ਕੀ ਅਸੀਂ ਗਣੇਸ਼ ਦੀਆਂ ਮੂਰਤੀਆਂ ਬਣਾਉਣ ਜੋਗੇ ਵੀ ਨਹੀਂ: ਨਿਰਮਲਾ

ਚੇਨੱਈ (ਸਮਾਜਵੀਕਲੀ) ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਦੇਸ਼ ਦੇ ਵਿਕਾਸ ਲਈ ਦਰਾਮਦ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਗਵਾਨ ਗਣੇਸ਼ ਦੀਆਂ ਮੂਰਤੀਆਂ ਵੀ ਚੀਨ ਤੋਂ ਮੰਗਵਾਈਆਂ ਜਾ ਰਹੀਆਂ ਹਨ। ਕੀ ਅਸੀਂ ਗਣੇਸ਼ ਦੀਆਂ ਮੂਰਤੀਆਂ ਵੀ ਨਹੀਂ ਬਣਾ ਸਕਦੇ?

ਉਨ੍ਹਾਂ ਭਾਜਪਾ ਦੀ ਤਾਮਿਲ ਨਾਡੂ ਇਕਾਈ ਦੇ ਵਰਕਰਾਂ ਨੂੰ ਕੇਂਦਰ ਦੀ ਆਤਮਨਿਰਭਰ ਭਾਰਤ ਮੁਹਿੰਮ ਬਾਰੇ ਆਨਲਾਈਨ ਸੰਬੋਧਨ ਕਰਦਿਆਂ ਕਿਹਾ, ‘ਦੇਸ਼ ਤੇ ਆਪਣੀ ਸਨਅਤ ਲਈ ਲੋੜੀਂਦਾ ਕੱਚਾ ਮਾਲ ਦਰਾਮਦ ਕਰਨ ’ਚ ਕੋਈ ਬੁਰਾਈ ਨਹੀਂ ਹੈ ਕਿਉਂਕਿ ਇਸ ਨਾਲ ਆਪਣਾ ਉਤਪਾਦਨ ਵਧਦਾ ਹੈ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ।

ਇਸ ਲਈ ਦਰਾਮਦ ਕੀਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਉਹ ਦਰਾਮਦ ਜੋ ਰੁਜ਼ਗਾਰ ਦੇ ਮੌਕੇ ਤੇ ਉਤਪਾਦਨ ਨਹੀਂ ਵਧਾ ਸਕਦੀ ਉਹ ਆਤਮਨਿਰਭਰਤਾ ਤੇ ਭਾਰਤੀ ਅਰਥਚਾਰੇ ਦੀ ਮਦਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ, ‘ਹਰ ਸਾਲ ਗਣੇਸ਼ ਚਤੁਰਥੀ ਮੌਕੇ ਸਥਾਨਕ ਦਸਤਕਾਰਾਂ ਵੱਲੋਂ ਗਣੇਸ਼ ਦੀਆਂ ਮਿੱਟੀ ਦੀਆਂ ਮੂਰਤੀਆਂ ਖਰੀਦੀਆਂ ਜਾਂਦੀਆਂ ਸਨ। ਪਰ ਅੱਜ ਗਣੇਸ਼ ਦੀਆਂ ਮੂਰਤੀਆਂ ਚੀਨ ਤੋਂ ਕਿਉਂ ਮੰਗਵਾਈਆਂ ਜਾ ਰਹੀਆਂ ਹਨ? ਕੀ ਅਸੀਂ ਗਣੇਸ਼ ਦੀਆਂ ਮਿੱਟੀ ਦੀਆਂ ਮੂਰਤੀਆਂ ਨਹੀਂ ਬਣਾ ਸਕਦੇ?

ਕੀ ਹਾਲਾਤ ਇੰਨੇ ਖਰਾਬ ਹੋ ਗਏ ਹਨ?’ ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ’ਚ ਆਉਣ ਵਾਲਾ ਪੂਜਾ ਦਾ ਸਾਮਾਨ, ਅਗਰਬੱਤੀਆਂ, ਸਾਬਣਦਾਨੀਆਂ ਤੇ ਹੋਰ ਸਾਮਾਨ ਦੀ ਦਰਾਮਦ ਕਰਨੀ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਇਹ ਉਤਪਾਦ ਤਾਂ ਭਾਰਤੀ ਫਰਮਾਂ ਅਤੇ ਸੂਖਮ, ਲਘੂ ਤੇ ਦਰਮਿਆਨੇ ਸਨਅਤਕਾਰ ਆਸਾਨੀ ਨਾਲ ਬਣਾ ਸਕਦੇ ਹਨ।

Previous articleਅਦਾਲਤ ਨੇ ਸਿੰਘ ਭਰਾਵਾਂ ਤੋਂ ਜੁਆਬ ਮੰਗਿਆ
Next articleGehlot retorts, says Modi, Shah have hijacked BJP, NDA govt