ਕੀਮਤੀ ਤੋਹਫ਼ਾ

ਮਨਦੀਪ ਰਿੰਪੀ

(ਸਮਾਜ ਵੀਕਲੀ)

ਅੱਜ ਖੁਸ਼ੀ  ਦਾ ਜਨਮਦਿਨ ਹੈ।ਉਸ ਦੇ ਘਰ ਵਿੱਚ ਖੂਬ ਚਹਿਲ ਪਹਿਲ ਹੈ। ਪੂਰਾ ਘਰ ਗੁਬਾਰਿਆਂ ਨਾਲ ਸਜਿਆ ਹੋਇਆ ਹੈ ।ਬੱਚੇ ਕੇਕ ਕੱਟਣ ਦੇ ਇੰਤਜ਼ਾਰ ਵਿੱਚ ਖੁਸ਼ੀ ਦੇ ਆਲੇ ਦੁਆਲੇ ਘੁੰਮ ਰਹੇ ਹਨ। ਸਾਰੇ ਬੱਚੇ ਕੋਈ ਨਾ ਕੋਈ ਤੋਹਫਾ ਉਸ ਲਈ ਲੈ ਕੇ ਆਏ ਨੇ। ਰੰਗ ਬਰੰਗੇ ਕਾਗਜ਼ਾਂ ਦੇ ਵਿੱਚ ਲਿਪਟੇ ਹੋਏ ਤੋਹਫੇ ਚੁੱਕੀ ਉਹ ਘਰ ਵਿੱਚ ਉਹ ਪੰਛੀਆਂ ਦੀ ਤਰ੍ਹਾਂ ਚਹਿਕ ਰਹੇ ਨੇ।

ਖੁਸ਼ੀ ਨੂੰ ਕਿਸੇ ਦੀ ਉਡੀਕ ਹੈ ਤੇ ਬੱਚੇ ਉਸ ਨੂੰ ਵਾਰ ਵਾਰ ਪੁੱਛ ਰਹੇ ਨੇ,” ਖੁਸ਼ੀ ਕਦੋਂ ਕੇਕ ਕੱਟਣਾ? ਕਿੰਨਾ ਟਾਈਮ ਹੋ ਗਿਆ? ਜਲਦੀ ਕਰ। ਅਸੀਂ ਆਪਣੇ ਘਰ ਵੀ ਜਾਣਾ ।”

ਖੁਸ਼ੀ ਦੀਆਂ ਅੱਖਾਂ ਵਿੱਚ ਚਮਕ  ਤੇ ਚਿਹਰੇ ਤੇ ਮੁਸਕਾਨ ਆ ਗਈ ਆਪਣੀ ਪਿਆਰੀ ਸਹੇਲੀ ਨੰਦਨੀ ਨੂੰ ਵੇਖ ਕੇ।ਨੰਦਨੀ ਦੇ ਹੱਥਾਂ ਵਿੱਚ ਇੱਕ ਲਿਫ਼ਾਫ਼ਾ ਫੜਿਆ ਹੋਇਆ ਹੈ ਪਰ ਉਹ ਉਸ ਲਿਫਾਫੇ ਨੂੰ ਵਾਰ ਵਾਰ ਆਪਣੇ ਪਿੱਛੇ ਛੁਪਾ ਰਹੀ ਹੈ।ਹਰ ਕਿਸੇ ਦਾ ਧਿਆਨ ਉਸ ਲਿਫਾਫੇ ਤੇ ਹੈ।ਖੁਸ਼ੀ ਨੇ ਜਦੋਂ ਕੇਕ ਕੱਟਿਆ ਤਾਂ ਸਾਰੇ ਬੱਚਿਆਂ ਨੇ ਆਪਣੇ ਆਪਣੇ ਤੋਹਫ਼ੇ ਖੁਸ਼ੀ ਨੂੰ ਬੜੀ ਚਾਈਂ ਚਾਈਂ ਦਿੱਤੇ ।ਜਦੋਂ ਨੰਦਨੀ ਨੇ ਆਪਣਾ ਤੋਹਫ਼ਾ ਖੁਸ਼ੀ ਨੂੰ ਦਿੱਤਾ ਤਾਂ ਖੁਸ਼ੀ  ਉਹ ਤੋਹਫ਼ਾ ਲੈ ਕੇ ਬਹੁਤ ਖੁਸ਼ੀ ਨਾਲ ਚਹਿਕ ਉੱਠੀ ।

ਉਸਨੇ ਨੰਦਨੀ ਨੂੰ ਘੁੱਟ ਕੇ ਜੱਫ਼ੀ ਪਾ ਲਈ ਅਤੇ ਕਿਹਾ,” ਬਹੁਤ ਬਹੁਤ ਸ਼ੁਕਰੀਆ ।ਮੈਨੂੰ ਇਸ ਤੋਹਫੇ ਦੀ ਬਹੁਤ ਲੋੜ ਸੀ ।ਤੂੰ ਸੱਚਮੁੱਚ ਮੇਰੀ ਬਹੁਤ ਚੰਗੀ ਸਹੇਲੀ ਹੈ ।ਤੇਰਾ ਤੋਹਫ਼ਾ ਮੈਨੂੰ ਸਭ ਤੋਂ ਵੱਧ ਪਸੰਦ ਆਇਆ ।”ਸਾਰੇ ਬੱਚੇ ਹੈਰਾਨ ਹਨ ਕਿ ਖੁਸ਼ੀ  ਸਾਡੇ ਤੋਹਫ਼ੇ ਵੇਖੇ ਬਿਨਾਂ  ਹੀ ਨੰਦਨੀ ਦੇ ਤੋਹਫੇ ਨੂੰ ਸਭ ਤੋੰ ਵਧੀਆ ਕਹਿ ਰਹੀ ਹੈ। ਰਘੂ ,”ਖੁਸ਼ੀ ਕੀ ਹੈ ?ਨੰਦਨੀ ਨੇ ਤੈਨੂੰ ਕਿਹੜਾ ਗਿਫਟ ਦਿੱਤਾ ? ਜਿਹੜਾ ਤੈਨੂੰ ਐਨਾ ਪਸੰਦ ਆਇਆ?”ਖੁਸ਼ੀ ਨੇ ਰਘੂ ਦੀ ਗੱਲ ਟਾਲ ਦਿੱਤੀ। ਸਾਰੇ ਬੱਚੇ  ਖਾਣ ਪੀਣ ‘ਚ ਰੁੱਝ ਗਏ।

ਰਘੂ ਚੋਰੀ ਚੋਰੀ ਖੁਸ਼ੀ ਦੇ ਕਮਰੇ ਵੱਲ ਗਿਆ।ਰਘੂ ਨੇ ਨੰਦਨੀ ਦਾ ਦਿੱਤਾ ਹੋਇਆ ਗਿਫ਼ਟ ਚੁੱਕ ਲਿਆ ਅਤੇ ਬਾਹਰ ਲਿਆ ਕੇ ਸਭ ਦੇ ਸਾਹਮਣੇ ਉੱਚੀ ਉੱਚੀ ਹੱਸਣ ਲੱਗਾ ।

“ਆਹ ਵੇਖੋ ਕੀ ਗਿਫਟ ਦਿੱਤਾ ਨੰਦਨੀ ਨੇ? ਇਸ ਨੂੰ ਖੁਸ਼ੀ ਸਭ ਤੋਂ ਵਧੀਆ ਗਿਫਟ ਕਹਿ ਰਹੀ ਹੈ ।”

ਰਘੂ ਦੇ ਹੱਥ ‘ਚ ਨੰਦਨੀ ਦਾ ਗਿਫਟ ਦੇਖ ਖੁਸ਼ੀ ਨੇ ਭੱਜ ਦੇ ਉਸਦੇ ਹੱਥਾਂ ਵਿੱਚੋਂ ਲਿਫ਼ਾਫ਼ਾ ਖੋਹ ਲਿਆ। ਨੰਦਨੀ ਦੀਆਂ ਅੱਖਾਂ ਭਰ ਆਈਆਂ। ਸਾਰੇ ਬੱਚੇ ਨੰਦਨੀ ਤੇ ਖੁਸ਼ੀ ਵੱਲ ਵੇਖ ਰਹੇ ਸਨ।ਰਘੂ ਉੱਚੀ ਉੱਚੀ ਹੱਸ ਰਿਹਾ ਸੀ।

ਖੁਸ਼ੀ ,”ਹਾਂ! ਸੱਚਮੁੱਚ ਇਹ ਗਿਫਟ ਸਭ ਤੋਂ ਵਧੀਆ ਗਿਫਟ ਹੈ। ਇਸ ਵਿੱਚ ਨੰਦਨੀ ਦਾ ਪਿਆਰ ਹੈ ਨੰਦਨੀ ਦੀ ਜਾਨ ਹੈ।”

ਰਘੂ,” ਆਹ …ਪੁਰਾਣੀ ਫਟੀ ਜਿਹੀ ਕਿਤਾਬ। ਜਿਸਨੂੰ ਕੋਈ ਰੱਦੀ ਵਾਲਾ ਵੀ ਨਾ ਲਏ। ਤੂੰ ਸਾਡੇ ਸਾਰਿਆਂ ਨਾਲੋਂ ਵਧੀਆ ਗਿਫਟ ਦੱਸ ਰਹੀ ਹੈ।ਅਸੀਂ ਐਨੇ ਮਹਿੰਗੇ ਮਹਿੰਗੇ ਤੇਰੇ ਲਈ ਗਿਫਟ ਲੈ ਕੇ ਆਏ ਹਾਂ ਤੇ ਤੈਨੂੰ ਕਿਤਾਬ ਪਸੰਦ ਹੈ ।ਉਹ ਵੀ ਫਟੀ ਪੁਰਾਣੀ ।”

….ਖੁਸ਼ੀ ,”ਹਾਂ !ਮੈਨੂੰ ਇਹ ਕਿਤਾਬ ਪਸੰਦ ਹੈ ।ਤੁਹਾਡੇ ਗਿਫਟ ਮਹਿੰਗੇ ਹੋ ਸਕਦੇ ਨੇ ।ਪਰ ਥੋੜ੍ਹੇ ਦਿਨਾਂ ਬਾਅਦ ਮੈਂ ਇਨ੍ਹਾਂ ਨੂੰ ਭੁੱਲ ਜਾਵਾਂਗੀ  ਜਦੋੰ ਇਹ ਟੁੱਟ ਜਾਣਗੇ,ਖਰਾਬ ਹੋ ਜਾਣਗੇ। ਪਰ ਜਿਹੜੀ ਕਿਤਾਬ ਨੰਦਨੀ ਨੇ ਮੈਨੂੰ ਦਿੱਤੀ ਹੇੈ…..ਮੈਂ ਕਦੇ ਨਹੀਂ ਭੁੱਲ ਸਕਦੀ ਇਹ ਕਿਤਾਬ ਹਮੇਸ਼ਾਂ ਮੇਰੇ ਨਾਲ ਰਹੇਗੀ ।ਹਮੇਸ਼ਾਂ ਮੇਰੀ ਇੱਕ ਸਹੇਲੀ ਦੀ ਤਰ੍ਹਾਂ ਜ਼ਿੰਦਗੀ ਚ ਮੇਰਾ ਸਾਥ ਦੇਵੇਗੀ ।ਮੈਂ ਅਕਸਰ ਨੰਦਨੀ ਤੋਂ ਇਹ ਕਿਤਾਬ ਪੜ੍ਹਨ ਲਈ ਘਰ ਲੈ ਕੇ ਆਈ।ਇਹ ਕਿਤਾਬ ਮੈਨੂੰ ਬਹੁਤ ਪਸੰਦ ਹੈ। ਮੈਂ ਨੰਦਨੀ ਤੋਂ ਰੱਖਣ ਲਈ ਮੰਗੀ ….ਪਰ ਨੰਦਨੀ ਨੇ ਇਨਕਾਰ ਕਰ ਦਿੱਤਾ ਇਹ ਆਖਕੇ ਕਿ ਇਸ ਕਿਤਾਬ ‘ਚ ਉਸ ਦੀ ਜਾਨ ਹੈ ।ਅੱਜ ਨੰਦਨੀ ਨੇ ਕਿਤਾਬ ਨਹੀਂ ਮੈਨੂੰ ਆਪਣੀ ਜਾਨ ਦਿੱਤੀ ਹੈ ।ਇਸ ਲਈ ਇਸ ਤੋਂ ਵੱਧ ਵਡਮੁੱਲਾ  ਤੋਹਫ਼ਾ ਕੋਈ ਹੋ ਹੀ ਨਹੀਂ ਸਕਦਾ। “

ਹੁਣ ਨੰਦਨੀ ਖੁਸ਼ ਸੀ ਕਿ ਖੁਸ਼ੀ ਨੂੰ ਮੇਰਾ ਤੋਹਫ਼ਾ ਬਹੁਤ ਪਸੰਦ ਹੈ ਤੇ ਰਘੂ ਚੁੱਪ ਚਾਪ ਖੜ੍ਹਾ ਖੁਸ਼ੀ ਅਤੇ ਨੰਦਨੀ ਵੱਲ ਵੇਖ ਰਿਹਾ ਸੀ  ।

ਮਨਦੀਪ ਰਿੰਪੀ
ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ ਰੋਪੜ
98143..85918

Previous articleNawazuddin’s wife records statement with police, reasserts her charges
Next articleਭਾਰਤ ਸਰਕਾਰ ਵੱਲੋਂ ਵਕੀਲ ਪੰਨੂ ਤੇ ਭਾਈ ਨਿੱਜਰ ਦੀਆ ਜੱਦੀ ਜਾਈਦਾਦਾ ਜ਼ਬਤ ਕਰਨ ਦਾ ਮਾਮਲਾ