ਕੁਮਾਰੀ ਮਾਇਆਵਤੀ ਜੀ ਦਾ ਜੀਵਨ ਸੰਘਰਸ਼

 

ਮਾਇਆਵਤੀ ਜੀ ਉਸੇ ਸਾਲ ਪੈਦਾ ਹੋਏ, ਜਿਸ ਸਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪਰਿਨਿਰਵਾਣ ਹੋਇਆ। 15 ਜਨਵਰੀ 1956 ਨੂੰ ਮਾਇਆਵਤੀ ਜੀ ਨੇ ਇਸ ਦੁਨੀਆਂ ਵਿੱਚ ਅੱਖਾਂ ਖੋਲ੍ਹੀਆਂ ਤੇ ਲੱਗਭੱਗ 11 ਮਹੀਨੇ ਬਾਅਦ 6 ਦਸੰਬਰ ਨੂੰ ਬਾਬਾ ਸਾਹਿਬ ਨੇ ਅੱਖਾਂ ਬੰਦ ਕਰ ਲਈਆਂ। ਜਿਵੇਂ ਨਿਸ਼ਚਿੰਤ ਹੋ ਗਏ ਹੋਣ ਕਿ ਚਲੋ ਕੋਈ ਜ਼ਿੰਮੇਦਾਰੀ ਸੰਭਾਲਣ ਵਾਲਾ ਆ ਗਿਆ। ਅੱਜ ਮੌਜੂਦਾ ਸਮੇਂ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਕੁਮਾਰੀ ਮਾਇਆਵਤੀ ਜੀ ਇਕ-ਦੂਸਰੇ ਦੇ ਪੂਰਕ ਹਨ। ਬਹੁਜਨ ਸਮਾਜ ਪਾਰਟੀ ਦੇ ਪਿਛਲੇ 36 ਸਾਲਾਂ ਦੇ ਸਫਰ ਤੇ ਨਜਰ ਮਾਰਨ ਤੇ ਇਹ ਜਾਣਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਕਿ ਬਸਪਾ ਦੇ ਸੰਸਥਾਪਕ ਕਾਂਸ਼ੀਰਾਮ ਵਾਂਗ ਹੀ ਮਾਇਆਵਤੀ ਪਾਰਟੀ ਦੀ ਉੱਨਤੀ ਦਾ ਮੁੱਖ ਕਾਰਨ ਹੈ ।

ਸਨ 1977 ਵਿੱਚ ਜਦੋਂ ਦਿੱਲੀ ਦੇ ਕਰੋਲਬਾਗ ਵਿੱਚ ਰਹਿ ਕੇ ਕਾਂਸ਼ੀ ਰਾਮ ਆਪਣੀ ਨੇਤਾਗਿਰੀ ਨੂੰ ਅੱਗੇ ਵਧਾ ਰਹੇ ਸੀ, ਤਦ ਉਨ੍ਹਾਂ ਨੂੰ ਦਿੱਲੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਨ ਨੇ ਬਹੁਤ ਪ੍ਰਭਾਵਿਤ ਕੀਤਾ। ਲਾਅ ਫੈਕਲਟੀ ਦੀ 21ਸਾਲਾ ਵਿਦਿਆਰਥਨ ਅਨੁਸੂਚਿਤ ਜਾਤੀ ਦੇ ਅਧਿਕਾਰਾਂ ਅਤੇ ਸਨਮਾਨ ਦੀ ਲੜਾਈ ਦੀ ਸੋਚ ਵਾਲੀ ਇੱਕ ਅਜਿਹੀ ਨੌਜਵਾਨ ਸੀ, ਜਿਸ ਨਾਲ਼ ਕਾਂਸ਼ੀ ਰਾਮ ਦੇ ਅੰਦੋਲਨ ਨੂੰ ਧਾਰ ਮਿਲ਼ੀ। ਇਹ ਵਿਦਿਆਰਥਨ ਮਾਇਆਵਤੀ ਸੀ। ਉਦੋਂ ਮਾਇਆਵਤੀ ਸਿਵਿਲ ਸਰਵਿਸ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਆਪਣੀ ਸਵੈ ਜੀਵਨੀ ਵਿੱਚ ਮਾਇਆਵਤੀ ਜੀ ਨੇ ਲਿਖਿਆ ਹੈ, ‘ਮੇਰੇ ਵਿਚਾਰਾਂ ਅਤੇ ਟੀਚਿਆਂ ਨੂੰ ਸਮਝਦੇ ਹੋਏ ਕਾਂਸ਼ੀਰਾਮ ਜੀ ਨੇ ਮੈਨੂੰ ਸਮਝਾਇਆ ਕਿ ‘ਤੁਹਾਡੇ ਅੰਦਰ ਕਲੈਕਟਰ ਬਣਨ ਦੀ ਕਾਬਲੀਅਤ ਹੈ ਅਤੇ ਨੇਤਾ ਬਣਨ ਦੀ ਵੀ, ਪਰ ਜੇਕਰ ਤੁਸੀਂ ਨੇਤਾ ਬਣਦੇ ਹੋ ਤਾਂ ਅਜਿਹੇ ਕਈ ਕਲੈਕਟਰ ਤੁਹਾਡੇ ਪਿੱਛੇ ਫਾਇਲਾਂ ਚੁੱਕੀ ਖੜ੍ਹੇ ਰਹਿਣਗੇ। ਉਨ੍ਹਾਂ ਦੀ ਮੱਦਦ ਨਾਲ਼ ਤੁਸੀਂ ਦੱਬੇ-ਕੁਚਲੇ ਸ਼ੋਸ਼ਿਤ ਸਮਾਜ ਦਾ ਵਧੇਰੇ ਭਲਾ ਕਰ ਸਕਦੇ ਹੋ।’ ਮਾਇਆਵਤੀ ਜੀ ਸਵੀਕਾਰਦੇ ਹਨ ਕਿ ਕਾਂਸ਼ੀ ਰਾਮ ਨੇ ਉਸ ਨੂੰ ਇੱਕ ਸੁਪਨਾ ਦਿੱਤਾ, ਰਾਹ ਪ੍ਰਦਰਸ਼ਿਤ ਕੀਤਾ।

ਮਾਇਆਵਤੀ ਜੀ ਦੀ ਜੀਵਨੀ ਲਿਖਣ ਵਾਲੇ ਅਜੈ ਬੋਸ ਲਿਖਦੇ ਹਨ ਕਿ ‘ਕਾਂਸ਼ੀਰਾਮ, ਮਾਇਆਵਤੀ ਨਾਲ ਬਹੁਤ ਚੰਗਾ ਭਾਵਨਾਤਮਕ ਸਬੰਧ ਰੱਖਦੇ ਸਨ। ਕਾਂਸ਼ੀਰਾਮ ਦੇ ਗੁੱਸੇਖੋਰ ਸੁਭਾਅ, ਖਰੀ ਖਰੀ ਭਾਸ਼ਾ ਅਤੇ ਲੋੜ ਪੈਣ ਤੇ ਹੱਥਾਂ ਦੀ ਵਰਤੋਂ ਕਰਨ ਤੇ ਮਾਇਆਵਤੀ ਜੀ ਦੀਆਂ ਤਰਕਪੂਰਣ ਅਤੇ ਖਰੀਆਂ ਖਰੀਆਂ ਗੱਲਾਂ ਭਾਰੂ ਪੈਂਦੀਆਂ ਸਨ। ਇੱਕੋ ਜਿਹੇ ਹਮਲਾਵਰ ਸੁਭਾਅ ਵਾਲੇ ਦਲਿਤ ਚੇਤਨਾ ਲਈ ਸਮਰਪਿਤ ਇਨ੍ਹਾਂ ਦੋਵਾਂ ਜਣਿਆਂ ਦੇ ਕੰਮ ਕਰਨ ਦਾ ਢੰਗ ਵੱਖਰਾ ਹੋਣ ਦੇ ਬਾਵਜੂਦ ਇੱਕ ਦੂਜੇ ਦਾ ਪੂਰਕ ਸੀ। ਜਿੱਥੇ ਕਾਂਸ਼ੀ ਰਾਮ ਲੋਕਾਂ ਨਾਲ਼ ਘੁਲਣ ਮਿਲਣ, ਰਾਜਨੀਤਿਕ ਸੰਘਰਸ਼ ਅਤੇ ਗਪਸ਼ੱਪ ਵਿੱਚ ਯਕੀਨ ਰੱਖਦੇ ਸੀ ਉੱਥੇ ਮਾਇਆਵਤੀ ਅੰਤਰਮੁਖੀ ਰਹਿੰਦੇ ਹੋਏ ਰਾਜਨੀਤਿਕ ਬਹਿਸ ਨੂੰ ਸਮੇਂ ਦੀ ਬਰਬਾਦੀ ਮੰਨਦੀ ਸੀ। ਮਾਇਆਵਤੀ ਦਾ ਇਹ ਅੰਦਾਜ਼ ਅੱਜ ਵੀ ਬਰਕਰਾਰ ਹੈ। ਉਹ ਅੱਜ ਵੀ ਚੁੱਪਚਾਪ ਆਪਣਾ ਕੰਮ ਕਰਦੀ ਹੈ। ਰਾਜਨੀਤਿਕ ਅਟਕਲਬਾਜ਼ੀਆਂ ਵਿੱਚ ਉਹ ਨਾ ਤਾਂ ਖੁਦ ਸ਼ਾਮਿਲ ਹੁੰਦੀ ਹੈ ‘ਤੇ ਨਾ ਹੀ ਪਾਰਟੀ ਵਰਕਰਾਂ ਨੂੰ ਸ਼ਾਮਿਲ ਹੋਣ ਦਿੰਦੀ ਹੈ।

80 ਦੇ ਦਸ਼ਕ ਵਿੱਚ ਜਦੋਂ ਮਾਇਆਵਤੀ ਇੱਕ ਸਾਧਾਰਨ ਅਧਿਆਪਕਾ ਸੀ, ਉਦੋਂ ਵੀ ਆਪਣੀ ਸ਼ਖਸੀਅਤ ਮੁਤਾਬਿਕ ਪੁੱਛਿਆ ਕਰਦੀ ਸੀ ਕਿ ‘ਜੇਕਰ ਅਸੀਂ ਹਰੀਜਨ ਜਾਣੀ ਹਰੀ ਦੀ ਔਲਾਦ ਹਾਂ ਤਾਂ ਕੀ ਗਾਂਧੀ ਸ਼ੈਤਾਨ ਦੀ ਔਲਾਦ ਸੀ?’ ਆਪਣੀ ਇਸੇ ਤੇਜ਼ ਤਰਾਰੀ ਤੇ ਖਰੀ ਤੇਜਾਬੀ ਜ਼ੁਬਾਨ ਨਾਲ਼ ਜਦੋਂ ਉਨ੍ਹਾਂ ਨੇ ਵਰਣਵਾਦੀ ਵਿਵਸਥਾ ਨੂੰ ਮਨੂੰਵਾਦੀ ਕਹਿ ਕੇ ਹਿੰਦੀ ਭਾਸ਼ੀ ਰਾਜਾਂ ਵਿੱਚ ਲਤਾੜਨਾ ਸ਼ੁਰੂ ਕੀਤਾ ਸਦੀਆਂ ਤੋਂ ਦੱਬੇ-ਕੁਚਲੇ ਦਲਿਤ ਸਮਾਜ ਨੇ ਉਨ੍ਹਾਂ ਨੂੰ ਆਪਣੀ ਆਵਾਜ਼ ਅਤੇ ਆਪਣੇ ਲਈ ਯੁੱਧ ਕਰ ਰਿਹਾ ਯੋਧਾ ਮੰਨਿਆਂ। ਕਾਂਗਰਸ ਵਿੱਚ ਸਿਰਫ ਵੋਟ ਬੈਂਕ ਬਣ ਚੁੱਕੇ ਦਲਿਤ ਅਧਿਕਾਰੀ ਨੇਤਾ ਹੁਣ ਆਜ਼ਾਦ ਮਹਿਸੂਸ ਕਰਨ ਲੱਗੇ ਅਤੇ 80 ਦੇ ਦਸ਼ਕ ਦਾ ‘ਹਰਿਜਨ’ ਕਦੋਂ ਰਾਜਨੀਤਿਕ ਵਿਅਕਤੀਤਵ ਹਾਸਲ ਕਰ ਕੇ ‘ਦਲਿਤ’ ਬਣ ਗਿਆ, ਪਤਾ ਹੀ ਨਹੀਂ ਲੱਗਾ।

ਮਾਇਆਵਤੀ ਜੀ ਨੂੰ ਸਮਝਣ ਲਈ ਉਨ੍ਹਾਂ ਦੀ ਸਵੈਜੀਵਨੀ ‘ਮੇਰਾ ਸੰਘਰਸ਼ਮਈ ਜੀਵਨ ਅਤੇ ਬਹੁਜਨ ਸਮਾਜ ਮੂਵਮੈਂਟ ਦਾ ਸਫਰਨਾਮਾ’ ਦੇ ਪੰਨੇ ਪਲਟਣੇ ਪੈਣਗੇ। ਹਰ ਚੇਤਨਾ ਸੰਪੰਨ ਦਲਿਤ ਵਾਂਗ ਮਾਇਆਵਤੀ ਵਿੱਚ ਵੀ ਦਲਿਤ ਅੰਦੋਲਨ ਦੀ ਪਹਿਲੀ ਸਮਝ ਬਾਬਾ ਸਾਹਿਬ ਡਾ. ਅੰਬੇਡਕਰ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਆਈ। ਇਨ੍ਹਾਂ ਕਿਤਾਬਾਂ ਨਾਲ਼ ਮਾਇਆਵਤੀ ਜੀ ਦੀ ਪਹਿਲੀ ਜਾਣ-ਪਹਿਚਾਣ ਉਨ੍ਹਾਂ ਦੇ ਪਿਤਾ ਜੀ ਨੇ ਕਰਵਾਈ। ਮਾਇਆਵਤੀ ਜੀ ਨੇ ਆਪਣੀ ਸਵੈਜੀਵਨੀ ਵਿੱਚ ਲਿਖਿਆ ਹੈ ਕਿ ‘ਉਦੋਂ ਮੈਂ ਅੱਠਵੀਂ ਵਿੱਚ ਪੜ੍ਹਦੀ ਸੀ, ਇੱਕ ਦਿਨ ਮੈਂ ਪਿਤਾ ਜੀ ਨੂੰ ਪੁੱਛਿਆ ਕਿ ਜੇਕਰ ਮੈਂ ਵੀ ਡਾਕਟਰ ਅੰਬੇਡਕਰ ਵਾਂਗ ਕੰਮ ਕਰਾਂ ਤਾਂ ਕੀ ਲੋਕ ਮੇਰੀ ਬਰਸੀ ਵੀ ਬਾਬਾ ਸਾਹਿਬ ਵਾਂਗ ਹੀ ਮਨਾਉਣਗੇ?’

ਮਾਇਆਵਤੀ ਜੀ ਦੇ ਵਿਰੋਧੀ ਬੇਸ਼ੱਕ ਉਨ੍ਹਾਂ ਲਈ ਮਨਘੜਤ ਕਹਾਣੀਆਂ ਘੜਦੇ ਫਿਰਨ ‘ਤੇ ਉਨ੍ਹਾਂ ਉੱਪਰ ਤਾਨਾਸ਼ਾਹੀ ਦਾ ਦੋਸ਼ ਲਾਉਂਦੇ ਰਹਿਣ, ਪਰ ਮਾਇਆਵਤੀ ਜੀ ਦਾ ਰਾਜਨੀਤਿਕ ਜੀਵਨ ਐਨਾ ਸੌਖਾ ਨਹੀਂ ਰਿਹਾ। ਮਾਇਆਵਤੀ ਜੀ ਪਹਿਲਾਂ ਬਾਮਸੇਫ ਅਤੇ ਫਿਰ ਡੀਐਸ ਫੋਰ ਵਿਚ ਕਿਰਿਆਸ਼ੀਲ ਹੋਏ. ਦੋਵਾਂ ਸੰਸਥਾਵਾਂ ਦੀ ਸਥਾਪਨਾ ਕ੍ਰਮ: 1978 ਅਤੇ 1981 ਵਿਚ ਹੋਈ ਸੀ। ਉਸ ਸਮੇਂ ਇਨ੍ਹਾਂ ਸੰਗਠਨਾਂ ਨਾਲ਼ ਮਾਇਆਵਤੀ ਜੀ ਦਾ ਲਗਾਵ ਇਹ ਸਾਬਿਤ ਕਰਦਾ ਹੈ ਕਿ ਸੱਤਾ ਉਨ੍ਹਾਂ ਦਾ ਟੀਚਾ ਨਹੀਂ ਸੀ, ਉਹ ਖੁਦ ਤੈਅ ਕੀਤੇ ਉਦੇਸ਼ ਲਈ ਲੜ ਰਹੀ ਸੀ। ਇਹ ਉਹ ਸਮਾਂ ਸੀ ਜਦੋਂ ਦਲਿਤ ਅੰਦੋਲਨ ਦਾ ਕੋਈ ਭਵਿਖ ਨਹੀਂ ਦਿਸਦਾ ਸੀ। ਕੋਈ ਮੰਨਣ ਨੂੰ ਤਿਆਰ ਨਹੀਂ ਸੀ ਕਿ ਬਹੁਜਨ ਅੰਦੋਲਨ ਕਦੇ ਸਫਲ ਵੀ ਹੋਵੇਗਾ। ਮਾਇਆਵਤੀ ਅੱਜ ਜਿਸ ਮੁਕਾਮ ਤੇ ਹੈ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਸਖਤ ਮਿਹਨਤ ਤੇ ਸੰਘਰਸ਼ ਕੀਤਾ ਹੈ। ਨਿੱਜੀ ਜ਼ਿੰਦਗੀ ਵਿੱਚ ਪਰਿਵਾਰਕ ਪੱਧਰ ਤੇ ਵੀ ਉਨ੍ਹਾਂ ਨੇ ਬਹੁਤ ਤਕਲੀਫ਼ਾਂ ਝੱਲੀਆਂ। 1984 ਵਿੱਚ ਬਹੁਜਨ ਸਮਾਜ ਪਾਰਟੀ ਬਣਨ ਤੇ ਹੀ ਮਾਇਆਵਤੀ ਸਕ੍ਰੀਆ ਰਾਜਨੀਤੀ ਵਿੱਚ ਉੱਤਰੀ, ਪਰ ਪਿਤਾ ਜੀ ਉਨ੍ਹਾਂ ਦੇ ਰਾਜਨੀਤੀ ਵਿੱਚ ਜਾਣ ਦੇ ਵਿਰੋਧੀ ਸਨ। ਪਿਤਾ ਜੀ ਨੇ ਕਿਹਾ ਕਿ ਜੇਕਰ ਕਾਂਸ਼ੀ ਰਾਮ ਦਾ ਸਾਥ ਨਹੀਂ ਛੱਡਿਆ ਤਾਂ ਉਨ੍ਹਾਂ ਨੂੰ ਪਰਿਵਾਰ ਤੋਂ ਅਲੱਗ ਕਰ ਦਿੱਤਾ ਜਾਵੇਗਾ। ਆਪਣੀ ਸਵੈਜੀਵਨੀ ਵਿੱਚ ਮਾਇਆਵਤੀ ਲਿਖਦੀ ਹੈ ਕਿ ‘ਪਿਤਾ ਜੀ ਜਾਣਦੇ ਸੀ ਕਿ ਲੜਕੀ ਘਰ ਛੱਡਕੇ ਨਹੀਂ ਜਾ ਸਕਦੀ। ਉਨ੍ਹਾਂ ਨੇ ਮੈਨੂੰ ਮਜਬੂਰ ਕੀਤਾ ਪਰ ਮੈਂ ਉਨ੍ਹਾਂ ਦੀ ਇੱਕ ਨਹੀਂ ਸੁਣੀ।’ ਇਸ ਤੋਂ ਬਾਅਦ ਮਾਇਆਵਤੀ ਜੀ ਨੇ ਘਰ ਛੱਡ ਦਿੱਤਾ। ਉਨ੍ਹਾਂ ਦਾ ਵੱਡੇ ਭਰਾ ਨੇ ਸਾਥ ਦਿੱਤਾ। ਸੱਤ ਸਾਲਾਂ ਦੀ ਨੌਕਰੀ ਤੋਂ ਬਚੇ ਕੁਝ ਪੈਸੇ ਹੀ ਉਨ੍ਹਾਂ ਦੇ ਕੋਲ਼ ਸੀ। ਉਹ ਦੱਸਦੇ ਹਨ ਕਿ ‘ਮੈਂ ਆਪਣੇ ਭਰਾ ਨਾਲ਼ ਇੱਕ ਅਲੱਗ ਕਮਰਾ ਲੈ ਕੇ ਰਹਿੰਦੀ ਸੀ, ਕਮਰਾ ਕਾਂਸ਼ੀਰਾਮ ਜੀ ਨੇ ਦਿਵਾਇਆ ਸੀ। ਛੇਤੀ ਹੀ ਲੋਕਾਂ ਨੇ ਗਲਤ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਖੁਦ ਕਾਂਸ਼ੀ ਰਾਮ ਜੀ ਨੇ ਵੀ ਲਿਖਿਆ ਹੈ ਕਿ ‘ਰਾਜਨੀਤੀ ਵਿੱਚ ਆਉਂਦਿਆਂ ਹੀ ਮਾਇਆਵਤੀ ਜੀ ਦੀਆਂ ਬੇਹਿਸਾਬ ਮੁਸ਼ਕਿਲਾਂ ਸ਼ੁਰੂ ਹੋ ਗਈਆਂ।’

ਆਪਣੀ ਪਹਿਲੀ ਰਾਜਨੀਤਿਕ ਜਿੱਤ ਲਈ ਉਨ੍ਹਾਂ ਨੂੰ ਕਈ ਸਾਲ ਉਡੀਕ ਕਰਨੀ ਪਈ। 1984 ਵਿਚ ਬਸਪਾ ਦੀ ਸਥਾਪਨਾ ਤੋਂ ਬਾਅਦ ਹੀ ਮਾਇਆਵਤੀ ਜੀ ਨੇ ਕੈਰਾਨਾ ਤੋਂ ਚੋਣਾਵੀ ਸਫਰ ਦੀ ਸ਼ੁਰੂਆਤ ਕੀਤੀ। ਇਸ ਮੁਕਾਬਲੇ ਵਿੱਚ ਜਿੱਤ ਤਾਂ ਕਾਂਗਰਸੀ ਉਮੀਦਵਾਰ ਦੀ ਹੋਈ, ਪਰ ਮਾਇਆਵਤੀ ਜੀ ਨੇ ਵੀ ਆਪਣੀ ਦੱਮਦਾਰ ਹਾਜ਼ਰੀ ਦਰਜ਼ ਕਰਵਾਈ। ਇਸ ਚੋਣ ਵਿੱਚ ਮਾਇਆਵਤੀ ਜੀ ਨੇ 44,445 ਵੋਟਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਫਿਰ ਆਈ 1985 ਦੀ ਬਿਜਨੌਰ ਉਪਚੋਣ। ਇਸ ਚੋਣ ਵਿਚ ਉਹ 61,504 ਵੋਟਾਂ ਨਾਲ ਤੀਜੇ ਸਥਾਨ ਰਹੀ। ਮਾਇਆਵਤੀ ਜੀ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵਧ ਰਹੀ ਸੀ ਅਤੇ ਉਸ ਦੇ ਨਾਲ ਹੀ ਵੋਟਾਂ ਦੀ ਗਿਣਤੀ ਵੀ। 1987 ਵਿਚ ਹਰਿਦੁਆਰ ਸੀਟ ਤੋਂ 1,25,399 ਵੋਟਾਂ ਨਾਲ ਉਹ ਦੂਜੇ ਸਥਾਨ ‘ਤੇ ਰਹੀ। 1988 ਦੇ ਮਹੱਤਵਪੂਰਨ ਇਲਾਹਾਬਾਦ ਦੇ ਲੋਕ ਸਭਾ ਹਲਕੇ ਦੀ ਉਪਚੋਣ ਵਿਚ ਵੀ.ਪੀ.ਸਿੰਘ ਅਤੇ ਕਾਂਗਰਸ ਦੇ ਅਨਿਲ ਸ਼ਾਸਤਰੀ ਨਾਲ਼ ਇਤਿਹਾਸਿਕ ਮੁਕਾਬਲੇ ਵਿਚ ਤੀਸਰੀ ਵੱਡੀ ਦਾਵੇਦਾਰੀ ਕਾਂਸ਼ੀਰਾਮ ਜੀ ਦੀ ਪ੍ਰਧਾਨਗੀ ਵਿਚ ਇਸੇ ਬਹੁਜਨ ਸਮਾਜ ਪਾਰਟੀ ਨੇ ਪੇਸ਼ ਕੀਤੀ। ਐਨੀਆਂ ਕੋਸ਼ਿਸ਼ਾਂ ਤੋਂ ਬਾਅਦ ਸੰਨ 1989 ਵਿਚ ਬਿਜਨੌਰ ਤੋਂ 1,83,189 ਵੋਟਾਂ ਨਾਲ ਉਹ ਪਹਿਲੀ ਵਾਰ ਸੰਸਦ ਲਈ ਚੁਣੀ ਗਈ।

1984 ਵਿਚ ‘ਬੀਐਸਪੀ ਦੀ ਕੀ ਪਹਿਚਾਣ, ਨੀਲਾ ਝੰਡਾ-ਹਾਥੀ ਨਿਸ਼ਾਨ’ ਅਤੇ ਬਾਬਾ ਤੇਰਾ ਮਿਸ਼ਨ ਅਧੂਰਾ ਮਾਇਆਵਤੀ ਜੀ ਕਰੇਗੀ ਪੂਰਾ, ਦੇ ਨਾਰਿਆਂ ਨਾਲ ਬਸਪਾ ਨੇ 1993 ਵਿਚ ਸਪਾ (ਪੱਛੜੇ, ਮੁਸਲਿਮ) ਅਤੇ ਬਸਪਾ (ਬਹੁਤ ਜ਼ਿਆਦਾ ਪੱਛੜੇ ਅਤੇ ਦਲਿਤ ) ਗਠਬੰਧਨ ਕਰਕੇ, ‘ ਮਿਲੇ ਮੁਲਾਇਮ-ਕਾਂਸ਼ੀਰਾਮ, ਹਵਾ ਮੇਂ ਉੜ ਗਏ ਜੈ ਸ਼੍ਰੀਰਾਮ’ ਦਾ ਨਾਅਰਾ ਦਿੱਤਾ। ਲੱਗਿਆ ਕਿ ਭਾਜਪਾ ਦੇ ਪੂਰੇ ਰਾਮ ਮੰਦਿਰ ਅੰਦੋਲਨ ਨੂੰ ਧੂੜ ਚਟਾ ਕੇ ਧਰਮ ਅਤੇ ਰਾਜਨੀਤਿਕ ਅੰਦੋਲਨ ਦੀ ਰੀੜ੍ਹ ਹੀ ਤੋੜ ਦਿੱਤੀ ਗਈ ਹੈ। ਕਾਂਸ਼ੀਰਾਮ ਦੀ ਤਰ੍ਹਾਂ ਉਹ (ਮਾਇਆਵਤੀ)ਉੱਤਰ ਪ੍ਰਦੇਸ਼ ਤੋਂ ਬਾਹਰ ਦੀ ਨਹੀਂ ਸੀ, ਉਹ ਯੂਪੀ ਦੀ ਬੇਟੀ ਸੀ, ਉਹ ਦਲਿਤ ਦੀ ਬੇਟੀ ਸੀ। ਮਾਇਆਵਤੀ ਜੀ ਦੀ ਇਸੇ ਜ਼ਮੀਨੀ ਪਕੜ ਅਤੇ ਹਮਲਾਵਰ ਰੁਖ਼ ਦੇ ਚੱਲਦਿਆਂ 1989 ਵਿਚ ਬਸਪਾ ਸਿਰਫ ਦੋ ਲੋਕ ਸਭਾ ਸੀਟਾਂ ‘ਤੇ 9.93 ਫੀਸਦ ਵੋਟਾਂ ਤੋਂ ਵੱਧ ਕੇ 1999 ਆਉਂਦੇ-ਆਉਂਦੇ 14 ਸੀਟਾਂ ਅਤੇ 22.8 ਫੀਸਦ ਵੋਟਾਂ’ ਤੇ ਪਹੁੰਚ ਗਈ।

1995 ਵਿਚ ਭਾਜਪਾ ਨਾਲ਼ ਹੱਥ ਮਿਲ਼ਾ ਕੇ ਦਲਿਤ ਦੀ ਬੇਟੀ ਪਹਿਲੀ ਦਲਿਤ ਔਰਤ ਮੁੱਖ ਮੰਤਰੀ ਬਣ ਗਈ। ਹਰ ਦੇਸ਼ ਦੇ ਨਾਲ-ਨਾਲ ਦੇਸ਼ ਦੇ ਬਾਹਰ ਦੇ ਲੋਕਾਂ ਲਈ ਵੀ ਅਚੰਬੇ ਵਾਲੀ ਗੱਲ ਸੀ। ਇਹ ਉਹ ਸਮਾਂ ਸੀ ਜਦੋਂ ਮਾਇਆਵਤੀ ਦੁਨੀਆਂ ਦੇ ਨਕਸ਼ੇ ‘ਤੇ ਅਚਾਨਕ ਇੱਕ ਕੱਦਾਵਰ ਨੇਤਾ ਦੇ ਰੂਪ ਵਿੱਚ ਉੱਭਰੀ ਸੀ।ਉਨ੍ਹਾਂ ਦੀਆਂ ਇਨ੍ਹਾਂ ਉਪਲੱਬਧੀਆਂ ਕਰਕੇ ਨਾਮਵਰ ‘ਨਿਉਜ਼ ਵੀਕ’ ਅਖ਼ਬਾਰ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋ ਵੱਧ ਤਾਕਤਵਰ ਔਰਤਾਂ ਵਿੱਚ ਸ਼ਾਮਿਲ ਕਰ ਚੁੱਕੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਬਹੁਜਨ ਨਾਇਕਾਂ ਅਤੇ ਬਹੁਜਨ ਹਿੱਤਾਂ ਤੇ ਵਿਸ਼ੇਸ਼ ਧਿਆਨ ਦਿੱਤਾ। ਮਾਇਆਵਤੀ ਜੀ ਨੇ ਅੰਬੇਡਕਰ ਗ੍ਰਾਮ ਯੋਜਨਾ ਲਿਆ ਕੇ ਜਿਨਾਂ ਪਿੰਡਾਂ ਵਿੱਚ ਅਨੁਸੂਚਿਤ ਜਾਤੀਆਂ ਦੀ ਗਿਣਤੀ ਵਧੇਰੇ ਸੀ, ਉਨਾਂ ਪਿੰਡਾਂ ਵਿੱਚ ਸਰਕਾਰੀ ਨਿਵੇਸ਼ ਵਧਾ ਦਿੱਤਾ।ਥਾਣਿਆਂ ਵਿੱਚ ਦਲਿਤ ਅਧਿਕਾਰੀ ਨਿਯੁਕਤ ਕਰਕੇ ਦਲਿਤ ਉਤਪੀੜਨ ‘ਤੇ ਰੋਕ ਲਗਾ ਦਿੱਤੀ ਅਤੇ ਦਲਿਤ ਮਹਾਂਪੁਰਸ਼ਾਂ ਦੇ ਨਾਮ ‘ਤੇ ਨਵੇਂ ਜ਼ਿਲ੍ਹਿਆਂ ਦਾ ਐਲਾਨ ਕਰ ਕੇ ਦਲਿਤਾਂ ਨੂੰ ਮੋਹ ਲਿਆ। ਉਦੋਂ ਤੋਂ ਹੀ ਦਲਿਤਾਂ ਦੇ ਨਾਲ਼-ਨਾਲ਼ ਪੱਛੜੇ ਵਰਗ ਤੇ ਵੀ ਮਾਇਆਵਤੀ ਜੀ ਦਾ ਖਾਸ ਪ੍ਰਭਾਵ ਰਿਹਾ ਹੈ। ਸੀ. ਐਸ. ਡੀ. ਐਸ. ਦੀ ਰਿਪੋਰਟ ਨੂੰ ਮੰਨਿਆਂ ਜਾਵੇ ਤਾਂ 1996 ਵਿਚ ਬਸਪਾ ਨੂੰ 27% ਕੁਰਮੀ, 24.7% ਕੋਈਰੀ ਵੋਟ ਮਿਲੇ। ਸਮਾਜਵਾਦੀ ਪਾਰਟੀ ਤਾਂ ਮਾਇਆਵਤੀ ਜੀ ਅਤੇ ਬਸਪਾ ਦੇ ਵਧਦੇ ਕਦਮਾਂ ਤੋਂ ਐਨਾਂ ਬੌਖਲਾ ਗਏ ਕਿ ਉਨ੍ਹਾਂ ਦੇ ਲੋਕਾਂ ਨੇ ਮਾਇਆਵਤੀ ਜੀ ਤੇ ਹਮਲਾ ਹੀ ਕਰ ਦਿੱਤਾ। ਮੁਲਾਇਮ ਦੀ ਪਾਰਟੀ ਦੇ ਕੁੱਝ ਲੋਕਾਂ ਦੁਆਰਾ ਗੈਸਟ ਹਾਉਸ ਵਿੱਚ ਮਾਇਆਵਤੀ ਜੀ ਤੇ ਕੀਤੇ ਗਏ ਜਾਨਲੇਵਾ ਹਮਲੇ ਵਿੱਚ ਸਵਰਨ ਨੇਤਾ ਖਾਸ ਕਰ ਬ੍ਰਹਮ ਦੱਤ ਦਿਵੇਦੀ ਦੁਆਰਾ ਬਚਾਈ ਗਈ ਮਾਇਆਵਤੀ ਜੀ ਦੀ ਜਾਨ ਨੇ ਸੰਨ 2005 ਵਿਚ ਬਸਪਾ ਵਿਚ ਹੀ ਸਵਰਨ ਨੇਤਾ ਉਭਾਰਨੇ ਸ਼ੁਰੂ ਕਰ ਦਿੱਤੇ। ਇਸਨੂੰ ਯੂਪੀ ਤੋਂ ਬਣਾਏ ਗਏ ਬੁਲਾਰੇ ਵਕੀਲ ਸਤੀਸ਼ ਚੰਦਰ ਮਿਸ਼ਰਾ ਨੇ ਅਮਲੀ ਜਾਮਾ ਪਹਿਨਾ ਦਿੱਤਾ। ਮਾਇਆਵਤੀ ਜੀ ਨੇ ਸਵਰਨ ਅਤੇ ਬ੍ਰਾਹਮਣ ਨੇਤਾਵਾਂ ਵਧੇਰੇ ਮਹੱਤਵ ਦੇਣਾ, ਕਾਂਸ਼ੀ ਰਾਮ ਦੁਆਰਾ ਬਣਾਇਆ ਗਿਆ 15 ਬਨਾਮ 85 ਫੀਸਦ ਬਹੁਜਨ ਸਮਾਜਿਕ ਸਮੀਕਰਨ 25% ਦਲਿਤ, 9% ਬ੍ਰਾਹਮਣ + 20% ਅੱਤ ਪੱਛੜਿਆਂ ਦਾ ਸਮੀਕਰਨ ਕਰ ਦਿੱਤਾ। ਕਾਂਗਰਸ ਦੇ ਜਾਂਦਿਆਂ ਹੀ ਜੋ ਬ੍ਰਾਹਮਣ ਨੇਤਰਤੱਵ ਤੋਂ ਵਾਂਝੇ ਹੋ ਗਏ ਸੀ ਉਹ ਸਤੀਸ਼ ਚੰਦਰ ਦੇ ਨੇਤਰਤੱਵ ਵਿੱਚ 2007 ਵਿਚ ਵੱਡੀ ਗਿਣਤੀ ਵਿੱਚ ਬਸਪਾ ਨਾਲ਼ ਜੁੜੇ। ਇਥੋਂ ਤੱਕ ਕਿ 42 ਬ੍ਰਾਹਮਣ ਜਿੱਤ ਕੇ ਬਸਪਾ ਦੀ ਪਹਿਲੀ ਵਾਰ ਬਣੀ ਪੂਰਣ ਬਹੁਮਤ ਦੀ ਸਰਕਾਰ ਦਾ ਹਿੱਸਾ ਬਣੇ। ਇਹ ਸਭ ਮਾਇਆਵਤੀ ਜੀ ਦੀ ਬੇਹਤਰੀਨ ਰਾਜਨੀਤਿਕ ਸੂਝ-ਬੂਝ ਦਾ ਹੀ ਨਤੀਜਾ ਸੀ। ਉਨ੍ਹਾਂ ਦੇ ਵਿਰੋਧੀ ਚਾਹੇ ਕੁੱਝ ਵੀ ਕਹਿਣ, ਪਰ ਤਾਜ ਐਕਸਪ੍ਰੈਸ ਵੇਅ ਅਤੇ ਬੁੱਧ ਇੰਟਰਨੈਸ਼ਨਲ ਸਰਕਲ ਮਾਇਆਵਤੀ ਜੀ ਦੇ ਮੁੱਖ ਮੰਤਰੀ ਕਾਲ ਦੀ ਐਸੀ ਉਪਲਬਧੀ ਹੈ, ਜਿਸ ਬਾਰੇ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਸੋਚ ਵੀ ਨਹੀਂ ਸਕਦੇ ਸੀ। ਸੀਨੀਅਰ ਲੇਖਿਕਾ ਅਰੁਣਧਤੀ ਰਾਇ ਵੀ ਵਿਰੋਧੀਆਂ ਦੇ ਇਸ ਦੇ ਦੁਸ਼ਪ੍ਰਚਾਰ ਦਾ ਸ਼ਿਕਾਰ ਸੀ, ਪਰ ਨੋਇਡਾ ਵਿਚ ਬੁਧ ਇੰਟਰਨੇਸ਼ਨਲ ਸਰਕਲ ਦੇਖਣ ਤੇ ਬਾਅਦ ਆਪਣੇ ਇੱਕ ਲੇਖ ਵਿਚ ਉਸ ਨੇ ਮਾਇਆਵਤੀ ਜੀ ਦੀ ਤਾਰੀਫ਼ ਦੇ ਪੁਲ ਬੰਨੇ।

ਪ੍ਰਸ਼ਾਸਕ ਦੇ ਰੂਪ ਵਿਚ ‘ਭੈਣ ਜੀ’ ਦਾ ਤੇਵਰ ਹਮੇਸ਼ਾ ਉਗਰ ਰਿਹਾ ਹੈ ਅਤੇ ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ। ਉੱਤਰ ਪ੍ਰਦੇਸ਼ ਦੇ ਇੱਕ ਵੱਡੇ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦੁਆਰਾ ਇੱਕ ਜਨਤਕ ਸਭਾ ਵਿੱਚ, ਜਿਸ ਵਿੱਚ ਅਜੀਤ ਸਿੰਘ ਵੀ ਹਾਜ਼ਰ ਸੀ, ਮਾਇਆਵਤੀ ਜੀ ਨੂੰ ਗਾਲ਼ੀ ਗਲੋਚ ਕੀਤਾ। ਭੈਣ ਜੀ ਨੇ ਟਿਕੈਤ ਦੀ ਗ੍ਰਿਫਤਾਰੀ ਦਾ ਆਦੇਸ਼ ਦਿੱਤਾ। ਟਿਕੈਤ ਬਿਜਨੌਰ ਤੋਂ ਮਜ਼ਬੂਤ ​​ਅਧਾਰ ਵਾਲੇ ਆਪਣੇ ਪਿੰਡ ਸਿਸੌਲੀ (ਮੁਜੱਫਰ ਨਗਰ) ਆ ਗਿਆ। ਪਿੰਡ ਦੀ ਘੇਰਾਬੰਦੀ ਕਰ ਦਿੱਤੀ ਗਈ, ਪਾਣੀ ਬਿਜਲੀ ਕੱਟ ਦਿੱਤੀ ਗਈ। ਅੰਤ ਵਿੱਚ ਬੜਬੋਲਾ ਟਿਕੈਤ ਆਪਣੀ ਔਕਾਤ ਵਿੱਚ ਆ ਗਿਆ, ਉਸਨੇ ਗਿੜਗਿੜਾ ਕੇ ਮੁੱਖ ਮੰਤਰੀ ਮਾਇਆਵਤੀ ਜੀ ਤੋਂ ਮਾਫੀ ਮੰਗੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉੱਥੋਂ ਹੀ ਮੁਲਾਇਮ ਰਾਜ ਨੂੰ ਪਟਖਨੀ ਦੇ ਕੇ ਸੱਤਾ ਵਿੱਚ ਪਹੁੰਚੀ ਮਾਇਆਵਤੀ ਜੀ ਨੇ ਯੁੂਪੀ ਦੇ ਵੱਡੇ -ਵੱਡੇ ਗੁੰਡਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਅਤੇ ਕਈ ਅੰਡਰਗ੍ਰਾਉਂਡ ਹੋ ਗਏ। ਸਖਤ ਪ੍ਰਸ਼ਾਸਨ ਲਈ ਵਿਰੋਧੀ ਵੀ ਉਨ੍ਹਾਂ ਦਾ ਲੋਹਾ ਮੰਨਦੇ ਹਨ। ਚਾਹੇ ਕਿਸੇ ਵੀ ਜਾਤ ਜਾਂ ਧਰਮ ਦਾ ਵਿਅਕਤੀ ਹੋਵੇ, ਪ੍ਰਦੇਸ਼ ਦੇ ਆਮ ਲੋਕ ਬਸਪਾ ਦੇ ਰਾਜ ਵਿਚ ਹਮੇਸ਼ਾ ਸੁਰੱਖਿਅਤ ਮਹਿਸੂਸ ਕਰਦੇ ਹਨ। ਖਾਸ ਕਰ ਔਰਤਾਂ ਨੇ ਇੱਕ ਔਰਤ ਮੁੱਖ ਮੰਤਰੀ ਦੇ ਪ੍ਰਸ਼ਾਸਨ ਨੂੰ ਬਹੁਤ ਪਸੰਧ ਕੀਤਾ। ‘ਚੜ੍ਹ ਗੁੰਡੋ ਕੀ ਛਾਤੀ ਪਰ, ਮੁਹਰ ਲਗੇਗੀ ਹਾਥੀ ਪਰ’ ਵਰਗੇ ਨਾਅਰੇ ਇੱਕ ਸਮੇਂ ਉੱਤਰ ਪ੍ਰਦੇਸ਼ ਦੀ ਹਵਾ ਵਿੱਚ ਖੂਬ ਗੂੰਜੇ ਸੀ। ਮਾਇਆਵਤੀ ਨੇ ਹਮੇਸ਼ਾ ਆਪਣੀ ਸਖ਼ਤ ਛਵੀ ਅਨੁਸਾਰ ਹੀ ਕੰਮ ਕੀਤਾ ਹੈ। ਬਹੁਜਨ ਨਾਇਕਾਂ ਦੇ ਸਨਮਾਨ ਨੂੰ ਲੈ ਕੇ ਵੀ ਮਾਇਆਵਤੀ ਜੀ ਹਮੇਸ਼ਾ ਸੁਚੇਤ ਰਹੀ। ਇਹ ਉਦੋਂ ਦੇਖਿਆ ਗਿਆ ਜਦੋਂ 2007 ਵਿੱਚ ਉਨ੍ਹਾਂ ਨੇ ਲਖਨਊ ਦੇ ਅੰਬੇਡਕਰ ਸਮਾਰਕ ਦੇ ਰੱਖ-ਰਖਾਵ ਵਿੱਚ ਲਾਪਰਵਾਹੀ ਵਰਤਣ ਵਾਲੇ ਕੁੱਝ ਅਧਿਕਾਰੀਆਂ ਨੂੰ ਸਸਪੈੰਡ ਕਰ ਦਿੱਤਾ। ਮਾਇਆਵਤੀ ਦਾ ਪੂਰਾ ਧਿਆਨ ਦਲਿਤਾਂ ਦੇ ਹਿੱਤ ਪੂਰੇ ਕਰਨ ਤੇ ਰਿਹਾ। ਉਨ੍ਹਾਂ ਵਲੋਂ ਬੈਕਲਾਗ ਦੀਆਂ ਭਰਤੀਆਂ ਤੇ ਵਾਰ-ਵਾਰ ਪੁੱਛ-ਗਿੱਛ ਜਾਰੀ ਰਹੀ। ਦਲਿਤ ਕੋਟੇ ਨੂੰ ਪੂਰਾ ਕਰਨਾ ਅਤੇ ਮਹੱਤਵਪੂਰਣ ਪਦਵੀਆਂ ਤੇ ਉਨ੍ਹਾਂ ਦੇ ਖਾਸ ਲੋਕਾਂ ਦੀ ਭਰਤੀ ਇਹ ਗੱਲ ਦਰਸਾਉਂਦੀ ਵੀ ਰਹੀ ਹੈ।

ਆਪਣੇ ਰਾਜਨੀਤਿਕ ਗੁਰੂ, ਸਚੇਤਕ ਅਤੇ ਬਸਪਾ ਦੇ ਸੰਸਥਾਪਕ ਮਾਨਿਆਵਰ ਕਾਂਸ਼ੀਰਾਮ ਜੀ ਦੇ ਗੁਜਰਨ ਤੋਂ ਬਾਅਦ ਮਾਇਆਵਤੀ ਜੀ ਨੂੰ ਝਟਕਾ ਲੱਗਾ, ਪਰ ਉਦੋਂ ਤੱਕ ਉਹ ਪਰਪੱਕ ਹੋ ਚੁੱਕੀ ਸੀ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਕਈ ਬੜੇ ਨਾਮਾਂ ਨੇ ਬਸਪਾ ਦਾ ਸਾਥ ਛੱਡ ਦਿੱਤਾ। ਇਨ੍ਹਾਂ ਵਿੱਚ ਬਸਪਾ ਨੂੰ ਕਈ ਸਾਲ ਦੇਣ ਵਾਲੇ ਸਲੇਮਪੁਰ ਦੇ ਸਾਬਕਾ ਸਾਂਸਦ ਬੱਬਨ ਰਾਜਭਰ ਹੋਵੇ, ਬਲਿਆ ਤੋਂ ਹੀ ਕਾਂਸ਼ੀਰਾਮ ਦੇ ਸਾਥੀ ਸਾਬਕਾ ਸਾਂਸਦ ਬਲਿਹਾਰੀ ਬਾਬੂ ਹੋਵੇ, ਇਲਾਹਾਬਾਦ ਤੋਂ ਇੰਡੀਅਨ ਜਸਟਿਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਕਾਲੀਚਰਣ ਸੋਨਕਰ ਹੋਵੇ ਜਾਂ ਫਿਰ ਆਜ਼ਮਗੜ ਤੋਂ ਸਗੜੀ ਦੇ ਨੇਤਾ ਮਲਿਕ ਮਸੂਦ, ਬਹੁਤ ਸਾਰੇ ਲੋਕ ਪਾਰਟੀ ਤੋਂ ਵੱਖਰੇ ਹੋ ਗਏ। ਇਨ੍ਹਾਂ ਵਿੱਚੋਂ ਕਈ ਕਾਂਗਰਸ ਦੀ ਸ਼ੋਭਾ ਵਧਾ ਰਹੇ ਹਨ, ਪਰ ਕੁਝ ਲੋਕ ਅਜਿਹੇ ਵੀ ਹਨ ਜੋ ‘ਭੈਣ ਜੀ’ ਦੇ ਪਿੱਛੇ ਪ੍ਰਛਾਵੇਂ ਵਾਂਗ ਖੜ੍ਹੇ ਰਹੇ। ਇਨ੍ਹਾਂ ਵਿੱਚ ਕਾਂਸ਼ੀਰਾਮ ਜੀ ਦੇ ਸਕੱਤਰ ਰਹੇ ਐਂਬੇਥ ਰਾਜਨ ਅਤੇ ਪਾਰਟੀ ਦਾ ਬਿਹਾਰ ਪ੍ਰਭਾਰੀ ਗਾਂਧੀ ਆਜ਼ਾਦ ਵਰਗਾ ਦ੍ਰਿੜ ਦਲਿਤ ਵਰਕਰ ਹੈ। ਐਂਬੇਥ ਰਾਜਨ ਦਾ ਸੰਗਠਨ ਕਾਂਸ਼ੀਰਾਮ ਜੀ ਅਤੇ ਹੋਰ ਦਲਿਤਾਂ ਨੂੰ ਦਿੱਲੀ ਵਿੱਚ ਜ਼ਰੂਰੀ ਸਹੂਲਤਾਂ ਦਿੰਦਾ ਸੀ। ਅੱਜ ਵੀ ਉਹ ਉਸੇ ਪ੍ਰਕਾਰ ਦੀਆਂ ਸੇਵਾਵਾਂ ਬਸਪਾ ਦਾ ਖਜਾਂਨਚੀ ਬਣ ਕੇ ਦੇ ਰਹੇ ਹਨ।

ਮਾਇਅਵਤੀ ਦੇ ਜੀਵਨ ਸੰਘਰਸ਼ ‘ਤੇ ਜਵਾਹਰ ਲਾਲ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋ. ਵਿਵੇਕ ਕੁਮਾਰ ਨੇ ਪਿਛਲੇ ਦਿਨੀਂ ਇੱਕ ਲੇਖ ਲਿਖਿਆ ਸੀ, ‘ਇਹ ਵਿਡੰਬਨਾ ਹੈ ਕਿ ਲੋਕ ਅੱਜ ਮਾਇਆਵਤੀ ਜੀ ਦੇ ਗਹਿਣੇ ਦੇਖਦੇ ਹਨ, ਉਨ੍ਹਾਂ ਦਾ ਲੰਬਾ ਸੰਘਰਸ਼ ਅਤੇ ਇੱਕ-ਇੱਕ ਵਰਕਰ ਤੱਕ ਪਹੁੰਚਣ ਦੀ ਮਿਹਨਤ ਨਹੀਂ ਦੇਖਦੇ। ਉਹ ਇਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਸੰਗਠਨ ਖੜ੍ਹਾ ਕਰਨ ਲਈ ਮਾਇਆਵਤੀ ਕਿੰਨਾ ਪੈਦਲ ਚੱਲੀ। ਕਿੰਨੇ ਦਿਨ-ਰਾਤ ਉਨ੍ਹਾਂ ਨੇ ਦਲਿਤ ਬਸਤੀਆਂ ਵਿਚ ਕੱਟੇ। ਮੀਡੀਆ ਨੇ ਇਨ੍ਹਾਂ ਤੱਥਾਂ ਤੋਂ ਅੱਖਾਂ ਬੰਦ ਕਰ ਰੱਖੀਆਂ ਹਨ। ਜਾਤੀ ਅਤੇ ਮਜ਼ਹਬ ਦੀਆਂ ਬੇੜਆਂ ਤੋੜ ਕੇ ਮਾਇਆਵਤੀ ਜੀ ਨੇ ਆਪਣੀ ਪਕੜ ਸਮਾਜ ਦੇ ਹਰ ਵਰਗ ਵਿੱਚ ਬਣਾਈ ਹੈ। ਉਹ ਉੱਤਰ ਦੀ ਪਹਿਲੀ ਐਸੀ ਨੇਤਾ ਹਨ, ਜਿਨ੍ਹਾਂ ਨੇ ਨੌਕਰਸ਼ਾਹਾਂ ਨੂੰ ਦੱਸਿਆ ਕਿ ਉਹ ਮਾਲਕ ਨਹੀਂ, ਜਨਸੇਵਕ ਹਨ। ਹੁਣ ਸਰਵਜਨ ਦਾ ਨਾਅਰਾ ਦੇਕੇ ਉਨ੍ਹਾਂ ਨੇ ਬਹੁਜਨਾਂ ਦੇ ਮਨ ਵਿਚ ਆਪਣਾ ਪਹਿਲਾ ਦਲਿਤ ਪ੍ਰਧਾਨ ਮੰਤਰੀ ਦੇਖਣ ਦੀ ਇੱਛਾ ਵਧਾ ਦਿੱਤੀ ਹੈ। ਦਲਿਤ ਅੰਦੋਲਨ ਅਤੇ ਸਮਾਜ ਹੁਣ ਮਾਇਆਵਤੀ ਜੀ ਵਿੱਚ ਆਪਣਾ ਚਿਹਰਾ ਦੇਖ ਰਿਹਾ ਹੈ। ਭਾਰਤੀ ਲੋਕਤੰਤਰ ਨੂੰ ਸਮਾਜ ਦੀ ਸਭ ਤੋਂ ਆਖਰੀ ਕਤਾਰ ‘ਚੋਂ ਨਿੱਕਲੀ ਇੱਕ ਆਮ ਔਰਤ ਦੀਆਂ ਉਪਲਬਧੀਆਂ ‘ਤੇ ਗਰਵ ਹੋਣਾ ਚਾਹੀਦਾ ਹੈ।

ਵਿਦਰੋਹੀ ਸਾਗਰ ਅੰਬੇਡਕਰ ?
ਸਾਹਿਬ ਕਾਂਸ਼ੀ ਰਾਮ ਜੀ ਦੀ ਪਾਠਸ਼ਾਲਾ ਵਿੱਚੋਂ ਅੰਦੋਲਨ ਹਿਤ ਜਾਰੀ

Previous articleਐਨ. ਆਰ. ਆਈ. ਗਾਖਲ ਭਰਾਵਾਂ ਵੱਲੋਂ ਗਰੀਬਾਂ ਦੀ ਮਦਦ ਲਈ 2 ਲੱਖ ਰੁਪਏ ਦੀ ਰਾਸ਼ੀ ਭੇਜੀ
Next articleਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਤਾਲਾਬੰਦੀ ਨੂੰ ਹਟਾਇਆ ਜਾਵੇਗਾ- ਮੁੱਖ ਮੰਤਰੀ ਨੇ ਦਿੱਤਾ ਨਾਪਾ ਨੂੰ ਭਰੋਸਾ