ਕਿੰਗਜ਼ ਇਲੈਵਨ ਪੰਜਾਬ ਵੱਲੋਂ ਮੁਹਾਲੀ ਫਤਹਿ

ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਅੱਜ ਹੋਏ ਆਈਪੀਐਲ ਟੀ-20 ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਮੁੰਬਈ ਇੰਡੀਅਨਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਆਪਣੀ ਗੱਡੀ ਮੁੜ ਜੇਤੂ ਲੀਅ ਉੱਤੇ ਚੜ੍ਹਾ ਲਈ ਹੈ। ਕਿੰਗਜ਼ ਇਲੈਵਨ ਨੇ ਮੁੰਬਈ ਦੇ 176 ਦੌੜਾਂ ਦੇ ਟੀਚੇ ਨੂੰ ਮਹਿਜ਼ ਦੋ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਕੇਐਲ ਰਾਹੁਲ (57 ਗੇਂਦਾਂ ਵਿੱਚ 71 ਦੌੜਾਂ) ਨੇ ਨਾਬਾਦ ਨੀਮ ਸੈਂਕੜਾ ਅਤੇ ਮਯੰਕ ਅਗਰਵਾਲ (21 ਗੇਂਦਾਂ ਵਿੱਚ 43 ਦੌੜਾਂ) ਨੇ ਤੇਜ਼ਤਰਾਰ ਪਾਰੀ ਖੇਡ ਕੇ ਪੰਜਾਬ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਕ੍ਰਿਸ਼ ਗੇਲ ਨੇ 24 ਗੇਂਦਾਂ ਵਿੱਚ 40 ਦੌੜਾਂ ਬਣਾਈਆਂ, ਜਦੋਂਕਿ ਡੇਵਿਡ ਮਿੱਲਰ ਨੇ ਦਸ ਗੇਂਦਾਂ ਵਿੱਚ 15 ਦੌੜਾਂ ਦੀ ਨਾਬਾਦ ਪਾਰੀ ਖੇਡੀ। ਤੀਹ ਹਜ਼ਾਰ ਦੇ ਕਰੀਬ ਦਰਸ਼ਕਾਂ ਨਾਲ ਖਚਾ-ਖਚਾ ਭਰੇ ਸਟੇਡੀਅਮ ਵਿੱਚ ਦਰਸ਼ਕਾਂ ਨੇ ਬਹੁਤ ਉਤਸ਼ਾਹ ਨਾਲ ਮੈਚ ਦਾ ਆਨੰਦ ਮਾਣਿਆ ਅਤੇ ਕਿੰਗਜ਼ ਇਲੈਵਨ ਦੇ ਖਿਡਾਰੀਆਂ ਦਾ ਹੌਸਲਾ ਵਧਾਇਆ। ਪੰਜਾਬ ਦੇ ਕਪਤਾਨ ਆਰ ਆਸ਼ਵਿਨ ਨੇ ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਮੁੰਬਈ ਇੰਡੀਅਨਜ਼ ਦੀ ਸਲਾਮੀ ਜੋੜੀ ਕਪਤਾਨ ਰੋਹਿਤ ਸ਼ਰਮਾ ਅਤੇ ਕੁਵਿੰਟਲ ਡੀ ਕਾਕ ਨੇ ਆਪਣੀ ਪਾਰੀ ਦੀ ਤੇਜ਼ੀ ਨਾਲ ਸ਼ੁਰੂਆਤ ਕਰਦਿਆਂ ਪਹਿਲੇ ਪੰਜ ਓਵਰਾਂ ਵਿੱਚ ਪੰਜਾਹ ਰਨ ਬਣਾਏ। ਮੁੰਬਈ ਇੰਡੀਅਨਜ਼ ਦੇ ਡੀ ਕਾਕ ਨੇ ਸ਼ਾਨਦਾਰ ਪਾਰੀ ਖੇਡਦਿਆਂ 39 ਗੇਂਦਾਂ ਵਿੱਚ 60 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 32 ਦੌੜਾਂ ਅਤੇ ਹਾਰਦਿਕ ਪੰਡਿਆ ਨੇ 31 ਦੌੜਾਂ ਬਣਾਈਆਂ। ਯੁਵਰਾਜ ਸਿਰਫ਼ 18 ਦੌੜਾਂ ਹੀ ਬਣਾ ਸਕਿਆ।

ਕਿੰਗਜ਼ ਇਲੈਵਨ ਪੰਜਾਬ ਦੇ ਗੇਂਦਬਾਜ਼ ਮੁਹੰਮਦ ਸਮੀ ਨੇ ਦੋ, ਵਿਲਜੁਆਇਨ ਨੇ ਦੋ, ਮੁਰੂਗਨ ਅਸ਼ਵਿਨ ਨੇ ਦੋ ਅਤੇ ਇੱਕ ਵਿਕਟ ਟਾਈ ਨੇ ਹਾਸਲ ਕੀਤੀ। ਮੁੰਬਈ ਇੰਡੀਅਨਜ਼ ਦੇ ਗੇਦਬਾਜ਼ਾਂ ਨੇ ਭਾਵੇਂ ਪਹਿਲੇ ਪੰਜ ਓਵਰਾਂ ਵਿੱਚ ਦੌੜਾਂ ਦੀ ਰਫ਼ਤਾਰ ਨੂੰ ਬਰੇਕਾਂ ਲਗਾਈ ਰੱਖੀਆਂ ਪਰ ਇਸ ਮਗਰੋਂ ਕ੍ਰਿਸ ਗੇਲ ਨੇ ਇੱਕੋ ਓਵਰ ਵਿੱਚ ਲਗਾਤਾਰ ਦੋ ਛੱਕੇ ਮਾਰ ਕੇ ਦੌੜਾਂ ਦੀ ਗਤੀ ਤੇਜ਼ ਕੀਤੀ। ਮੁੰਬਈ ਇੰਡੀਅਨਜ਼ ਦੇ ਹਾਰਦਿਕ ਪੰਡਿਆ ਨੇ ਦੋ ਵਿਕਟਾਂ ਲਈਆਂ। ਕਿੰਗਜ਼ ਇਲੈਵਨ ਦੇ ਬੱਲੇਬਾਜ਼ ਮਯੰਕ ਅਗਰਵਾਲ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ।

Previous articleਅਸਾਮ ’ਚ ‘ਘੁਸਪੈਠ’ ਲਈ ਕਾਂਗਰਸ ਜ਼ਿੰਮੇਵਾਰ: ਮੋਦੀ
Next articleਮਾਇਆਵਤੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਉਭਾਰੇਗੀ ਪੀਡੀਏ