ਕਿਸਾਨਾਂ ਦਾ ਦੇਸ਼ਵਿਆਪੀ ਬੰਦ ਅੱਜ

ਚੰਡੀਗੜ੍ਹ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਵਿਰੁੱਧ ਭਲਕੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਦੇਸ਼ਵਿਆਪੀ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚਾਰ ਘੰਟਿਆਂ ਲਈ ਸੂਬੇ ਵਿੱਚ ਸਖ਼ਤ ਨਾਕੇਬੰਦੀ ਕਰਨ ਦਾ ਐਲਾਨ ਕੀਤਾ ਹੈ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਮੀਟਿੰਗ ਕਰਕੇ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਨੂੰ ਮੋਰਚਿਆਂ ’ਤੇ ਡਟਣ ਦਾ ਸੱਦਾ ਦਿੱਤਾ।

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਭਲਕੇ ਜਥੇਬੰਦੀ ਵੱਲੋਂ 4 ਘੰਟਿਆਂ ਲਈ ਸੜਕੀ ਆਵਜਾਈ ਠੱਪ ਕਰਨ ਲਈ ਸਮੁੱਚੇ ਵਰਕਰ ਸੜਕਾਂ ’ਤੇ ਨਿਕਲਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ  ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ 35 ਥਾਵਾਂ ’ਤੇ ਵੱਡੇ ਇਕੱਠ ਕਰਕੇ ਹਾਈਵੇਅ ਜਾਮ ਕੀਤੇ ਜਾਣਗੇ।

ਯੂਨੀਅਨ ਆਗੂਆਂ ਨੇ ਕਿਹਾ ਕਿ ਸਮੁੱਚੇ ਕਿਸਾਨ ਸੰਘਰਸ਼ ਦਾ ਨਿਸ਼ਾਨਾ ‘ਤਾਨਾਸ਼ਾਹ ਮੋਦੀ ਹਕੂਮਤ’ ਅਤੇ ਉਸ ਦੇ ਚਹੇਤੇ ਕਾਰਪੋਰੇਟਾਂ ਦੇ ਕਾਰੋਬਾਰ ਵੀ ਹਨ। ਉਨ੍ਹਾਂ ਕਿਹਾ ਕਿ ਨਿੱਜੀ ਥਰਮਲਾਂ ਦਾ ਸਰਕਾਰੀਕਰਨ ਕੀਤੇ ਜਾਣ, ਬਠਿੰਡਾ ਤੇ ਹੋਰ ਸਾਰੇ ਸਰਕਾਰੀ ਥਰਮਲ ਪੂਰੀ ਸਮਰੱਥਾ ਵਿੱਚ ਚਾਲੂ ਕਰਨ ਤੱਕ ਅਤੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਗੈਰ ਲੁਟੇਰੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਖ਼ਤਮ ਨਹੀਂ ਕੀਤੇ ਜਾ ਸਕਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ 36 ਦਿਨਾਂ ਤੋਂ 65 ਥਾਈਂ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਵੀ ਬਾਦਸਤੂਰ ਜਾਰੀ ਰਹਿਣਗੇ।

ਉਨ੍ਹਾਂ ਦੋਸ਼ ਲਾਇਆ ਕਿ ਭਾਰੀ ਕਰਜ਼ਿਆਂ ਹੇਠ ਦੱਬੇ ਕਿਸਾਨ-ਮਜ਼ਦੂਰ ਨਵੇਂ ਆਰਥਿਕ ਹੱਲਿਆਂ ਕਾਰਨ ਹੋਰ ਵੀ ਵਧੇਰੇ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਕੇ ਧਰਨਿਆਂ ਵਿੱਚ ਵੀ ਅਚਨਚੇਤੀ ਮੌਤਾਂ ਦਾ ਸ਼ਿਕਾਰ ਬਣ ਰਹੇ ਰਹੇ ਹਨ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਭਲਕੇ 5 ਨਵੰਬਰ ਦੇ ਦੇਸ਼ ਪੱਧਰੀ ਚੱਕਾ ਜਾਮ ਨੂੰ ਸੂਬੇ ਭਰ ’ਚ ਸਫ਼ਲ ਬਣਾਉਣ ਅਤੇ 26-27 ਨਵੰਬਰ ਨੂੰ ਦਿੱਲੀ ’ਚ ਦੇਸ਼ ਪੱਧਰੀ ਇਕੱਠ ਲਈ ਵਿਉਂਤਬੰਦੀ ਵੀ ਕੀਤੀ ਗਈ।

Previous articleਪ੍ਰਧਾਨ ਮੰਤਰੀ ਨਿਵਾਸ ਅੱਗੇ ਮਰਨ ਵਰਤ ’ਤੇ ਬੈਠਣ ਕੈਪਟਨ: ਸੁਖਬੀਰ
Next articlePeople of Bihar will vote for Mahagathbandhan: Rahul