ਕੁਵੈਤ ’ਚ ਫਸੇ ਪੰਜਾਬੀਆਂ ਦੀ ਸਰਕਾਰ ਨੇ ਨਾ ਲਈ ਸਾਰ

ਮਾਛੀਵਾੜਾ (ਸਮਾਜਵੀਕਲੀ) :   ਕਰੋਨਾਵਾਇਰਸ ਕਾਰਨ ਕੁਵੈਤ ’ਚ ਫਸੇ ਪੰਜਾਬੀ ਕਾਮੇ ਭਾਰਤ ਪਰਤਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ਨਾਲ ਸਬੰਧਤ ਵਾਪਸ ਆਏ ਨੌਜਵਾਨਾਂ ਨੇ ਦੱਸਿਆ ਕਿ ਸਰਕਾਰ ਅੱਗੇ ਲੱਖ ਦੁਹਾਈਆਂ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਅਖੀਰ 32 ਹਜ਼ਾਰ ਰੁਪਏ ਦੀ ਜਹਾਜ਼ ਦੀ ਟਿਕਟ ਪੱਲਿਓਂ ਖਰਚ ਕੇ ਉਹ ਵਾਪਸ ਪਰਤੇ ਹਨ।

ਲੁਧਿਆਣਾ ਵਿੱਚ ਇਕਾਂਤਵਾਸ ਕੀਤੇ ਕੁਵੈਤ ਤੋਂ ਪਰਤੇ ਪੰਜਾਬੀ ਨੌਜਵਾਨਾਂ ਮਨਪ੍ਰੀਤ ਸਿੰਘ, ਸੁਖਰਾਜ ਵਰਮਾ, ਰਜਿੰਦਰ ਵਰਮਾ, ਸੰਦੀਪ ਕੁਮਾਰ, ਮਨਦੀਪ ਸਿੰਘ ਅਤੇ ਕਰਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਾਪਸੀ ਲਈ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਤੱਕ ਪਹੁੰਚ ਕੀਤੀ, ਜਿਸ ਕਾਰਨ ਉਥੋਂ ਦੀ ਭਾਰਤੀ ਅੰਬੈਸੀ ਨੇ ਕੰਪਨੀ ਤੋਂ ਉਨ੍ਹਾਂ ਦੇ ਪਾਸਪੋਰਟ ਵਾਪਸ ਦਿਵਾਏ।

ਨੌਜਵਾਨਾਂ ਨੇ ਕਿਹਾ ਕਿ ਉਹ ਪਿਛਲੇ 4 ਮਹੀਨਿਆਂ ਤੋਂ ਕੁਵੈਤ ਵਿੱਚ ਆਪਣੇ ਕੁਆਰਟਰਾਂ ’ਚ ਬੰਦ ਸਨ ਅਤੇ ਕੰਪਨੀ ਉਨ੍ਹਾਂ ਨੂੰ ਖਾਣ ਲਈ ਕੇਵਲ ਕੁੱਝ ਚੌਲ ਦੇ ਦਿੰਦੀ ਸੀ। ਨੌਜਵਾਨਾਂ ਨੇ ਦੱਸਿਆ ਕਿ ਜੇਬਾਂ ਖ਼ਾਲ੍ਹੀ ਹੋਣ ਕਾਰਨ ਉਨ੍ਹਾਂ ਨੂੰ ਟਿਕਟ ਲਈ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਤੋਂ ਪੈਸੇ ਮੰਗਵਾਉਣੇ ਪਏ। ਕੁਵੈਤ ਤੋਂ ਭਾਰਤ ਦੀ ਟਿਕਟ ਜੋ ਪਹਿਲਾਂ 15 ਹਜ਼ਾਰ ਰੁਪਏ ਸੀ, ਉਹ ਵੀ ਹੁਣ 32 ਹਜ਼ਾਰ ਰੁਪਏ ਦੀ ਮਿਲੀ।

ਨੌਜਵਾਨਾਂ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 14 ਦਿਨ ਲਈ ਇਕਾਂਤਵਾਸ ਕਰ ਦਿੱਤਾ ਹੈ। ਇਕਾਂਤਵਾਸ ਦੌਰਾਨ ਸਰਕਾਰ ਵੱਲੋਂ ਰੋਟੀ ਅਤੇ ਰਹਿਣ ਲਈ ਪ੍ਰਤੀਦਿਨ ਇੱਕ ਵਿਅਕਤੀ ਤੋਂ 300 ਰੁਪਏ ਖਰਚਾ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵਿਦੇਸ਼ੋਂ ਆਪਣੇ ਖਰਚ ’ਤੇ ਤਾਂ ਕੀ ਵਾਪਸ ਲਿਆਉਣਾ ਸੀ ਉਲਟਾ ਇਕਾਂਤਵਾਸ ਦੇ ਵੀ ਪੈਸੇ ਵਸੂਲੇ ਜਾ ਰਹੇ ਹਨ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਜੇ ਵੀ ਸੈਂਕੜੇ ਨੌਜਵਾਨ ਅਜਿਹੇ ਹਨ ਜੋ ਟਿਕਟ ਦੇ ਪੈਸੇ ਨਾ ਹੋਣ ਕਾਰਨ ਘਰ ਵਾਪਸ ਨਹੀਂ ਆ ਸਕਦੇ।

Previous article‘Feel very proud of Delhiites’: Kejriwal lauds plasma donors
Next articleVikas Dubey cremated at Bhairon Ghat in Kanpur