ਕਿਸਾਨ ਯੂਨੀਅਨ ਨੇ ਕਪਾਹ ਨਿਗਮ ਦਾ ਦਫ਼ਤਰ ਘੇਰਿਆ

ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਅੱਜ ਚਾਰ ਜ਼ਿਲ੍ਹਿਆਂ ਦਾ ਇਕੱਠ ਕਰ ਕੇ ਕਿਸਾਨਾਂ ਵੱਲੋਂ ਕਪਾਹ ਨਿਗਮ ਦਫ਼ਤਰ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਧਰਨੇ ਵਿੱਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਸਿੱਧੂ, ਪ੍ਰਗਟ ਸਿੰਘ ਫ਼ਾਜ਼ਿਲਕਾ, ਮਲੂਕ ਸਿੰਘ ਮਾਨਸਾ ਤੇ ਰੂਪ ਸਿੰਘ ਬਰਨਾਲਾ ਆਦਿ ਆਗੂਆਂ ਨੇ ਦੋਸ਼ ਲਗਾਏ ਕਿ ਸੀਸੀਆਈ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਖ਼ਰੀਦ ਕਰਨ ਦੇ ਵਾਰ ਵਾਰ ਲਾਰੇ ਲਗਾਏ ਜਾ ਰਹੇ ਹਨ।
ਕਿਸਾਨ ਆਗੂਆਂ ਨੇ ਦੋਸ਼ ਲਗਾਏ ਕਿ ਸਰਕਾਰ ਵੱਲੋਂ ਨਰਮੇ ਦਾ ਸਰਕਾਰੀ ਰੇਟ 5450 ਰੇਟ ਤੈਅ ਕਰਨ ਦੇ ਬਾਵਜੂਦ ਸੀਸੀਆਈ ਨਿੱਜੀ ਵਪਾਰੀਆਂ ਨੂੰ ਫ਼ਾਇਦਾ ਪਹੁੰਚਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ 8 ਪ੍ਰਤੀਸ਼ਤ ਨਮੀ ਵਾਲਾ ਨਰਮਾ ਖ਼ਰੀਦਣ ਦੀ ਗੱਲ ਕਹਿ ਕੇ ਆਪਣੇ ਮਾਪਦੰਡ ਤੈਅ ਕੀਤੇ ਜਾ ਰਹੇ ਹਨ। ਵੱਧ ਨਮੀ ਵਾਲੇ ਨਰਮੇ ’ਤੇ ਕਟੌਤੀ ਵਾਲੀ ਗਾਜ ਡੇਗ ਕੇ ਪ੍ਰਾਈਵੇਟ ਫ਼ਰਮਾਂ ਲਈ ਖ਼ਰੀਦਣ ਦਾ ਰਾਹ ਖੋਲ੍ਹਿਆ ਜਾ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਕਪਾਹ ਨਿਗਮ ਨਿਰਦੇਸ਼ ਦੇ ਕੇ ਕਿਸਾਨਾਂ ਦੀ ਲੁੱਟ ਹੋਣ ਤੋਂ ਬਚਾਵੇ।
ਕਿਸਾਨ ਯੂਨੀਅਨ ਨੇ ਐਲਾਨ ਕੀਤਾ ਕਿ ਜੇਕਰ ਆਰ.ਸੀ.ਏ.ਪੀ. ਨੀਤੀ ਤਹਿਤ ਨਰਮੇ ਦੀ ਖ਼ਰੀਦ ਤੇ ਵੇਚ ਕਰਨ ਤੋਂ ਸਰਕਾਰ ਭੱਜਣ ਲੱਗੀ ਤਾਂ ਕਿਸਾਨ ਮਹਾਸੰਘ ਦੇ ਸੱਦੇ ’ਤੇ 2 ਨਵੰਬਰ ਨੂੰ ਸੂਬੇ ਭਰ ਵਿੱਚ ਸੜਕੀ ਆਵਾਜਾਈ ਜਾਮ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਕਿਸਾਨ ਨਮੀ ਵਾਲੇ ਸ਼ਰਤ ਹਟਾਉਣ ਅਤੇ 5450 ਰੁਪਏ ਰੇਟ ਤੇ ਬਿਨਾ ਸ਼ਰਤ ਨਰਮਾ ਖ਼ਰੀਦਣ ਲਈ ਧਰਨਾ ’ਤੇ ਅੜੇ ਹੋਏ ਸਨ ਅਤੇ ਕਿਸਾਨਾਂ ਨਾਲ ਸੀਸੀਆਈ ਅਧਿਕਾਰੀ ਦੀ ਮੀਟਿੰਗ ਵਿੱਚ ਕੋਈ ਸਾਰਥਿਕ ਸਿੱਟਾ ਸਾਹਮਣੇ ਨਹੀਂ ਸੀ ਆਇਆ। ਅੱਜ ਦੇ ਧਰਨੇ ਵਿੱਚ ਮਲੂਕ ਸਿੰਘ ਮਾਨਸਾ, ਰਣਜੀਤ ਸਿੰਘ ਜੀਦਾ, ਰੇਸ਼ਮ ਸਿੰਘ ਯਾਤਰੀ , ਗੁਰਦੀਪ ਸਿੰਘ ਮਹਿਮਾ ਸਰਜਾ ਤੇ ਬੇਅੰਤ ਸਿੰਘ ਆਦਿ ਨੇ ਸੰਬੋਧਨ ਕੀਤਾ।

Previous articleਬੰਗਲਾਦੇਸ਼ ਖ਼ਿਲਾਫ਼ ਖੇਡਣ ਬਾਰੇ ਫ਼ੈਸਲਾ ਕੋਹਲੀ ਦਾ: ਗਾਂਗੁਲੀ
Next articleਹਲਕਾ ਦਾਖਾ ਦੇ ਪਿੰਡ ਜਾਂਗਪੁਰ ’ਚ ਚੱਲੀ ਗੋਲੀ, ਅਕਾਲੀ ਵਰਕਰ ਫੱਟੜ