤਾ। ਰੋਸ ਰੈਲੀ ਨੂੰ ਸੰਬੋੋਧਨ ਕਰਨ ਵਾਲੇ ਅਤੇ ਸਟੇਜ ’ਤੇ ਹਾਜ਼ਰ ਰਹਿਣ ਵਾਲਿਆਂ ਵਿੱਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ ਕੋਟਫੱਤਾ, ਜੀਤ ਮਹਿੰਦਰ ਸਿੱਧੂ, ਅਮਿਤ ਰਤਨ, ਚਰਨਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਮਲੂਕਾ ਤੇ ਇਕਬਾਲ ਢਿੱਲੋਂ ਉਰਫ਼ ਬਬਲੀ ਸ਼ਾਮਲ ਹਨ। ਮੰਚ ਸੰਚਾਲਨ ਪਾਰਟੀ ਬੁਲਾਰੇ ਚਰਨਜੀਤ ਬਰਾੜ ਨੇ ਕੀਤਾ।

Previous articleਚਾਰ ਹੋਰ ਲਾਸ਼ਾਂ ਮਿਲਣ ਨਾਲ ਤਣਾਅ ਵਧਿਆ
Next articleਸ਼ਾਹ ਦੀ ਜਵਾਬਦੇਹੀ ਤੈਅ ਕਰਨੀ ਬਣਦੀ ਹੈ: ਡੀ. ਰਾਜਾ