ਕੀ ਪੰਜਾਬ ‘ਚ ਸ਼ਰੇਆਮ ਚੱਲ ਰਹੀ ਆਨਲਾਈਨ ਸੱਟੇਬਾਜ਼ੀ ਤੋਂ ਪੁਲਿਸ ਅਣਜਾਣ ਹੈ?

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੰਮ ‘ਤੇ ਪ੍ਰਸ਼ਾਸਨ ਅਤੇ ਪੁਲਿਸ ਦੀ ਨਜ਼ਰ ਕਿਉਂ ਨਹੀਂ ਪੈ ਰਹੀ

 ਚੰਡੀਗੜ੍ਹ/ ਨਕੋਦਰ (ਹਰਜਿੰਦਰ ਛਾਬੜਾ)– : ਪੰਜਾਬ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਾ ਸਮਗਲਿੰਗ ਅਤੇ ਹੋਰਨਾਂ ਗੈਰ ਕਾਨੂੰਨੀ ਧੰਦਿਆਂ ਤੋਂ ਦੂਰ ਰੱਖਣ ਲਈ ਚੁੱਕੇ ਗਏ ਕਦਮਾਂ ਦੇ ਦਾਅਵੇ ਕੀਤੇ ਜਾਂਦੇ ਹਨ। ਪੰਜਾਬ ਦੀਆਂ ਸਿਆਸੀ ਧਿਰਾਂ ਚੋਣਾਂ ਦੌਰਾਨ ਇਹਨਾਂ ਦਾਅਵਿਆਂ ਨੂੰ ਹੀ ਅਪਣਾ ਸਹਾਰਾ ਬਣਾ ਲੈਂਦੀਆਂ ਹਨ। ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਵੀ ਕੁਝ ਅਜਿਹਾ ਹੀ ਕੀਤਾ ਜਾ ਰਿਹਾ ਹੈ।
ਇਕ ਪਾਸੇ ਜਿੱਥੇ ਪੰਜਾਬ ਸਰਕਾਰ ਆਏ ਦਿਨ ਨਸ਼ਾ ਸਮਗਲਿੰਗ ‘ਤੇ ਰੋਕ ਲਗਾਉਣ ਦੀ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਮੀਡੀਆਂ ਰਿਪੋਰਟਾਂ ਵਿਚ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਹੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਪੈਂਦੇ ਸ਼ਹਿਰ ਜਲਾਲਾਬਾਦ ਵਿਚ ਸ਼ਰੇਆਮ ਘਰਾਂ ਅਤੇ ਦੁਕਾਨਾਂ ਵਿਚ ਆਨਲਾਈਨ ਸੱਟੇਬਾਜ਼ੀ ਦਾ ਕੰਮ ਜ਼ੋਰਾ-ਸ਼ੋਰਾਂ ‘ਤੇ ਚੱਲ ਰਿਹਾ ਹੈ। ਇਸ ਗੈਰ ਕਾਨੂੰਨੀ ਕੰਮ ਦੇ ਸਬੂਤ ਮੀਡੀਆ ਦੇ ਹੱਥ ਲੱਗੇ ਹਨ।
ਇਕ ਨਿੱਜੀ ਪੰਜਾਬੀ ਮੀਡੀਆ ਚੈਨਲ ਵੱਲੋਂ ਇਸ ਸੱਟੇਬਾਜ਼ੀ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ ਗਿਆ ਹੈ। ਦਰਅਸਲ ਸ਼ਹਿਰ ਜਲਾਲਾਬਾਦ ਵਿਚ ਰਠੋੜਾਵਾਲਾ ਮੁਹੱਲਾ, ਅਨਾਜ ਮੰਡੀ, ਭਾਈ ਸੰਤ ਸਿੰਘ ਸਟ੍ਰੀਟ, ਦਸ਼ਮੇਸ਼ ਨਗਰੀ, ਡੀਏਵੀ ਕਾਲਜ ਰੋਡ ਅਤੇ ਸ਼ਹਿਰ ਦੀਆਂ ਹੋਰ ਵੱਖ ਵੱਖ ਗਲੀਆਂ ਤੇ ਬਜ਼ਾਰਾਂ ਵਿਚ ਸ਼ਰੇਆਮ ਦੜੇ-ਸੱਟੇ ਦੀਆਂ ਪਰਚੀਆਂ ਲਿਖੀਆਂ ਜਾ ਰਹੀਆਂ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੈਰ-ਕਾਨੂੰਨੀ ਕੰਮ ‘ਤੇ ਪ੍ਰਸ਼ਾਸਨ ਅਤੇ ਪੁਲਿਸ ਦੀ ਨਜ਼ਰ ਕਿਉਂ ਨਹੀਂ ਪੈ ਰਹੀ। ਦੱਸਿਆ ਗਿਆ ਹੈ ਕਿ ਗੰਗਾ ਨਗਰ ਅਤੇ ਅਬੋਹਰ ਦੇ ਲੋਕਾਂ ਵੱਲੋਂ ਕਰੀਬ 20 ਤੋਂ 25 ਲੱਖ ਦੀ ਸੱਟੇਬਾਜ਼ੀ ਦਾ ਕੰਮ ਚਲਾਇਆ ਜਾ ਰਿਹਾ ਹੈ। ਇਸ ਗੈਰ-ਕਾਨੂੰਨੀ ਧੰਦੇ ਵਿਚ ਸ਼ਹਿਰ ਜਲਾਲਾਬਾਦ ਦੇ ਲੋਕ ਵੀ ਇਹਨਾਂ ਲੋਕਾਂ ਦਾ ਪੂਰਾ ਸਾਥ ਦੇ ਰਹੇ ਹਨ।
ਇਸ ਧੰਦੇ ਨੇ ਸ਼ਹਿਰ ਦੇ ਕਈ ਪਰਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਇਸ ਦੇ ਚਲਦਿਆਂ ਕਈ ਲੋਕਾਂ ਨੇ ਆਮਤ ਹੱਤਿਆ ਵੀ ਕੀਤੀ ਹੈ। ਸ਼ਹਿਰ ਵਿਚ ਸਿਰਫ ਦੜਾ ਸੱਟਾ ਹੀ ਨਹੀਂ ਬਲਕਿ ਆਨਲਾਈਨ ਚੱਕਰੀ ਪੂਲ ਦਾ ਧੰਦਾ ਵੀ ਚੱਲ ਰਿਹਾ ਹੈ। ਇਸ ਸਬੰਧੀ ਥਾਣਾ ਸਿਟੀ ਮੁਖੀ ਲੇਖਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਬਾਅਦ ਜਦੋਂ ਡੀਐਸਪੀ ਜਸਪਾਲ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਇਸ ‘ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਇਸ ਸਾਰੇ ਮਾਮਲੇ ਤੋਂ ਬਾਅਦ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਵੱਡੇ ਪੱਧਰ ‘ਤੇ ਚੱਲ ਰਹੇ ਇਸ ਗੈਰ-ਕਾਨੂੰਨੀ ਕੰਮ ‘ਤੇ ਪੁਲਿਸ ਤੇ ਪ੍ਰਸ਼ਾਸਨ ਦੀ ਨਜ਼ਰ ਕਿਵੇਂ ਨਹੀਂ ਪਈ।

Previous articleਕਨੇਡਾ ਵਿਚ ਅਜੀਤ ਡੋਵਲ ਦੀ ਸੱਜੀ ਬਾਂਹ ਜਸਪਾਲ ਅਟਵਾਲ ਗ੍ਰਿਫਤਾਰ
Next articleਸੜਕਾਂ ਦੇ ਮੁੱਦੇ ਉੱਪਰ ਦਿੱਤੇ ਮੰਗ ਪੱਤਰ ਤੇ ਡੀ.ਸੀ. ਜਲੰਧਰ ਨੇ ਦਿੱਤੇ ਤਤਕਾਲ ਕਾਰਵਾਈ ਦੇ ਹੁਕਮ- ਅਸ਼ੋਕ ਸੰਧੂ ਨੰਬਰਦਾਰ