ਕਿਸਾਨ ਆਗੂ ਦਾ ਬੇਰਹਿਮੀ ਨਾਲ ਕਤਲ

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਥਾਨਕ ਆਗੂ ਬਹਾਦਰ ਸਿੰਘ (54) ਵਾਸੀ ਮਹਿਲ ਕਲਾਂ ਦੀ ਸ਼ਨਿਚਰਵਾਰ ਰਾਤ ਅਣਪਛਾਤਿਆਂ ਨੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਪੁੱਤਰ ਪਰਗਟ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਮੇਸ਼ਾ ਵਾਂਗ ਰਾਤ ਨੂੰ ਘਰ ਤੋਂ ਥੋੜ੍ਹੀ ਦੂਰ ਬਣੇ ਆਪਣੇ ਪੋਲਟਰੀ ਫਾਰਮ ’ਚ ਇਕੱਲੇ ਸੁੱਤੇ ਸਨ। ਇਸੇ ਦੌਰਾਨ ਅਣਪਛਾਤਿਆਂ ਨੇ ਉਨ੍ਹਾਂ ਦੇ ਸਿਰ ਵਿਚ ਭਾਰੀਆਂ ਚੀਜ਼ਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੌਤ ਦਾ ਪਤਾ ਪਰਿਵਾਰ ਨੂੰ ਸਵੇਰੇ ਉਸ ਵੇਲੇ ਲੱਗਾ ਜਦ ਮ੍ਰਿਤਕ ਦੀ ਪਤਨੀ ਤੇ ਉਨ੍ਹਾਂ ਦੀ ਮਾਂ ਪਰਮਜੀਤ ਕੌਰ ਚਾਹ ਫੜਾਉਣ ਲਈ ਫਾਰਮ ’ਤੇ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਐੱਸਐੱਸਪੀ ਬਰਨਾਲਾ ਹਰਜੀਤ ਸਿੰਘ, ਐੱਸਪੀ (ਡੀ) ਸੁਖਦੇਵ ਸਿੰਘ ਵਿਰਕ, ਥਾਣਾ ਮਹਿਲ ਕਲਾਂ ਮੁਖੀ ਮੋਹਰ ਸਿੰਘ ਤੇ ਹੋਰ ਮੌਕੇ ’ਤੇ ਪੁੱਜ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਕਤਲ ਦੇ ਕਾਰਨਾਂ ਦੀ ਜਾਂਚ ਲਈ ਪਹੁੰਚੀ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਗਏ। ਥਾਣਾ ਮਹਿਲ ਕਲਾਂ ਦੇ ਮੁਖੀ ਮੋਹਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਦੇ ਗੁਆਂਢੀਆਂ ਜਸਵੰਤ ਸਿੰਘ ਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਵਿਸ਼ਵ ਕੱਪ: ਇੰਗਲੈਂਡ ਨੇ ਸੈਮੀਜ਼ ਲਈ ਮੁੜ ਰਾਹ ਖੋਲ੍ਹਿਆ
Next articleਸਿਵਲ ਲਾਈਨ ਕਲੱਬ ਦੀ ਚੋਣ: ਪੁਲੀਸ ਛਾਉਣੀ ਬਣਿਆ ਰਿਹਾ ਕਲੱਬ