ਕੁਰਸੀਆਂ ਖਾਲੀ ਰਹਿਣ ’ਤੇ ਟਰੰਪ ਦੀ ਰੈਲੀ ਰੱਦ

ਵਾਸ਼ਿੰਗਟਨ (ਸਮਾਜਵੀਕਲੀ) :  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਮੁਹਿੰਮ ਨਾਲ ਜੁੜੀ ਇਕ ਰੈਲੀ, ਜੋ ਕਿ ਓਕਲਾਹੋਮਾ ਦੇ ਡਾਊਨਟਾਊਨ ਟੁਲਸਾ ਵਿਚ ਕੀਤੀ ਜਾਣੀ ਸੀ, ਅਚਾਨਕ ਰੱਦ ਕਰ ਦਿੱਤੀ ਗਈ। ਇਹ ਰੈਲੀ ਖੁੱਲ੍ਹੀ ਥਾਂ (ਆਊਟਡੋਰ) ਵਿਚ ਕੀਤੀ ਜਾਣੀ ਸੀ।

ਇਸ ਦੌਰਾਨ ਐਲਾਨ ਕੀਤਾ ਗਿਆ ਕਿ ਉਹ ਇਨਡੋਰ ਰੈਲੀ ਕਰਨਗੇ। ਰੈਲੀ ਰੱਦ ਕਰਨ ਬਾਰੇ ਹਾਲਾਂਕਿ ਅਧਿਕਾਰਤ ਤੌਰ ਉਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਸੋਸ਼ਲ ਮੀਡੀਆ ਉਤੇ ਜੋ ਫੋਟੋਆਂ ਪੋਸਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਰੈਲੀ ਵਾਲੀ ਥਾਂ ਉਤੇ ਬਹੁਤ ਘੱਟ ਲੋਕ ਨਜ਼ਰ ਆ ਰਹੇ ਸਨ। ਟਰੰਪ ਦੇ ਹਮਾਇਤੀ ਤੇ ‘ਬਲੈਕ ਲਾਈਵਜ਼ ਮੈਟਰ’ ਮੁਹਿੰਮ ਦੇ ਸਮਰਥਕ ਵੀ ਰੈਲੀ ਵਾਲੀ ਥਾਂ ਨੇੜੇ ਨਜ਼ਰ ਆਏ।

ਇਸ ਮੌਕੇ ਹਜ਼ਾਰਾਂ ਸੀਟਾਂ ਖਾਲੀ ਸਨ। ਜ਼ਿਕਰਯੋਗ ਹੈ ਕਿ ਟਰੰਪ ਦੇ ਸਟਾਫ਼ ਦੇ ਕਈ ਮੈਂਬਰ ਵੀ ਕੋਵਿਡ ਪੀੜਤ ਹਨ। ਰਾਸ਼ਟਰਪਤੀ ਨੇ ਸਿਹਤ ਚਿਤਾਵਨੀ ਦੀਆਂ ਪ੍ਰਵਾਹ ਨਾ ਕਰਦਿਆਂ 110 ਦਿਨਾਂ ਬਾਅਦ ਇਸ ਰੈਲੀ ਦਾ ਪ੍ਰੋਗਰਾਮ ਬਣਾਇਆ ਸੀ। ਡੋਨਲਡ ਟਰੰਪ ਨੇ ਮਗਰੋਂ ਟੁਲਸਾ ਵਿਚ ਹੀ ਇਕ ਇਨਡੋਰ ਰੈਲੀ ਕੀਤੀ। ਇਸ ਮੌਕੇ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਹਾਜ਼ਰ ਸਨ।

ਮੁੜ ਰਾਸ਼ਟਰਪਤੀ ਵਜੋਂ ਚੁਣੇ ਜਾਣ ਦੇ ਮੰਤਵ ਨਾਲ ਕੀਤੀ ਰੈਲੀ ਵਿਚ ਟਰੰਪ ਨੇ ਡੈਮੋਕ੍ਰੇਟ ਉਮੀਦਵਾਰ ਤੇ ਆਪਣੇ ਮੁੱਖ ਵਿਰੋਧੀ ਜੋਅ ਬਿਡੇਨ ਉਤੇ ਨਿਸ਼ਾਨਾ ਸਾਧਿਆ। ਟਰੰਪ ਨੇ ਕਿਹਾ ਕਿ ਬਿਡੇਨ ਕੱਟੜਵਾਦੀ ਖੱਬੇ ਪੱਖੀਆਂ ਦੀ ‘ਮਜਬੂਰ ਕਠਪੁਤਲੀ’ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਕ ਪਾਸੇ ਖੱਬੇ ਪੱਖੀ ਕੱਟੜਵਾਦ ਤੇ ਦੂਜੇ ਪਾਸੇ ਕੌਮੀ ਵਿਰਾਸਤ ਹੈ। ਚੋਣ ਅੰਦਾਜ਼ਿਆਂ ’ਚ ਟਰੰਪ ਬਿਡੇਨ ਤੋਂ ਔਸਤਨ 8 ਫ਼ੀਸਦ ਅੰਕਾਂ ਨਾਲ ਪੱਛੜ ਰਹੇ ਹਨ।

Previous articleਭਾਰਤ-ਚੀਨ ਵਿਵਾਦ ਦਾ ਹੱਲ ਕੱਢਣ ਲਈ ਕੋਸ਼ਿਸ਼ ਕਰਾਂਗੇ: ਟਰੰਪ
Next articleਐਪਲ ਵੱਲੋਂ ਆਈਫੋਨ- ਐੱਸਈ ਭਾਰਤ ’ਚ ਬਣਾਉਣ ਦੀ ਯੋਜਨਾ