ਕੁਵੈਤ ’ਚ ਫਸੇ ਪੰਜਾਬੀਆਂ ਨੂੰ ਧਮਕਾਉਣ ਲੱਗੀਆਂ ਕੰਪਨੀਆਂ

ਮਾਛੀਵਾੜਾ (ਸਮਾਜਵੀਕਲੀ):  ਤਾਲਾਬੰਦੀ ਦੌਰਾਨ ਕੁਵੈਤ ’ਚ ਫਸੇ ਬੇਰੁਜ਼ਗਾਰ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਭਾਰਤੀ ਸਰਕਾਰ ਤੋਂ ਆਸ ਲਾਈ ਬੈਠੇ ਹਨ ਪਰ ਹਾਲੇ ਤੱਕ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਅੱਜ ਉਥੇ ਇਹ ਹਾਲਾਤ ਪੈਦਾ ਹੋ ਗਏ ਹਨ ਕਿ ਕੁਵੈਤ ਦੀਆਂ ਕੰਪਨੀਆਂ ਉਨ੍ਹਾਂ ਨੂੰ ਧਮਕਾਉਣ ਲੱਗ ਪਈਆਂ ਹਨ।

ਕੁਵੈਤ ’ਚ ਫਸੇ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਉਹ ਕੰਪਨੀ ਅਧਿਕਾਰੀਆਂ ਤੋਂ ਆਪਣਾ ਪਾਸਪੋਰਟ ਵਾਪਿਸ ਮੰਗਦੇ ਹਨ ਤਾਂ ਅੱਗਿਓਂ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਫਾਰਮਾਂ ’ਤੇ ਜਬਰੀ ਦਸਤਖ਼ਤ ਕਰਵਾਏ ਜਾ ਰਹੇ ਹਨ ਤਾਂ ਜੋ ਇੱਥੇ ਫਸੇ ਨੌਜਵਾਨ ਆਪਣੀ ਤਨਖਾਹ ਲਈ ਕੋਈ ਕਲੇਮ ਨਾ ਕਰ ਸਕਣ।

ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਭਾਰਤ ਵਾਪਸੀ ਲਈ ਅਤੇ ਇੱਥੇ ਕੰਪਨੀ ਤੋਂ ਤਨਖਾਹ ਲੈਣ ਲਈ ਆਵਾਜ਼ ਉਠਾ ਰਹੇ ਹਨ ਪਰ ਨਾ ਤਾਂ ਭਾਰਤੀ ਸਰਕਾਰ ਉਨ੍ਹਾਂ ਦੀ ਸੁਣ ਰਹੀ ਹੈ ਅਤੇ ਨਾ ਹੀ ਸਥਾਨਕ ਕੰਪਨੀ। ਸਗੋਂ ਕੰਪਨੀ ਦੇ ਨੁਮਾਇੰਦੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੌਰਾਨ ਪਹਿਲਾਂ ਤਾਂ ਕੰਪਨੀ ਵਧੀਆ ਖਾਣਾ ਦਿੰਦੀ ਰਹੀ ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਸਿਰਫ਼ ਇੱਕ ਵਾਰ ਖਾਣਾ ਦਿੱਤਾ ਜਾਂਦਾ ਹੈ, ਜਿਸ ਦਾ ਕੋਈ ਸਮਾਂ ਨਹੀਂ।

ਸਾਰੇ ਨੌਜਵਾਨ ਰਾਤ ਨੂੰ ਭੁੱਖੇ ਸੌਂਦੇ ਹਨ। ਨੌਜਵਾਨ ਨੇ ਦੱਸਿਆ ਕਿ ਕੰਪਨੀ ਵੱਲੋਂ ਕਿਸੇ ਵੀ ਬਿਮਾਰ ਨੌਜਵਾਨ ਨੂੰ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਜਿਹੜਾ ਉਨ੍ਹਾਂ ਦੇ ਜੇਬਾਂ ਵਿੱਚ ਪੈਸਾ ਸੀ, ਉਹ ਖ਼ਤਮ ਹੋ ਚੁੱਕਾ ਹੈ। ਇਸ ਕਾਰਨ ਉਨ੍ਹਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨੌਜਵਾਨਾਂ ਨੇ ਵੀਡੀਓ ਜਾਰੀ ਕਰ ਕੇ ਵਤਨ ਵਾਪਸੀ ਦੀ ਮੰਗ ਕੀਤੀ ਸੀ।

ਪੰਜਾਬ ਦੇ ਕਿਸੇ ਮੰਤਰੀ ਨੇ ਨਹੀਂ ਲਈ ਸਾਰ

ਕੁਵੈਤ ਵਿੱਚ ਫਸੇ ਨੌਜਵਾਨਾਂ ਨੇ ਕਿ ਭਾਰਤ ਦੀ ਅੰਬੈਂਸੀ ਤੇ ਪੰਜਾਬ ਦੇ ਸਿਆਸੀ ਆਗੂਆਂ ਨੇ ਕੁਵੈਤ ’ਚ ਫਸੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਨੂੰ ਇੱਥੋਂ ਕੱਢਣ ਲਈ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹ ਪੰਜਾਬ ਦੇ ਪੁੱਤਰ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐੱਮ.ਪੀ. ਭਗਵੰਤ ਸਿੰਘ ਮਾਨ ਅਤੇ ਭਾਰਤੀ ਦੂਤਾਵਾਸ ਨੂੰ ਉਨ੍ਹਾਂ ਦੀ ਕੁਵੈਤ ’ਚ ਬਦ ਤੋਂ ਬਦਤਰ ਹਾਲਤ ਕਿਉਂ ਨਹੀਂ ਦਿਖਾਈ ਦੇ ਰਹੀ।

ਨੌਜਵਾਨਾਂ ਨੇ ਦੱਸਿਆ ਕਿ ਫਿਲਹਾਲ ਪੰਜਾਬ ਤੋਂ ਸਿਰਫ਼ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਇੰਦਰ ਇਕਬਾਲ ਸਿੰਘ ਅਟਵਾਲ ਨੇ ਉਨ੍ਹਾਂ ਦਾ ਫੋਨ ’ਤੇ ਹਾਲਚਾਲ ਪੁੱਛਿਆ ਅਤੇ ਕੁੱਝ ਭਰੋਸਾ ਦਿੱਤਾ ਹੈ ਪਰ ਜਦੋਂ ਤੱਕ ਉਹ ਭਾਰਤ ਆਪਣੇ ਪਰਿਵਾਰਾਂ ਕੋਲ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਬੁਰੇ ਹਾਲਾਤ ’ਚ ਹੀ ਦਿਨ ਕੱਟਣ ਲਈ ਮਜਬੂਰ ਹਨ।

Previous articleਪੰਜਾਬ ’ਚ ਕਰੋਨਾ ਨਾਲ ਇੱਕ ਹੋਰ ਮੌਤ
Next articleਕਰੋਨਾ: ਮਰੀਜ਼ਾਂ ਦੀ ਵਧਦੀ ਗਿਣਤੀ ਨੇ ਪ੍ਰਸ਼ਾਸਨ ਨੂੰ ਤਰੇਲੀਆਂ ਲਿਆਂਦੀਆਂ