ਕੁਵੈਤ ਤੋਂ ਕੱਚਾ ਤੇਲ ਭਾਰਤ ਲਿਆ ਰਹੇ ਤੇਲ ਟੈਂਕਰ ਨੂੰ ਅੱਗ

ਕੋਲੰਬੋ (ਸਮਾਜ ਵੀਕਲੀ) : ਕੁਵੈਤ ਤੋਂ ਕੱਚਾ ਤੇਲ ਭਾਰਤ ਲਿਆ ਰਹੇ ਤੇਲ ਟੇੈਂਕਰ ਵਿੱਚ ਸ੍ਰੀਲੰਕਾ ਦੇ ਪੂਰਬੀ ਕੰਢੇ ਨੇੜੇ ਅੱਗ ਲਗ ਗਈ। ਜਹਾਜ਼ ਅਮਲੇ ਦੇ 23 ਮੈਂਬਰਾਂ ਵਿਚੋਂ ਇਕ ਲਾਪਤਾ ਹੈ ਤੇ ਇਕ ਜ਼ਖ਼ਮੀ ਹੈ। ਸ੍ਰੀਲੰਕਾ ਜਲ ਸੈਨਾ ਦੇ ਬੁਲਾਰੇ ਕੈਪਟਨ ਇੰਡੀਕਾ ਸਿਲਵਾ ਨੇ ਕਿਹਾ ਕਿ ਬਚਾਅ ਕਾਰਜਾਂ ਲਈ ਚਾਰ ਜਹਾਜ਼ ਭੇਜੇ ਗਏ ਹਨ।

ਪਨਾਮਾ ਵਿੱਚ ਰਜਿਸਟਰਡ ਟੈਂਕਰ ‘ਨਿਊ ਡਾਇਮੰਡ’ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਸ੍ਰੀਲੰਕਾ ਜਲ ਸੈਨਾ ਵੱਲੋਂ ਮਦਦ ਮੰਗੇ ਜਾਣ ’ਤੇ ਭਾਰਤੀ ਤਟ ਰੱਖਿਅਕ ਬਲ ਨੇ ਬੇੜੇ ਦੇ ਤਿੰਨ ਜਹਾਜ਼ ਅਤੇ ਇਕ ਡੋਨੀਅਰ ਜ਼ਹਾਜ ਭੇਜਿਆ ਹੈ। ਜਾਣਕਾਰੀ ਅਨੁਸਾਰ ਕੱਚਾ ਤੇਲ ਭਾਰਤ ਲਿਆ ਰਹੇ ਟੈਂਕਰ ਦੇ ਇੰਜਣ ਵਾਲੇ ਕਮਰੇ ਵਿੱਚ ਅੱਗ ਲਗ ਗਈ ਜੋ ਦੇਖਦੇ ਹੀ ਦੇਖਦੇ ਫੈਲ ਗਈ। ਤਟ ਰੱਖਿਅਕ ਬਲ ਦਾ ਕਹਿਣਾ ਹੈ ਕਿ ਬਚਾਅ ਕਾਰਜ ਤੁਰਤ ਸ਼ੂਰ ਕਰ ਦਿੱਤਾ ਗਿਆ ਅਤੇ ਨਿਊ ਡਾਇਮੰਡ ਜਹਾਜ਼ ’ਤੇ ਲੱਗੀ ਅੱਗ ਨੂੰ ਬੁਝਾਉਣ ’ਚ ਮਦਦ ਲਈ ਸ਼ੌਰਿਆ, ਸਾਰੰਗ ਅਤੇ ਸਮੁੰਦਰ ਪਹਿਰੇਦਾਰ ਬੇੜੇ ਅਤੇ ਇਕ ਡੋਨੀਅਰ ਜਹਾਜ਼ ਨੂੰ ਭੇਜਿਆ ਗਿਆ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ ਦੇ ਪਣਡੁੱਬੀ ਰੋਕੂ ਦੋ ਜੰਗੀ ਬੇੜੇ ਜੋ 31 ਅਗਸਤ ਤੋਂ ਹੰਬਨਤੋਤਾ ਬੰਦਰਗਾਹ ’ਤੇ ਰੁਕੇ ਹੋਏ ਸਨ ਵੀ ਅੱਗ ’ਤੇ ਕਾਬੂ ਪਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋ ਗਏ ਹਨ। ਬੁਲਾਰੇ ਨੇ ਦੱਸਿਆ ਕਿ ਸ੍ਰੀਲੰਗਾ ਏਅਰ ਫੋਰਸ ਨੇ ਬਚਾਅ ਕਾਰਜਾਂ ਵਿੱਚ ਮਦਦ ਲਈ ਹੈਲੀਕਾਪਟਰ ਵੀ ਭੇਜੇ ਹਨ। ਰੁੂਸ ਦੀ ਖ਼ਬਰ ਏਜੰਸੀ ਤਾਸ ਅਨੁਸਾਰ ਅਮਲੇ ਦੇ ਦੋ ਮੈਂਬਰਾਂ ਨੂੰ ਛੱਡ ਕੇ ਸਭ ਮੁਲਾਜ਼ਮ ਟੈਂਕਰ ਨੂੰ ਛੱਡ ਚੁੱਕੇ ਹਨ ਅਤੇ ਉਹ ਸਮੁੰਦਰ ਵਿੱਚ ਇਕ ਬਚਾਅ ਕਿਸ਼ਤੀ ਵਿੱਚ ਹਨ। ਜਦੋਂ ਟੈਂਕਰ ਵਿੱਚ ਅੱਗ ਲੱਗੀ ਉਦੋਂ ਉਹ ਸ੍ਰੀਲੰਕਾ ਦੇ ਪੂਰਬ ਵਿੱਚ ਲਗਪਗ 70 ਕਿਲੋਮੀਟਰ ਦੂਰ ਸੀ।

Previous article‘ਜਾਧਵ ਲਈ ਵਕੀਲ ਨਿਯੁਕਤ ਕਰਨ ਦਾ ਭਾਰਤ ਨੂੰ ਇੱਕ ਹੋਰ ਮੌਕਾ ਮਿਲੇ’
Next articleਨਵਾਜ਼ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ