ਕੇਂਦਰੀ ਬਜਟ: ਚੰਡੀਗੜ੍ਹ ਨੂੰ ਮਿਲੇ ਗਰਾਂਟਾਂ ਦੇ ਗੱਫੇ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸੰਸਦ ’ਚ ਪੇਸ਼ ਕੀਤੇ ਗਏ ਆਮ ਬਜਟ ’ਚ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਦਿਲ ਖੋਲ੍ਹ ਕੇ ਗਰਾਂਟ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਪਹਿਲੀ ਵਾਰ ਚੰਡੀਗੜ੍ਹ ਸ਼ਹਿਰ ਦੇ ਵਿਕਾਸ ਲਈ ਸਭ ਤੋਂ ਵੱਧ ਗਰਾਂਟ ਦਿੱਤੀ ਗਈ ਹੈ। ਫਿਲਹਾਲ ਇਹ ਗਰਾਂਟ ਮੰਗ ਨਾਲੋਂ ਸਿਰਫ਼ ਡੇਢ ਕਰੋੜ ਰੁਪਏ ਘੱਟ ਹੈ। ਯੂ.ਟੀ. ਪ੍ਰਸ਼ਾਸਨ ਵੱਲੋਂ ਮੌਜੂਦਾ ਕੇਂਦਰੀ ਬਜਟ ਵਿੱਚੋਂ 5300 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਦਕਿ ਕੇਂਦਰ ਸਰਕਾਰ ਨੇ 5138.10 ਕਰੋੜ ਰੁਪਏ ਦਿੱਤੇ ਹਨ। ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਰੈਵੀਨਿਯੂ (ਤਨਖ਼ਾਹ ਅਤੇ ਹੋਰ ਖਰਚੇ) ਲਈ 4800 ਕਰੋੜ ਰੁਪਏ ਅਤੇ ਕੈਪਿਟਲ (ਵਿਕਾਸ) ਲਈ 500 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਿਸ ਵਿੱਚੋਂ 4643.96 ਕਰੋੜ ਰੁਪਏ ਰੈਵੇਨਿਊ ਲਈ ਅਤੇ 494.14 ਕਰੋੜ ਰੁਪਏ ਕੈਪਿਟਲ ਵਾਸਤੇ ਜਾਰੀ ਕੀਤੇ ਗਏ ਹਨ।
ਇਸੇ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਮੌਜੂਦਾ ਬਜਟ ’ਚ ਚੰਡੀਗੜ੍ਹ ਦੇ ਪ੍ਰੀਮੀਅਰ ਹਸਪਤਾਲ ਪੀਜੀਆਈ ਨੂੰ ਹੋਰ ਆਧੁਨਿਕ ਤੇ ਵਿਕਸਤ ਕਰਨ ਲਈ 1551.53 ਕਰੋੜ ਰੁਪਏ ਦਿੱਤੇ ਗਏ ਹਨ। ਇਸੇ ਦੌਰਾਨ ਪੀਜੀਆਈ ਪ੍ਰਸ਼ਾਸਨ ਨੇ ਕੇਂਦਰ ਕੋਲੋਂ 2150 ਕਰੋੜ ਰੁਪਏ ਦੀ ਮੰਗ ਕੀਤੀ ਸੀ। ਕੇਂਦਰ ਸਰਕਾਰ ਵੱਲੋਂ ਪੀ.ਜੀ.ਆਈ. ਨੂੰ ਇਸ ਤੋਂ ਇਲਾਵਾ ਵੀ ਸਵੱਛ ਐਕਸ਼ਨ ਪਲਾਨ ਲਈ 10 ਕਰੋੜ ਰੁਪਏ ਬਜਟ ’ਚ ਹੋਰ ਦੇਣ ਬਾਰੇ ਕਿਹਾ ਗਿਆ ਹੈ। ਪੀਜੀਆਈ ਵੱਲੋਂ ਮੈਡੀਕਲ ਖਰਚਿਆਂ ਲਈ 1300 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਜਦਕਿ 1045.53 ਕਰੋੜ ਰੁਪਏ ਮਿਲੇ ਹਨ। ਹਸਪਤਾਲ ’ਚ ਚੱਲ ਰਹੇ ਸਿਹਤ ਪ੍ਰੋਜੈਕਟਾਂ ਲਈ 700 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚੋਂ 325 ਕਰੋੜ ਰੁਪਏ ਹੀ ਮਿਲੇ ਹਨ। ਇਸ ਤੋਂ ਇਲਾਵਾ ਆਮ ਖਰਚ ਲਈ 140 ਕਰੋੜ ਦੀ ਮੰਗ ਕੀਤੀ ਗਈ ਸੀ ਜੋ ਕਿ ਸਾਰੇ ਹੀ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਪੀਜੀਆਈ ਨੂੰ ਨਿਊਰੋਸਾਇੰਸ ਕੇਂਦਰ ਅਤੇ ਮਾਂ-ਬੱਚੇ ਦੀ ਦੇਖ ਰੇਖ ਵਾਲੇ ਕੇਂਦਰ ਲਈ ਪਹਿਲਾਂ ਹੀ 900 ਕਰੋੜ ਰੁਪਏ ਮਿਲ ਚੁੱਕੇ ਹਨ।
ਇਸੇ ਦੌਰਾਨ ਚੰਡੀਗੜ੍ਹ ਵਾਸੀਆਂ ਨੇ ਬਜਟ ਬਾਰੇ ਰਲਿਆ-ਮਿਲਿਆ ਪ੍ਰਤੀਕਰਮ ਦਿੱਤਾ ਹੈ। ਭਾਜਪਾ ਨਾਲ ਜੁੜੇ ਸ਼ਹਿਰ ਵਾਸੀਆਂ ਨੇ ਬਜਟ ਦੀ ਸ਼ਲਾਘਾ ਕੀਤੀ ਹੈ ਜਦੋਂਕਿ ਕਾਂਗਰਸ-ਪੱਖੀ ਸ਼ਹਿਰ ਵਾਸੀ ਬਜਟ ਤੋਂ ਨਿਰਾਸ਼ ਜਾਪ ਰਹੇ ਹਨ।

Previous articleਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਨਿੱਤਰੀਆਂ ਜਨਤਕ ਜਥੇਬੰਦੀਆਂ
Next articleਦੋ ਰੋਜ਼ਾ ਹੜਤਾਲ ਮੁੱਕੀ; ਤਿੰਨ ਰੋਜ਼ਾ ਦੀ ਚਿਤਾਵਨੀ