ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

ਨਵੀਂ ਦਿੱਲੀ (ਸਮਾਜ ਵੀਕਲੀ): ਸਿੰਘੂ ਬਾਰਡਰ ’ਚ ਗੁਰੂ ਤੇਗ਼ ਬਹਾਦਰ ਸਮਾਰਕ ਨੇੜੇ ਹੋਏ ‘ਕਿਸਾਨ ਸੰਸਦ ਸਮਾਗਮ’ ਵਿੱਚ ਸ਼ਾਮਲ ਹੋਣ ਆਏ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਉੱਥੇ ਪਹੁੰਚੇ ਨੌਜਵਾਨਾਂ ਨੇ ਕਥਿਤ ਬਦਸਲੂਕੀ ਕੀਤੀ ਤੇ ਧੱਕੇ ਮਾਰ ਕੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ। ਇਸ ਧੱਕਾਮੁੱਕੀ ਵਿੱਚ ਬਿੱਟੂ ਦੀ ਪੱਗ ਵੀ ਲੱਥ ਗਈ ਜੋ ਨਿਹੰਗ ਸਿੰਘਾਂ ਨੇ ਚੁੱਕ ਕੇ ਮੁੜ ਸਜਾਈ। ਨੌਜਵਾਨਾਂ ਵੱਲੋਂ ਕਥਿਤ ਗਾਲੀ-ਗਲੋਚ ਵੀ ਕੀਤੀ ਗਈ। ਉਹ ਇਸ ਗੱਲੋਂ ਖਫ਼ਾ ਸਨ ਕਿ ਬਿੱਟੂ ਧਰਨੇ ਵਾਲੀ ਥਾਂ ’ਤੇ ਕਿਉਂ ਪਹੁੰਚੇ। ਇਸ ਤੋਂ ਪਹਿਲਾਂ ਵੀ ਸਿੰਘੂ ਬਾਰਡਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਆਗੂਆਂ ਨੂੰ ਧਰਨੇ ਵਿੱਚ ਸ਼ਾਮਲ ਲੋਕਾਂ ਨੇ ਮੁੱਖ ਸਟੇਜ ਦੇ ਪਿੱਛੇ ਤੋਂ ਹੀ ਭਜਾ ਦਿੱਤਾ ਸੀ। ਨੌਜਵਾਨਾਂ ਨੇ ਸਿਆਸੀ ਆਗੂਆਂ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਉਹ ਬਿੱਟੂ ਦੇ ਪਿੱਛੇ ਤੱਕ ਗਏ।

ਕਿਸਾਨਾਂ ਵੱਲੋਂ ਬਣਾਈਆਂ ਗਈਆਂ ਵੀਡੀਓ’ਜ਼ ਵਿੱਚ ਨੌਜਵਾਨ ਸੰਸਦ ਮੈਂਬਰ ਬਿੱਟੂ ਨੂੰ ਉੱਥੋਂ ਜਾਣ ਲਈ ਆਖਦੇ ਸੁਣਾਈ ਦੇ ਰਹੇ ਹਨ। ਕਿਸਾਨਾਂ ਵੱਲੋਂ ਬਿੱਟੂ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਦੱਸਿਆ ਗਿਆ ਹੈ। ਨੌਜਵਾਨ ਕਿਸਾਨਾਂ ਨੇ ਸੰਸਦ ਮੈਂਬਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ ਵਿਧਾਇਕ ਗੁਰਜੀਤ ਸਿੰਘ ਔਜਲਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੋਰ ਆਗੂ ਵੀ ਕਿਸਾਨਾਂ ਦੇ ਨਿਸ਼ਾਨੇ ਉਪਰ ਆ ਗਏ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਬਿੱਟੂ ਸਮੇਤ ਹੋਰ ਕਾਂਗਰਸ ਆਗੂ ਮੌਕੇ ਤੋਂ ਚਲੇ ਗਏ।

Previous articleਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ
Next articleਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮਿਸ਼ਨਰੀ ਗਾਇਕਾਂ, ਗੀਤਕਾਰਾਂ ਅਤੇ ਬੁਲਾਰਿਆਂ ਨੂੰ ਕੀਤਾ ਸੰਬੋਧਨ