ਕੁਆਡ ਮੁਲਕਾਂ ਨੇ ਚੀਨ ਵੱਲੋਂ ਪੇਸ਼ ਚੁਣੌਤੀਆਂ ਉੱਤੇ ਕੀਤੀ ਚਰਚਾ: ਸੁਲੀਵਨ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ, ਭਾਰਤ, ਆਸਟਰੇਲੀਆ ਅਤੇ ਜਪਾਨ ਦੇ ਆਗੂਆਂ ਨੇ ਕੁਆਡ ਮੁਲਕਾਂ ਦੀ ਪਹਿਲੀ ਮੀਟਿੰਗ ਦੌਰਾਨ ਚੀਨ ਵੱਲੋਂ ਪੇਸ਼ ਚੁਣੌਤੀਆਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਪੇਈਚਿੰਗ ਨੂੰ ਲੈ ਕੇ ਉਹ ਕਿਸੇ ਵੀ ਭੁਲੇਖੇ ’ਚ ਨਹੀਂ ਹਨ। ਇਹ ਗੱਲ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਹੀ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਵਿਚਾਲੇ ਇਤਿਹਾਸਕ ਡਿਜੀਟਲ ਕਵਾਡ ਸਿਖਰ ਸੰਮੇਲਨ ਤੋਂ ਬਾਅਦ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਚਾਰੋਂ ਆਗੂ ਇਸ ਸਾਲ ਮਿਲ ਬੈਠ ਕੇ ਸਿਖਰ ਸੰਮੇਲਨ ਕਰਨ ਲਈ ਸਹਿਮਤ ਹੋਏ ਹਨ। ਸੁਲੀਵਨ ਨੇ ਕਿਹਾ ਕਿ ਆਗੂਆਂ ਨੇ ਦੱਖਣੀ ਤੇ ਪੂਰਬੀ ਚੀਨੀ ਸਾਗਰ ’ਚ ਆਵਾਜਾਈ ਦੀ ਆਜ਼ਾਦੀ ਅਤੇ ਜ਼ੋਰ-ਜ਼ਬਰਦਸਤੀ ਤੋਂ ਆਜ਼ਾਦੀ ਸਮੇਤ ਖੇਤਰੀ ਮੁੱਦਿਆਂ, ਉੱਤਰ ਕੋਰੀਆ ਪ੍ਰਮਾਣੂ ਮਸਲਾ ਅਤੇ ਮਿਆਂਮਾਰ ’ਚ ਰਾਜ ਪਲਟੇ ਤੇ ਹਿੰਸਾ ਬਾਰੇ ਚਰਚਾ ਕੀਤੀ।

ਚੀਨ ਦੇ ਸਿਖਰਲੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਸੁਲੀਵਨ ਨੇ ਕਿਹਾ, ‘ਮੀਟਿੰਗ ’ਚ ਔਖਾ ਸਮਾਂ ਗੁਜ਼ਰਨ ਦੇ ਬਾਵਜੂਦ ਬਿਹਤਰ ਭਵਿੱਖ ਲਈ ਉਮੀਦ ਜ਼ਾਹਿਰ ਕੀਤੀ ਗਈ।’ ਉਨ੍ਹਾਂ ਕਿਹਾ ਕਿ ਚਾਰਾਂ ਮੁਲਕਾਂ ਦੇ ਆਗੂਆਂ ਨੇ ਚੀਨ ਵੱਲੋਂ ਪੇਸ਼ ਚੁਣੌਤੀਆਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ’ਚੋਂ ਕੋਈ ਵੀ ਚੀਨ ਨੂੰ ਲੈ ਕੇ ਕਿਸੇ ਭੁਲੇਖੇ ’ਚ ਨਹੀਂ ਹੈ ਪਰ ਅੱਜ ਦੀ ਚਰਚਾ ਮੁੱਖ ਤੌਰ ’ਤੇ ਚੀਨ ਨੂੰ ਲੈ ਕੇ ਨਹੀਂ ਸੀ। ਸੁਲੀਵਨ ਤੇ ਐਂਟਨੀ ਬਲਿੰਕਨ 18-19 ਮਾਰਚ ਨੂੰ ਚੀਨ ਦੇ ਆਪਣੇ ਹਮਰੁਤਬਾ ਨਾਲ ਅਲਾਸਕਾ ਦੇ ਐਂਕਰੇਜ ’ਚ ਮੁਲਾਕਾਤ ਕਰਨਗੇ।

Previous articleਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਤੈਅ ਕਰਨ ਬਾਰੇ ਭਾਜਪਾ ਦੀ ਬੈਠਕ
Next articleਸਾਬਕਾ ਵਿਧਾਇਕ ਮਰਾਹੜ ਦਾ ਕਰੋਨਾ ਕਾਰਨ ਦੇਹਾਂਤ