ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ – ਪਹਿਲੀ ਮਈ

(ਸਮਾਜ ਵੀਕਲੀ)

– ਕੇਹਰ ਸ਼ਰੀਫ਼

ਆਦਿ ਕਾਲ ਤੋਂ ਹੀ ਕਿਰਤੀ ਮਨੁੱਖ ਨੇ ਇਤਿਹਾਸ ਆਪਣੇ ਖੂਨ ਨਾਲ ਲਿਖਿਆ ਹੈ। ਸਿਆਹੀ ਬਾਅਦ ਵਿਚ ਆਈ ਸੀ।
ਹੱਕ-ਸੱਚ ਵਾਸਤੇ ਕੀਤੀਆਂ ਕੁਰਬਾਨੀਆਂ ਵਾਲੇ ਪਹਿਲੀ ਮਈ ਦੇ ਇਸ ਇਤਿਹਾਸਕ ਦਿਹਾੜੇ ਨੂੰ ਦੁਨੀਆਂ ਭਰ ਦੇ ਕਿਰਤ ਕਰਨ ਵਾਲੇ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ ਦਿਵਸ ਵਜੋਂ ਮਨਾਉਂਦੇ ਹਨ। ਬਹੁਤ ਲੰਮੇ ਸਮੇਂ ਤੋਂ ਇਹ ਕਿਰਤੀਆਂ ਦਾ ਕੌਮਾਂਤਰੀ ਤਿਉਹਾਰ ਬਣ ਚੁੱਕਾ ਹੈ, ਕਿਉਂਕਿ ਇਸ ਦੇ ਪਿੱਛੇ ਉਨ੍ਹਾਂ ਦੇ ਆਪਣੇ ਕੀਤੇ ਕੰਮ ਦੀ ਰਾਖੀ ਦੇ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਜੋ ਲਗਾਤਾਰ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਘੋਲ ਚੱਲਦਾ ਰਹੇਗਾ ਜਦੋਂ ਤੱਕ ਕੰਮ ਕਰਨ ਵਾਲੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਸੁਖ ਦੀ ਰੋਟੀ ਨਾ ਖਾਣ ਲੱਗ ਪੈਣ। ਜਦੋਂ ਤੱਕ ਇਨਸਾਫ ਦੇਣ ਵਾਲੇ ਭਾਈਚਾਰਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਨਹੀਂ ਹੋ ਜਾਂਦੀ। ਪੰਧ ਲੰਬਾ ਹੈ, ਮੰਜ਼ਿਲ ਅਣਦਿਸਦੀ ਪਰ ਸੰਘਰਸ਼ ਜਾਰੀ ਹੈ।

ਗੱਲ ਸਵਾ ਕੁ ਸਦੀ ਤੋਂ ਵੀ ਵੱਧ ਪੁਰਾਣੀ ਹੈ ਕਿ ਮਜਦੂਰਾਂ ਨੂੰ ਸਿਰਫ ਕੰਮ ਕਰਨ ਜੋਗੇ ਹੀ ਸਮਝਿਆ ਜਾਂਦਾ ਸੀ। ਉਨ੍ਹਾਂ ਦੇ ਜੀਵਨ ਅਤੇ ਖਾਹਿਸ਼ਾਂ ਦਾ ਕਿਸੇ ਭੜੂਏ ਨੂੰ ਕੋਈ ਫਿਕਰ ਨਹੀਂ ਸੀ। ਅਠਾਰ੍ਹਾਂ-ਵੀਹ ਘੰਟੇ ਰੋਜ਼ਾਨਾ ਕੰਮ ਕਰਨਾ ਬਹੁਤ ਸਾਰਿਆਂ ਦਾ “ਨਸੀਬ” ਬਣ ਚੁੱਕਾ ਸੀ। ਖਾਣ-ਪੀਣ, ਸੌਣ-ਪੈਣ, ਅਰਾਮ ਜਾਂ ਜਿ਼ੰਦਗੀ ਜੀਊਣ ਜੋਗਾ ਸਮਾਂ ਹੀ ਕੌਣ ਦਿੰਦਾ ਸੀ ਉਨ੍ਹਾਂ ਨੂੰ। ਜਦੋਂ ਪਾਣੀ ਗਲ਼ੋਂ ਉੱਪਰ ਚਲਾ ਜਾਵੇ ਤਾਂ ਮਨੁੱਖ ਜੀਊਣ ਲਈ ਚਾਰਾ ਕਰਦਾ ਹੈ। ਮਜ਼ਦੂਰਾਂ ਦੀ ਅਜਿਹੀ ਸਥਿਤੀ ਦੇ ਸਬੰਧ ’ਚ ਮਾਈਕਲ ਸ਼ਾਅਦ ਦੇ ਸ਼ਬਦ ਚੇਤੇ ਕਰਨੇ ਚਾਹੀਦੇ ਹਨ “ਲੱਖਾਂ ਮਜ਼ਦੂਰ ਭੁੱਖੇ ਮਰ ਰਹੇ ਹਨ ਤੇ ਉਹ ਅਵਾਰਾਗਰਦਾਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਸਭ ਤੋਂ ਜ਼ਾਹਿਲ ਉਜਰਤੀ ਗੁਲਾਮ ਵੀ ਸੋਚਣਾ ਸ਼ੁਰੂ ਕਰ ਦਿੰਦਾ ਹੈ। ਸਾਂਝੀ ਮੁਸੀਬਤ ਉਨ੍ਹਾਂ ਨੂੰ ਸਪਸ਼ਟ ਕਰ ਦਿੰਦੀ ਹੈ ਕਿ ਉਹ ਹਰ ਹੀਲੇ ਇਕੱਠੇ ਹੋਣ ਤੇ ਉਹ ਹੋ ਜਾਂਦੇ ਹਨ”। ਉਦੋਂ ਮਜ਼ਦੂਰਾਂ ਦੀ ਇਹ ਸਥਿਤੀ ਸੀ।

ਜਦੋਂ ਸਰਮਾਏਦਾਰਾਂ ਨੇ ਮਜਦੂਰਾਂ ਉੱਤੇ ਅਸਹਿ ਅਤੇ ਅਕਹਿ ਜੁਲਮ ਢਾਹੁਣੇ ਜਾਰੀ ਰੱਖੇ ਤਾਂ ਕਾਮਿਆਂ ਨੇ ਛੋਟੇ ਛੋਟੇ ਗਰੁੱਪਾਂ ਰਾਹੀਂ ਇਕੱਠੇ ਹੋਣਾ ਤੇ ਸੋਚਣਾ ਸ਼ੁਰੂ ਕੀਤਾ ਕਿ ਅਜਿਹੀ ਜਾਲਮ ਸਥਿਤੀ ਵਿਚ ਜੀਊਣ ਦਾ ਸਬੱਬ ਕਿਵੇਂ ਬਣੇ, ਕਿਵੇਂ ਉਹ ਆਪਣੇ ਬਾਲ-ਬੱਚੇ ਪਾਲਣ ਆਦਿ। ਕੁਦਰਤੀ ਹੀ ਉਨ੍ਹਾਂ ਨੇ ਆਪਣੇ ਕਦਮ ਮਜ਼ਦੂਰ ਏਕੇ ਵੱਲ ਵਧਾਏ। 1881 ਵਾਲੇ ਦਹਾਕੇ ਵਿਚ ਮਜ਼ਦੂਰਾਂ ਨੇ ਆਪਣੇ ਆਪ ਨੂੰ 12 ਘੰਟੇ ਦੀ ਕੰਮ ਦਿਹਾੜੀ ਨੂੰ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਦੁਆਲ਼ੇ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ, ਉਂਜ ਭਾਵੇਂ ਇਹ ਮੰਗ 1866 ਤੋਂ ਉੱਠੀ ਸੀ ਜਿਸ ਦਾ ਲਗਾਤਾਰ ਪ੍ਰਚਾਰ ਹੁੰਦਾ ਰਿਹਾ। 1885 ਤੱਕ 8 ਘੰਟੇ ਕੰਮ ਦੀ ਕੰਮ ਦਿਹਾੜੀ ਵਾਲੀ ਮੰਗ ਹਰ ਕਿਸੇ ਦੀ ਜ਼ੁਬਾਨ ’ਤੇ ਚੜ੍ਹ ਗਈ ਸੀ ਤੇ ਜਨਤਕ ਰੂਪ ਧਾਰ ਗਈ ਸੀ। ਅਮਰੀਕਾ ਦੇ ਸਾਰੇ ਵੱਡੇ ਸਨਅਤੀ ਕੇਂਦਰਾਂ ’ਚ ਮਜ਼ਦੂਰਾਂ ਵਲੋਂ ਮੁਜ਼ਾਹਰੇ ਹੋਏ। ਫੇਰ 1886 ਦੇ ਸ਼ੁਰੂ ਤੋਂ ਹੀ ਅਮਰੀਕਾ ਦੇ ਇਕ ਸਿਰੇ ਤੋਂ ਦੂਜੇ ਸਿਰੇ ਭਾਵ ਨਿਊਯਾਰਕ ਤੋਂ ਸਾਨਫਰਾਂਸਿਸਕੋ ਤੱਕ ਆਮ ਮੁਜ਼ਾਹਰੇ ਹੋਏ, ਪਰ ਘੋਲ ਦਾ ਕੇਂਦਰ ਸ਼ਹਿਰ ਸ਼ਿਕਾਗੋ ਸੀ।

ਪਹਿਲੀ ਮਈ 1886 ਨੂੰ ਸ਼ਿਕਾਗੋ ਦੀ ਹੇਅ ਮਾਰਕੀਟ ਦੇ ਦੁਆਲੇ ਕਾਮੇ ਇਕੱਠੇ ਹੋਏ। ਇਸ ਦਿਨ 80 ਹਜਾਰ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਨਾਅਰਿਆਂ ਨਾਲ ਸ਼ਹਿਰ ਦੀਆਂ ਸੜਕਾਂ ਗੂੰਜਣ ਲਾ ਦਿੱਤੀਆਂ। ਇਹ ਮੁਜ਼ਾਹਰੇ ਅਗਲੇ ਦੋ ਦਿਨ ਵੀ ਜਾਰੀ ਰਹੇ ਪਰ ਤਿੰਨ ਮਈ ਨੂੰ ਪੁਲੀਸ ਨੇ ਬਿਨਾ ਕਿਸੇ ਭੜਕਾਹਟ ਦੇ ਅਤੇ ਬਿਨਾਂ ਕਿਸੇ ਵਾਰਨਿੰਗ ਤੋਂ ਹੱਕ ਮੰਗਦੇ ਨਿਹੱਥੇ ਮਜਦੂਰਾਂ ’ਤੇ ਗੋਲੀ ਚਲਾ ਦਿੱਤੀ ਜਿਸ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜਖ਼ਮੀ ਹੋ ਗਏ। 4 ਮਈ ਨੂੰ ਪੁਲੀਸ ਵਲੋਂ ਹੋਏ ਇਸ ਵਹਿਸ਼ੀ ਜਬਰ ਦੇ ਖਿਲਾਫ ਸ਼ਹਿਰ ਦੇ ਕੇਂਦਰੀ ਚੌਕ ਵਿਚ ਰੈਲੀ ਹੋਈ। ਇਸ ਰੈਲੀ ਵਿਚ ਕਿਸੇ ਹੜਤਾਲ ਤੋੜਨ ਵਾਲੇ ਸਰਕਾਰੀ ਏਜੰਟ ਨੇ ਭੜਕਾਹਟ ਪੈਦਾ ਕਰਨ ਵਾਸਤੇ ਬੰਬ ਸੁੱਟ ਦਿੱਤਾ। ਇਕ ਪੁਲਸੀਆ ਮਾਰਿਆ ਗਿਆ, ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸਰਕਾਰ ਨੇ ਮੌਕਾ ਤਾੜ ਕੇ ਮਜਦੂਰ ਜਮਾਤ ਨੂੰ ਖੂਬ ਭੰਡਿਆ। ਮਜਦੂਰਾਂ ਤੇ ਅੰਨ੍ਹਾਂ ਤਸ਼ੱਦਦ ਕੀਤਾ ਅਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਆਖਰ ਝੂਠ ਦੇ ਪੁੱਤਰ ਬੇਈਮਾਨ ਸਰਕਾਰੀ ਅਧਿਕਾਰੀਆਂ ਨੇ ਕਾਲੇ ਦਿਲਾਂ ਵਾਲੇ ਭਾੜੇ ਦੇ ਟੱਟੂ ਪੈਸੇ ਨਾਲ ਖਰੀਦ ਕੇ ਝੂਠ ਦਾ ਜਾਲ ਬੁਣਿਆਂ। ਕਹੇ ਜਾਂਦੇ “ਇਨਸਾਫ ਦੇ ਫਰਿਸ਼ਤਿਆਂ” ਅੱਗੇ ਖਰੀਦੇ ਹੋਏ ਪੁਲੀਸ ਟਾਊਟਾਂ ਨੂੰ ਗਵਾਹਾਂ ਦੇ ਰੂਪ ਵਿਚ ਪੇਸ਼ ਕਰਕੇ ਘੜੇ ਘੜਾਏ ਫਤਵਿਆਂ ਰਾਹੀਂ ਬੇਕਸੂਰ ਮਜਦੂਰ ਆਗੂਆਂ ਨੂੰ ਫਾਂਸੀ ਦੀਆਂ ਸਜਾਵਾਂ ਸੁਣਾਈਆਂ। 11 ਨਵੰਬਰ 1887 ਨੂੰ ਅਲਬਰਟ ਪਾਰਸਨ, ਔਗਸਤ ਸਪਾਈਸ, ਜਾਰਜ ਏਂਜਲ ਅਤੇ ਅਡੋਲਫ ਫਿਸ਼ਰ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਉਨ੍ਹਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਆਪਣੇ ਲੋਕਾਂ ਅਤੇ ਆਪਣੇ ਕਾਜ਼ ਨੂੰ ਭੇਟ ਕਰ ਦਿੱਤੀਆਂ। ਫਾਂਸੀ ਦੇ ਤਖ਼ਤੇ ਵੱਲ ਵਧਦਿਆ ਔਗਸਤ ਸਪਾਈਸ ਦੇ ਅੰਤਮ ਸ਼ਬਦ ਸਨ – “ਇਕ ਸਮਾˆ ਆਵੇਗਾ, ਜਦੋਂ ਸਾਡੀ ਚੁੱਪ, ਸਾਡੇ ਸ਼ਬਦਾ ਨਾਲੋਂ ਜ਼ਿਆਦਾ ਬੋਲੇਗੀ।” ਵਰਤਮਾਨ ਅੰਦਰ ਉਹ ਹੀ ਚੁੱਪ ਦੁਨੀਆਂ ਭਰ ‘ਚ ਕਿਰਤ ਦੀ ਲੁੱਟ ਤੋਂ ਰਾਖੀ ਕਰ ਰਹੇ ਸੰਘਰਸ਼ਾਂ ਦੇ ਰੂਪ ਵਿਚ ਬੋਲਦੀ ਹੈ – ਭਾਰਤ ਅੰਦਰਲਾ ਕਿਸਾਨੀ ਸੰਘਰਸ਼ ਸਾਡੇ ਵਾਸਤੇ ਇਸ ਦੀ ਮਿਸਾਲ ਹੈ।

ਦੂਜੀ ਕੌਮਾਂਤਰੀ ਦੀ ਕਾਂਗਰਸ ਨੇ 1889 ਵਿਚ ਪਹਿਲੀ ਮਈ ਨੂੰ ਮਜਦੂਰਾਂ ਦੇ ਇਕਮੁੱਠਤਾ ਦਿਵਸ ਦੇ ਤੌਰ ’ਤੇ ਮਨਾਉਣ ਦਾ ਫੈਸਲਾ ਲਿਆ। 1890 ਤੋਂ ਪਹਿਲੀ ਮਈ ਦਾ ਦਿਹਾੜਾ ਸ਼ਹੀਦਾਂ ਦੀ ਯਾਦ ਵਜੋਂ ਸੰਸਾਰ ਪੱਧਰ ’ਤੇ ਮਨਾਇਆ ਜਾਂਦਾ ਹੈ ਜੋ ਮਜਦੂਰਾਂ ਦੀ ਕੌਮਾਂਤਰੀ ਸਾਂਝ ਨੂੰ ਤਕੜਿਆ ਕਰਦਾ ਹੈ। ਦੁਨੀਆਂ ਭਰ ਵਿਚ ਇਕ-ਦੋ ਦੇਸ਼ਾਂ ਨੂੰ ਛੱਡ ਕੇ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਹਰ ਥਾਵੇਂ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।

ਅੱਜ ਪਹਿਲਿਆਂ ਸਮਿਆਂ ਨਾਲੋਂ ਸੰਸਾਰ ਸਥਿਤੀ ਹੀ ਨਹੀਂ ਮਜਦੂਰਾਂ ਦੀ ਹਾਲਤ ਵੀ ਬਦਲੀ ਹੈ ਪਰ ਬੁਨਿਆਦੀ ਸਵਾਲਾਂ ਅੰਦਰ ਕਿੰਨੀ ਤਬਦੀਲੀ ਆਈ ਹੈ। ਇੱਥੇ ਸਰਮਾਏਦਾਰੀ ਦੇ ਖਾਸੇ ਬਾਰੇ ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਦੇ ਵਿਚਾਰ ਚੇਤੇ ਕਰਨੇ ਬਹੁਤ ਸਾਰਥਕ ਹਨ – ਮਾਰਕਸ ਨੇ ਲਿਖਿਆ ਸੀ :

“ ਸਰਮਾਏਦਾਰੀ ਜਿੱਥੇ ਵੀ ਹੋਂਦ ਵਿਚ ਆਈ ਹੈ ਉੱਥੇ ਹੀ ਇਸ ਨੇ ਜਗੀਰੂ, ਪਿਤਾ-ਪੁਰਖੀ ਅਤੇ ਆਦਰਸ਼ਕ ਪੇਂਡੂ ਰਿਸ਼ਤਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨੇ ਬੜੀ ਬੇਰਹਿਮੀ ਨਾਲ ਮਨੁੱਖ ਨੂੰ ਆਪਣੇ ਕੁਦਰਤੀ ਵਡੇਰਿਆਂ ਨਾਲ ਜੋੜਨ ਵਾਲੀਆਂ ਜਗੀਰੂ ਤੰਦਾਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਸ ਨੇ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਨੂੰ ਨੰਗੇ ਚਿੱਟੇ ਸੁਆਰਥ ਅਤੇ ਪੈਸੇ ਦੀ ਕਦੇ ਨਾ ਪੂਰੀ ਹੋਣ ਵਾਲੀ ਭੁੱਖ ਉੱਤੇ ਨਿਰਭਰ ਕਰ ਦਿੱਤਾ ਹੈ ਭਾਵ ਮਨੁੱਖ ਨੂੰ ਘੋਰ ਸੁਆਰਥੀ ਬਣਾ ਦਿੱਤਾ ਹੈ ਅਤੇ ਪੈਸੇ ਲਈ ਹੜਬਾ ਦਿੱਤਾ ਹੈ। ਇਸ ਨੇ ਮਨੁੱਖੀ ਨੇਕ ਲਗਨ, ਮਨੁੱਖੀ ਦਲੇਰੀ, ਮਨੁੱਖੀ ਜੋਸ਼ ਅਤੇ ਆਮ ਮਨੁੱਖੀ ਭਾਵਨਾਵਾਂ ਨੂੰ ਨਿੱਜੀ ਸੁਆਰਥ ਦੇ ਬਰਫੀਲੇ ਪਾਣੀਆਂ ਵਿਚ ਡੋਬ ਦਿੱਤਾ ਹੈ। ਇਸ ਨੇ ਮਨੁੱਖੀ ਸਵੈਮਾਣ ਨੂੰ ਵਿਕਾਊ ਮਾਲ ਬਣਾ ਦਿੱਤਾ ਹੈ ਅਤੇ ਬੜੀ ਮਹਿੰਗੀ ਕੀਮਤ ਤਾਰ ਕੇ ਪ੍ਰਾਪਤ ਕੀਤੀਆਂ ਗਈਆਂ ਮਨੁੱਖੀ ਆਜ਼ਾਦੀਆਂ ਨੂੰ ਖਤਮ ਕਰਕੇ ਬਿਨਾ ਸ਼ੱਕ ਇਕੋ ਇਕ ਬੇ-ਜ਼ਮੀਰ ਆਜ਼ਾਦੀ ਤੱਕ ਸੀਮਤ ਕਰ ਦਿੱਤਾ ਹੈ ਇਹ ਹੈ ਅਜਾਦ ਵਪਾਰ। ਸੰਖੇਪ ਵਿਚ ਧਾਰਮਕ ਅਤੇ ਰਾਜਸੀ ਭੁਲੇਖਿਆ ਦੇ ਪਰਦੇ ਹੇਠ ਕੀਤੀ ਜਾਂਦੀ ਲੁੱਟ ਖਸੁੱਟ ਦੀ ਥਾਂ ਇਸਨੇ ਨੰਗੀ, ਬੇਸ਼ਰਮ, ਸਿੱਧੀ ਵਹਿਸ਼ੀ ਲੁੱਟ-ਖਸੁੱਟ ਨੂੰ ਦੇ ਦਿੱਤੀ ਹੈ। ਸਰਮਾਏਦਾਰੀ ਨੇ ਹੁਣ ਤੱਕ ਨੇਕ ਸਮਝੇ ਜਾਂਦੇ ਅਨੇਕ ਕਿੱਤਿਆਂ ਦੀ ਪਵਿੱਤਰਤਾ ਨੂੰ ਖਤਮ ਕਰ ਦਿੱਤਾ ਹੈ। ਪੁਜਾਰੀ, ਕਵੀ (ਸਾਹਿਤਕਾਰ), ਸਾਇੰਸਦਾਨ, ਡਾਕਟਰ, ਵਕੀਲ ਆਦਿ ਪੈਸੇ ਕਮਾਉਣ ਦੀਆਂ ਮਸ਼ੀਨਾਂ ਬਣ ਗਏ ਹਨ। ਸਰਮਾਏਦਾਰੀ ਨੇ ਮਨੁੱਖੀ ਰਿਸ਼ਤਿਆਂ ’ਚੋਂ ਮਨੁੱਖੀ ਜਜ਼ਬਿਆਂ ਨੂੰ ਖਤਮ ਕਰਕੇ ਇਨ੍ਹਾਂ ਰਿਸ਼ਤਿਆਂ ਨੂੰ ਸਿਰਫ ਤੇ ਸਿਰਫ ਮਾਇਕ ਰਿਸ਼ਤਿਆਂ ਤੱਕ ਸੀਮਤ ਕਰ ਦਿੱਤਾ ਹੈ।”
ਕਾਰਲ ਮਾਰਕਸ , ਫਰੈਡਰਿਕ ਏਂਗਲਜ਼ (ਕਮਿਊਨਿਸਟ ਮੈਨੀਫੈਸਟੋ ’ਚੋਂ)

ਭਾਵੇਂ ਪਹਿਲਾਂ ਤੋਂ ਹੁਣ ਤੱਕ ਬਹੁਤ ਤਬਦੀਲੀ ਆਈ ਹੈ ਪਰ ਸਰਮਾਏਦਾਰੀ ਅੰਦਰੋਂ ਕਿਸੇ ਤਰ੍ਹਾਂ ਵੀ ਵੱਧ ਤੋਂ ਵੱਧ ਮੁਨਾਫੇ ਕਮਾਉਣ ਦੀ ਹਵਸ ਵਾਲੀ ਪਸ਼ੂ-ਬਿਰਤੀ ਅਜੇ ਮਰੀ ਨਹੀਂ। ਅੱਜ ਦੇ ਗਲੋਬਲੀ ਪਸਾਰੇ ਦੇ ਘੇਰੇ ਵਿਚ ਮੁਨਾਫਿਆਂ ਦੀ ਹਵਸ ਹੋਰ ਵਧ ਗਈ ਹੈ। ਇਸ ਹਾਲਤ ਨੂੰ ਬਦਲਣ ਲਈ ਜ਼ਰੂਰੀ ਹਨ ਇਕਮੁੱਠ ਮਜਦੂਰਾਂ ਦੇ ਸੰਘਰਸ਼ਮਈ ਖਾੜਕੂ ਘੋਲ। ਇਹ ਮਜਦੂਰਾਂ ਵਲੋਂ ਜਥੇਬੰਦ ਹੋਇਆਂ ਹੀ ਹੋ ਸਕਦੇ ਹਨ। ਮਜਦੂਰਾਂ ਅੰਦਰ ਇਨ੍ਹਾਂ ਦੇ ਵਿਰੋਧੀਆਂ (ਸਰਮਾਏਦਾਰੀ ਦੇ ਦੱਲਿਆਂ) ਵਲੋਂ ਭਰਮ ਭੁਲੇਖੇ ਪੈਦਾ ਕੀਤੇ ਜਾਂਦੇ ਹਨ ਜੋ ਹੁੰਦੇ ਤਾਂ ਮਾਮੂਲੀ ਹਨ ਪਰ ਗੈਰ-ਜਥੇਬੰਦ ਅਤੇ ਆਮ ਕਰਕੇ ਰਾਜਸੀ ਅਤੇ ਸਮਾਜਕ ਪੱਖੋਂ ਘੱਟ ਸੂਝ ਰੱਖਦੇ ਮਜਦੂਰਾਂ ਦੀ ਕੱਚ ਘਰੜ ਸਮਝ ਕੁਰਾਹੇ ਪੈ ਤੁਰਦੀ ਹੈ ਜਿਸ ਨਾਲ ਮਜਦੂਰ ਲਹਿਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਗੱਲ ’ਤੇ ਜੋਰ ਦਿੰਦਿਆ ਜੂਨ 1927 ਦੇ “ਕਿਰਤੀ” ਵਿਚ ਲਿਖਿਆ ਗਿਆ ਸੀ, “ਲੋਕਾਂ ਨੂੰ ਆਪਸ ਵਿਚ ਲੜਨ ਤੋਂ ਰੋਕਣ ਲਈ ਜਮਾਤੀ ਸੂਝ ਦੀ ਲੋੜ ਹੈ। ਗਰੀਬਾਂ, ਕਿਰਤੀਆਂ ਅਤੇ ਕਿਸਾਨਾਂ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ ਇਸ ਕਰਕੇ ਤੁਹਾਨੂੰ ਇਨ੍ਹਾਂ ਦੇ ਹੱਥਕੰਡਿਆਂ ਤੋਂ ਬਚਕੇ ਰਹਿਣਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ੍ਹਬ ਦੇ ਹੋਣ ਹੱਕ ਇੱਕੋ ਹੀ ਹਨ। ਤੁਹਾਡਾ ਭਲਾ ਇਸ ਵਿਚ ਹੈ ਕਿ ਤੁਸੀਂ ਧਰਮ, ਰੰਗ, ਕੌਮ, ਨਸਲ ਤੇ ਦੇਸ਼ਾਂ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦਾ ਯਤਨ ਕਰੋ। ਇਨ੍ਹਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ ਕਿਸੇ ਦਿਨ ਤੁਹਾਡੇ ਸੰਗਲ ਜਰੂਰ ਕੱਟੇ ਜਾਣਗੇ ਅਤੇ ਤੁਹਾਨੂੰ ਆਰਥਿਕ ਸੁਤੰਤਰਤਾ ਮਿਲ ਜਾਵੇਗੀ।”

ਭਾਰਤ ਦੀ ਮਜਦੂਰ-ਕਿਸਾਨ ਜਮਾਤ (ਕਿਰਤੀਆਂ) ਨੇ ਆਪਣੀ ਸਖਤ ਮਿਹਨਤ ਨਾਲ ਮੁਲਕ ਨੂੰ ਦੁਨੀਆਂ ’ਚ ਨਾਮਣੇ ਜੋਗਾ ਕੀਤਾ ਹੈ। ਜੇ ਅਜੇ ਵੀ ਮੁਲਕ ਵਿਚ ਗਰੀਬੀ, ਬੇਕਾਰੀ, ਅਨਪੜ੍ਹਤਾ, ਜਹਾਲਤ ਅਤੇ ਭ੍ਰਿਸ਼ਟਾਚਾਰ ਹੈ ਤਾਂ ਮੁਲਕ ਦੇ ਕਾਮੇ-ਕਿਰਤੀਆਂ ਕਰਕੇ ਨਹੀਂ ਸਗੋਂ ਮੁਲਕ ਅੰਦਰ ਸਰਮਾਏਦਾਰੀ ਪ੍ਰਬੰਧ ਦੇ ਭੈੜ ਹਨ ਭਾਵ ਮੁਨਾਫਿਆਂ ਦੀ ਹਵਸ ਵਾਲਾ ਝੋਟਾ ਅਤੇ ਇਸ ਨੂੰ ਲੱਗੀਆਂ ਜੂਆਂ (ਸਰਮਾਏਦਾਰੀ ਪ੍ਰਬੰਧ ਦੇ ਸਾਰੇ ਭੈੜ) ਹਨ। ਲੋੜ ਹੈ ਇਸ ਅਜਿਹੇ ਬੇਈਮਾਨੀ ਭਰੇ ਲੋਕ ਦੋਖੀ ਪ੍ਰਬੰਧ ਨੂੰ ਭੰਨ-ਤੋੜ ਸੁੱਟਣ ਦੀ ਤਾਂ ਕਿ ਭਾਈਚਾਰਕ ਬਰਾਬਰੀ ਵਾਲਾ ਸਮਾਜ ਉਸਰ ਸਕੇ। ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਕਦੋਂ ਕੁ ਤੱਕ ਇੰਜ ਬਰਦਾਸ਼ਤ ਕਰੀ ਜਾਣਗੇ। ਦੇਸ਼ ਭਗਤ ਬਾਬਿਆਂ ਨੇ ਬਹੁਤ ਵੱਡੇ ਦਾਈਏ ਬੰਨ੍ਹੇ ਸਨ। ਕੀ ਦੇਸ਼ ਉਨ੍ਹਾਂ ਸੁਪਨਿਆਂ ਦੇ ਨੇੜੇ-ਤੇੜੇ ਵੀ ਅੱਪੜਿਆ, ਜਵਾਬ ਨਾਂਹ ਵਿਚ ਹੈ। ਰਾਜ ਗੱਦੀਆਂ `ਤੇ ਬੈਠਣ ਵਾਲਿਆਂ ਦਾ ਤਾਂ ਏਜੰਡਾ ਹੀ ਗਰੀਬ, ਕਿਸਾਨ, ਮਜ਼ਦੂਰ ਵਿਰੋਧੀ ਰਿਹਾ ਹੈ ਜੋ ਅਜੇ ਵੀ ਹੈ। ਹੁਣ ਤਾਂ ਗਲੋਬਲੀ ਸਰਮਾਏ ਦੀ ਭਾਈਵਾਲੀ ਨੇ ਗਿਰਝਾਂ ਦਾ ਰੂਪ ਧਾਰ ਕੇ ਕਿਰਤੀਆਂ, ਕਿਸਾਨਾਂ ਭਾਵ ਕਿ ਹਰ ਮਿਹਨਤਕਸ਼ ਦੇ ਮਾਸ ਦੀ ਆਖਰੀ ਬੋਟੀ ਤੋਂ ਸਭ-ਕੁੱਝ ਚਰੂੰਡਣ ਦਾ ਨਿਸ਼ਾਨਾ ਮਿੱਥਿਆ ਹੋਇਆ, ਜੋ ਆਮ ਲੋਕਾਂ ਦੀ ਜ਼ਿੰਦਗੀ ਨੂੰ ਲਗਾਤਾਰ ਬਦ ਤੋਂ ਬਦਤਰ ਕਰੀ ਜਾ ਰਹੇ ਹਨ।

ਉੱਘੇ ਦੇਸ਼ ਭਗਤ ਬਾਬਾ ਪ੍ਰਿਥਵੀ ਸਿੰਘ ਅਜਾਦ ਦੇਸ਼ ਦੀ ਅਜਾਦੀ ਦੇ ਘੋਲ ਵਿਚ ਵੱਡਾ ਹਿੱਸਾ ਪਾਉਣ ਵਾਲਿਆਂ ਵਿਚੋਂ ਸਨ। ਉਨ੍ਹਾਂ ਆਪਣੇ ਦਿਲ ਤੇ ਦੇਸ਼ ਦਾ ਦੁੱਖ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ, ਉਹ ਲਿਖਦੇ ਹਨ: “ਅਜਾਦੀ ਤੋਂ ਬਾਅਦ ਸਹੀ ਸੇਧ ਵਿਚ ਚੱਲਣਾ ਬਹੁਤ ਜਰੂਰੀ ਸੀ ਪਰ ਅਸੀਂ ਇਸ ਵਿਚ ਫੇਲ੍ਹ ਹੋ ਗਏ ਹਾਂ। ਧਨ-ਦੌਲਤ ਦੇ ਗੇੜ ਵਿਚ ਪੈ ਗਏ ਹਾਂ। ਮੈਂ ਆਪਣੀ ਮਾਂ-ਭੂਮੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਸਵਾਲਾਂ ਉੱਤੇ ਵਿਚਾਰ ਕਰਨ ਕਿ ਭਾਰਤ ਕਿੱਧਰ ਨੂੰ ਜਾ ਰਿਹਾ ਹੈ? ਅਜਾਦ ਭਾਰਤ ਵਿਚ ਗਰੀਬੀ ਕਿਉਂ ਵਧ ਰਹੀ ਹੈ? ਸਾਡੇ ਕੌਮੀ ਜੀਵਨ ਵਿਚ ਭ੍ਰਿਸ਼ਟਾਚਾਰ ਕਿਵੇਂ ਧਸ ਗਿਆ ਹੈ? ਦਿਨੋ-ਦਿਨ ਅਮੀਰ ਤੇ ਗਰੀਬ ਵਿਚ ਪਾੜਾ ਕਿਉਂ ਵਧ ਰਿਹਾ ਹੈ? ਦੇਸ਼ ਦੀ ਇਸ ਹਾਲਤ ਅਤੇ ਨਿਘਾਰ ਲਈ ਕੌਣ ਜਿੰਮੇਵਾਰ ਹੈ? ਜੀਵਨ ਦੇ ਸਾਰੇ ਖੇਤਰਾਂ ਵਿਚ ਇਖਲਾਕੀ ਕਦਰਾਂ ਦੇ ਖੁਰਦੇ ਜਾਣ ਨੂੰ ਰੋਕਣ ਤੋਂ ਅਸੀਂ ਕਿਉਂ ਅਸਮਰਥ ਹਾਂ?”…..ਬਾਬਾ ਜੀ ਨੇ ਅੱਗੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਹੈ ਕਿ “ਇਹ ਭ੍ਰਿਸ਼ਟਾਚਾਰੀ ਪ੍ਰਬੰਧ ਖੁਦ ਦੇਸ਼ ਦਿਆਂ ਹਾਕਮਾਂ ਨੇ ਪੈਦਾ ਕੀਤਾ ਹੈ। ਸਾਡੀ ਉਨਤੀ ਤੇ ਖੁਸ਼ਹਾਲੀ ਨਾਮਧਰੀਕ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੇ ਵਾਹੀਕਾਰ ਤੇ ਕਿਰਤੀ ਲੋਕ ਇਸ ਸਰਮਾਏਦਾਰ ਸਮਾਜ ਅੱਗੇ ਸਿਰ ਝੁਕਾਈ ਰੱਖਣਗੇ ਜਾਂ ਇਸ ਨੂੰ ਚੈਲਿੰਜ ਕਰਨਗੇ। ਭਾਰਤ ਦੇ ਕਿਸਾਨਾਂ ਤੇ ਮਜਦੂਰਾਂ ਨੇ ਆਪਣੇ ਰਾਹੇ ਜਾਣ ਦਾ ਫੈਸਲਾ ਕਰਨਾ ਹੈ। ਸੋਸ਼ਲਿਸਟ ਪ੍ਰਬੰਧ ਹੀ ਨਿਜਾਤ ਦਾ ਰਾਹ ਹੈ।”

ਇਨ੍ਹਾਂ ਸ਼ਬਦਾਂ ਦੀ ਲੋਅ ਵਿਚ ਸੱਭਿਅਕ ਕਹੀ ਜਾਣ ਵਾਲੀ 21ਵੀਂ ਸਦੀ ਅੰਦਰ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਦੇਖਿਆ ਜਾ ਸਕਦਾ ਹੈ, ਜੋ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਹੱਕਾਂ ਲਈ ਸੰਘਰਸ਼ ਕਰ ਰਿਹਾਂ ਦੀਆਂ ਨਿੱਤ ਦਿਨ ਸ਼ਹਾਦਤਾਂ ਹੋ ਰਹੀਆਂ ਹਨ ਪਰ ਰਾਜ ਸੱਤਾ ਨਿਰਦਈ ਬਣੀ ਬੈਠੀ ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲਿਆਂ ਅਤੇ ਹਰ ਜੀਅ ਦੇ ਮੂੰਹ ਅੰਨ ਪਾਉਣ ਵਾਲਿਆਂ ਪ੍ਰਤੀ ਦੁਸ਼ਮਣਾਂ ਵਾਲੀ ਪਹੁੰਚ ਅਪਣਾ ਰਹੀ ਹੈ।

ਭਾਰਤ ਧਰਮ ਨਿਰਪੱਖ ਦੇਸ਼ ਕਹਾਉਂਦਾ ਹੈ। ਪਰ ਹਾਕਮ ਰਾਜ ਗੱਦੀ ਤੇ ਬਣੇ ਰਹਿਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈਣ ਵਿਚ ਕੋਈ ਰੱਤੀ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਸਗੋਂ “ਵੋਟ ਯੁੱਧ” ਦੇ ਮੈਦਾਨ ਵਿਚ ਖੁਦ ਫਿਰਕਾਪ੍ਰਸਤ ਹੋ ਜਾਂਦੇ ਹਨ ਪਰ ਬੇਸ਼ਰਮੀ ਦੀ ਹੱਦ ਕਿ ਮੂੰਹੋਂ ਨਾਮ ਫੇਰ ਵੀ “ਹਮ ਸਭ ਏਕ ਹੈਂ” ਦਾ ਹੀ ਲੈਂਦੇ ਹਨ। ਸਾਰਾ ਹੀ ਮੁਲਕ ਸੰਤਾਪ ਭੋਗ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਤਾਂ ਇਸ ਦਾ ਚਲਣ ਬਹੁਤ ਜਿ਼ਆਦਾ ਵਧ ਗਿਆ ਹੈ। ਲਾਲਚੀ ਲੋਕ ਇਲਾਕਾਵਾਦ, ਭਾਸ਼ਾਵਾਦ ਤੇ ਕਈ ਹੋਰ ਕਿਸਮਾਂ ਦੀ ਡੱਫਲੀ ਬਜਾ ਕੇ ਆਪਣੇ ਸੌੜੇ ਮੁਫਾਦਾਂ ਖਾਤਰ ਆਮ ਕਿਰਤੀ ਲੋਕਾਂ ਨੂੰ ਪਾੜ ਵੀ ਰਹੇ ਹਨ ਤੇ ਮੂਰਖ ਵੀ ਬਣਾ ਰਹੇ ਹਨ। ਕਿਸੇ ਵੀ ਗੱਲ/ਮਸਲੇ ਨੂੰ ਹਕੀਕੀ ਹਾਲਤਾਂ ਅਨੁਸਾਰ ਹੀ ਵਿਚਾਰਿਆ ਜਾਣਾ ਚਾਹੀਦਾ ਹੈ। ਧਾਰਮਿਕ ਵਿਸ਼ਵਾਸ ਕਿਸੇ ਦੇ ਜਿਹੜੇ ਮਰਜੀ ਹੋਣ ਪਰ ਦੁੱਖ-ਤਕਲੀਫਾਂ, ਮੰਗਾਂ, ਮੁਸੀਬਤਾਂ ਸਭ ਦੀਆਂ ਸਾਂਝੀਆਂ ਹਨ ਇਸ ਕਰਕੇ ਇਹ ਸਾਂਝੀ ਲੜਾਈ ਇਕੱਠਿਆਂ ਹੋ ਕੇ ਸਾਂਝੇ ਤੌਰ `ਤੇ ਲੜੀ ਜਾਣੀ ਚਾਹੀਦੀ ਹੈ/ ਇਹ ਲੜੀ ਜਾ ਸਕਦੀ ਹੈ। ਆਖਰ ਲੜਨੀ ਹੀ ਪੈਣੀ ਹੈ, ਇਸ ਤੋਂ ਬਿਨਾਂ ਨਿਜਾਤ ਨਹੀਂ ਮਿਲਣੀ।

ਦੇਸ਼ ਦੇ ਕਿਰਤੀ – ਕਿਸਾਨਾਂ, ਦਸਤਕਾਰ ਲੋਕਾਂ ਨੇ ਹਮੇਸ਼ਾਂ ਹੀ ਮੁਲਕ ਦੇ ਵਿਕਾਸ ਵਿਚ ਆਪਣੀ ਸਮਰੱਥਾ ਤੋਂ ਵੱਧ ਯੋਗਦਾਨ ਪਾਇਆ, ਪਰ ਮੁਨਾਫੇ ਉਨ੍ਹਾਂ ਨੇ ਖੱਟੇ ਜੋ ਆਜ਼ਾਦੀ ਦੀ ਲਹਿਰ ਵੇਲੇ ਅੰਗਰੇਜਾਂ ਦੇ ਬੂਟ ਚੱਟਦੇ ਰਹੇ, ਦੇਸ਼ਭਗਤਾਂ ਦੀਆਂ ਅੰਗਰੇਜ਼ ਬਸਤੀਵਾਦੀਆਂ ਲਈ ਮੁਖਬਰੀਆਂ ਕਰਦੇ ਰਹੇ। ਆਜ਼ਾਦੀ ਉਪਰੰਤ ਕੌਮਾਂਤਰੀ ਸਰਮਾਏਦਾਰਾਂ ਨਾਲ ਰਲਕੇ ‘ਸੋਨੇ ਦੀ ਚਿੜੀ’ ਨੂੰ ਦੋਹੀਂ ਹੱਥ ਲੁੱਟਦੇ ਰਹੇ, ਅਜੇ ਵੀ ਲੁੱਟੀ ਜਾ ਰਹੇ ਹਨ। ਭਾਰਤ ਅੰਦਰ ਲੋਕ ਰਾਜ ਦੇ ਹੁੰਦਿਆਂ ਬਹੁਤ ਸਾਰੇ ਕਾਲੇ ਕਾਨੂੰਨ ਮੌਜੂਦ ਹਨ। ਉਹ ਸਾਰੇ ਹੀ ਆਪਣੀਆਂ ਹੱਕੀ ਮੰਗਾ ਲਈ ਘੋਲ ਕਰਦੇ ਲੋਕਾਂ ਦੇ ਖਿਲਾਫ ਵਰਤੇ ਜਾਂਦੇ ਹਨ। ਇੱਥੋਂ ਤੱਕ ਕਿ ਕਿਰਤੀ ਜਮਾਤ ਨਾਲ ਸਬੰਧਤ ਲੋਕ ਜਦੋਂ ਆਪਣੇ ਘੋਲਾਂ ਵਿਚ ਨਿੱਤਰੇ ਹੜਤਾਲਾਂ ਕੀਤੀਆਂ ਤਾਂ ਉਨ੍ਹਾਂ ਦੇ ਖਿਲਾਫ ਦਹਿਸ਼ਤ ਗਰਦੀ ਵਿਰੋਧੀ ਕਾਨੂੰਨ ਵਰਤੇ ਗਏ। ਹਾਲਾਂਕਿ ਇਹ ਜੱਗ ਜਾਹਰ ਹੈ ਕਿ ਮਜਦੂਰ ਜਮਾਤ ਬੇਕਿਰਕ ਹੋ ਕੇ ਦਹਿਸ਼ਤਗਰਦੀ ਦੇ ਖਿਲਾਫ ਲੜੀ। ਡੈਮੋਕ੍ਰੇਸੀ ਨੂੰ ਵਾਰ ਵਾਰ ‘ਡਾਂਗੋਕ੍ਰੇਸੀ` ਨਾਲ ਹੱਕਿਆ ਗਿਆ, ਹੁਣ ਤਾਂ “ਰਾਮ-ਨਾਮ” ਨੂੰ ਵੀ ਡਾਂਗ ਵਾਂਗ ਡਰਾਉਣ ਵਾਸਤੇ ਹੀ ਵਰਤਿਆ ਜਾਂਦਾ ਹੈ, ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਨਹੀਂ ਰਿਹਾ, ਕਹਿੰਦੇ ਹਨ ਜੋ ਕਦੇ ਹੁੰਦਾ ਸੀ ਪਰ ਇਤਿਹਾਸ ਤਾਂ ਅਜਿਹੇ ਸਮੇਂ ਸ਼ੰਭੂਕ ਰਿਸ਼ੀ ਵਰਗਿਆਂ ਦੀ ਹੱਤਿਆ ਦਾ “ਕਿੱਸਾ” ਹੀ ਪੇਸ਼ ਕਰਦਾ ਹੈ । ਕੀ ਇਹ ਹੀ ਹੈ ਭਾਰਤੀ “ਲੋਕ ਰਾਜ”? ਨਿਆਂ ਇਸ ਰਾਜ ਵਿਚ ਅੱਖਾਂ ’ਤੇ ਪੱਟੀ ਬੰਨ੍ਹਕੇ, ਕੰਨਾਂ ਵਿਚ ਰੂੰਅ ਦੇ ਕੇ ਬੈਠਾ ਰਹਿੰਦਾ ਹੈ। ਛੋਟੀਆਂ ਛੋਟੀਆਂ ਬੱਚੀਆਂ, ਧੀਆਂ-ਭੈਣਾਂ ਦੇ ਬਲਾਤਕਾਰ ਆਮ ਵਰਤਾਰਾ ਬਣਦੇ ਜਾ ਰਹੇ ਹਨ। ਹਕੂਮਤੀ ਧਿਰਾਂ ਸਿਰਫ ਖਾਨਾ-ਪੂਰਤੀ ਦਾ ਵਿਖਾਵਾ ਕਰਨ ਤੱਕ ਸੀਮਤ ਹੋ ਜਾਂਦੀਆਂ ਹਨ। ਬੇਦੋਸਿ਼ਆਂ ਨੂੰ ਭੀੜਾਂ ਤੋਂ ਕਤਲ ਕਰਵਾਉਣ ਵਾਲੇ ਗੁੰਡੇ ਸਰਕਾਰੀ ਸੁਰੱਖਿਆ ਦਾ ਨਿੱਘ ਮਾਣਦੇ ਹਨ। ਉੱਚੇ ਅਹੁਦਿਆਂ ’ਤੇ ਬੈਠ ਕੇ ਰਾਜ-ਭਾਗ ਚਲਾਉਂਦੇ ਹਨ ਸਰਕਾਰਾਂ ਕਮਿਸ਼ਨ ਦਰ ਕਮਿਸ਼ਨ ਕਾਇਮ ਕਰਕੇ ਲੋਕਾਂ ਨੂੰ ਮੂਰਖ ਬਨਾਉਣ ਦਾ ਕੰਮ ਕਰਦੀਆਂ ਹਨ। ਜਿੱਥੇ ਇਨਸਾਫ ਨਾ ਮਿਲਦਾ ਹੋਵੇ ਉਹਨੂੰ ਕਾਨੂੰਨ ਦਾ ਰਾਜ ਜਾਂ ਲੋਕ ਰਾਜ ਕਹਿਣਾ ਕਿੰਨਾ ਕੁ ਠੀਕ ਹੋ ਸਕਦਾ ਹੈ? ਸਿਆਸਤ ਹੁਣ ਸੇਵਾ ਨਹੀਂ ਧੰਦਾ ਬਣ ਗਈ ਹੈ, ਸਿਆਸਤ ਨੂੰ ਵੇਚਣ ਦਾ ਧੰਦਾ ਕਰਨ ਵਾਲੇ ਹਕੂਮਤੀ “ਲੋਕ” ਇਸ ਦੀ ਕਮਾਈ ਹੀ ਨਹੀਂ ਖਾ ਰਹੇ ਸਗੋਂ ਬੇ-ਤਹਾਸ਼ੇ ਮੁਨਾਫੇ ਵੀ ਕਮਾ ਰਹੇ ਹਨ। ਸੱਭਿਆਚਾਰਕ ਕਦਰਾਂ ਕੀਮਤਾਂ ਦਾ ਨਿੱਤ ਘਾਣ ਹੁੰਦਾ ਹੈ, ਮਨੁੱਖਾਂ ਵਿਚੋਂ ਨੈਤਿਕਤਾ ਦਾ ਖਾਤਮਾ ਹੀ ਹੋ ਗਿਆ ਲਗਦਾ ਹੈ।

ਅੱਜ ਵਿਸ਼ਵੀਕਰਨ ਦਾ ਬਹੁਤ ਖੌਰੂ ਪੈ ਰਿਹਾ ਹੈ। ਮੀਡੀਆ ’ਤੇ ਬਹੁਕੌਮੀ ਕੰਪਨੀਆਂ ਜਾਂ ਫੇਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਬਜੇ ਹਨ ਜਾਂ ਉਨ੍ਹਾਂ ਦਾ ਇਸ ਖੇਤਰ ਅੰਦਰ ਵੱਡਾ ਪ੍ਰਭਾਵ ਹੈ। ਇਸ ਕਰਕੇ ਹੀ ਗਲੀ-ਸੜੀ ਅਤੇ ਅਸਲੋਂ ਬੌਨੀ ਸੋਚ ਦੇ ਸਾਧਾਰਨ ਜਹੇ ਵਿਅਕਤੀਆਂ ਨੂੰ ਪ੍ਰਭਾਵਸ਼ਾਲੀ ਬਨਾਉਣ ਵਿਚ ਲੱਗੇ ਹੋਏ ਹਨ। ਮੀਡੀਏ ਦਾ ਵੱਡਾ ਹਿੱਸਾ “ਸੱਚ“ ਦੇ ਨਾਂ ਹੇਠ ਰੱਜ ਕੇ ਝੂਠ ਵੇਚ ਰਿਹਾ ਹੈ। ਹਕੂਮਤ ਨੂੰ ਸੂਤ ਬੈਠਦਾ ਫਿਰਕਾਪ੍ਰਸਤੀ ਦਾ ਪ੍ਰਚਾਰ ਬਹੁਗਿਣਤੀ ਮੀਡੀਏ ਦਾ ਏਜੰਡਾ ਹੋ ਗਿਆ ਹੈ। ਇਸ ਪਾਸੇ ਹਰ ਵਿਅਕਤੀ ਨੂੰ ਜਾਗ੍ਰਤਿ ਕਰਦਿਆਂ ਹੋਰ ਸੁਚੇਤ ਹੋਣ ਵਾਲਾ ਹੋਕਾ ਦੇਣ ਦੀ ਬਹੁਤ ਲੋੜ ਹੈ। ਹਰ ਚੰਗੀ ਮਨੁੱਖਵਾਦੀ ਅਤੇ ਸਾਂਝੀਵਾਲਤਾ ਭਰੀ ਸੋਚ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਾਂ ਫੇਰ ਨਕਾਰਨ ਦਾ ਜਤਨ ਕੀਤਾ ਜਾ ਰਿਹਾ ਹੈ। ਇਸ ਤੋਂ ਬਚਣ ਲਈ ਸਰਗਰਮੀ ਭਰਿਆ ਦਖਲ ਬਹੁਤ ਜਰੂਰੀ ਹੈ। ਇਸ ਨਕਲੀ ਵਿਸ਼ਵੀਕਰਨ (ਕੌਮਾਂਤਰੀ ਲੁੱਟਤੰਤਰ) ਦੇ ਝੂਠੇ ਵਣਜਾਰੇ ਸੰਸਾਰ ਦੇ ਇਕ ਪਿੰਡ ਬਣ ਜਾਣ ਵਾਲੇ ਛੁਣਛੁਣੇ ਨਾਲ ਦੁਹਾਈ ਦੇ ਕੇ ਸਾਰੇ ਪਿੰਡ ਨੂੰ ਹੀ ਲੁੱਟਣ ’ਤੇ ਲੱਗੇ ਹੋਏ ਹਨ। ਇਹ ਵਿਸ਼ਵੀਕਰਨ ਖਾਸ ਕਰਕੇ ਆਰਥਕ ਪੱਖੋਂ ਨਵ-ਬਸਤੀਵਾਦੀ ਪ੍ਰਬੰਧ ਹੈ। ਮਨੁੱਖੀ ਸਾਂਝਾ ਨੂੰ ਪਿਛਾਂਹ ਧੱਕਦਿਆ ਮਨੁੱਖ ਨੂੰ ਸਮਾਜ ਨਾਲੋਂ ਤੋੜਨ ਵਿਚ ਲੱਗੇ ਹੋਏ ਹਨ। ਸਾਡੇ ਅਮੀਰ ਵਿਰਸੇ ਵਿਚ ਸਦੀਆਂ ਤੋਂ “ਸਭੈ ਸਾਂਝੀਵਾਲ ….” ਦਾ ਹੋਕਾ ਮਿਲਦਾ ਹੈ ਅਤੇ ‘ਬੇਗਮਪੁਰੇ ਦੀ ਸਿਰਜਣਾ’ ਦਾ ਸੰਕਲਪ/ਸਿਧਾਂਤ ਬਰਾਬਰੀ ਅਤੇ ਦੀਨ ਦੁਖੀ ਨਾਲ ਖੜ੍ਹੇ ਹੋਣ ਦੇ ਬੋਲ ਉੱਚੇ ਕਰਦਾ ਹੈ। ਕਿਉਂ ਵਿਸਾਰੀਏ ਅਸੀਂ ਇਹੋ ਜਹੇ ਮਨੁੱਖਵਾਦੀ ਸਿਧਾਂਤ? ਇਹ ਧਾਰਮਿਕ ਪ੍ਰਵਚਨ ਨਹੀਂ ਸਗੋਂ ਸਮਾਜਕ ਵਿਹਾਰ ਨੂੰ ਬਰਾਬਰੀ ਤੱਕ ਲੈ ਜਾਣ ਵਾਲੇ ਮਨੁੱਖਤਾ ਦਾ ਪੱਖ ਪੂਰਨ ਵਾਲੇ ਸੁੱਚੇ ਬੋਲ ਹਨ। ਇਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਕਦਮ ਅੱਗੇ ਤੁਰਨੇ ਚਾਹੀਦੇ ਹਨ, ਸਾਝਾਂ ਪੈਦਾ ਕਰਦਿਆ ਇਨ੍ਹਾਂ ਨੂੰ ਤਕੜੇ ਕਰਨਾ ਚਾਹੀਦਾ ਹੈ। ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਇੱਥੇ ਜੁੜਨਾ ਹੀ ਪੈਣਾ ਹੈ।

ਫਿਰਕਾਪ੍ਰਸਤੀ ਅਤੇ ਰੂੜੀਵਾਦੀ ਸੋਚ ਨੂੰ ਪ੍ਰਣਾਏ ਕਈ ਮੱਕਾਰ ਸਿਆਸਤਦਾਨ ਜਾਂ ਉਨ੍ਹਾਂ ਦੇ ਹਮਾਇਤੀ ਧਰਮ ਦੇ ਰਾਜ ਦੀਆਂ ਵੀ ਦੁਹਾਈਆਂ ਪਾਉਂਦੇ ਦੇਖੇ ਜਾ ਸਕਦੇ ਹਨ। ਧਰਮ ਦੇ ਨਾਂ ਵਾਲੀ ਸੋਚ ਵਿਚੋਂ ਤਾਂ ਸਿਰਫ ਕੁਚੱਜ ਭਰੇ “ਪਰਬੰਧ” ਜੰਮਦੇ ਹਨ ਜੋ ਧੱਕੇ / ਧੌਂਸ ਵਾਲੇ ਅਤੇ ਮਿਹਨਤਕਸ਼ਾਂ ਦੇ ਨੰਗੇ ਚਿੱਟੇ ਦੁਸ਼ਮਣ ਹੁੰਦੇ ਹਨ। ਹਰ ਕਿਸਮ ਦੀ ਫਿਰਕਾਪ੍ਰਸਤੀ ਫਾਸ਼ੀਵਾਦ ਨੂੰ ਜਨਮ ਦੇਣ ਦਾ ਕਾਰਨ ਬਣਦੀ ਹੈ। ਫਾਸ਼ੀਵਾਦ ਲੋਕਾਂ ਦਾ ਦੁਸ਼ਮਣ ਹੁੰਦਾ ਹੈ। ਹਰ ਕਿਸਮ ਦੇ ਫਿਕਾਪ੍ਰਸਤਾਂ ਦੇ ਖਿਲਾਫ ਘੋਲ ਜਮਾਤੀ ਸੂਝ ਨਾਲ ਪ੍ਰਪੱਕ ਹੋ ਕੇ ਹੀ ਲੜਿਆ ਜਾ ਸਕਦਾ ਹੈ/ ਲੜਿਆ ਜਾਣਾ ਚਾਹੀਦਾ ਹੈ, ਅੱਜ ਇਸਦੀ ਬਹੁਤ ਲੋੜ ਹੈ। ਕਿਰਤੀਆਂ ਦੇ ਸਾਂਝੇ ਸੰਘਰਸ਼ ਹੀ ਸਮਾਜ ਨੂੰ ਅੱਗੇ ਵੱਲ ਤੋਰ ਸਕਦੇ ਹਨ। ਅਜਿਹੀ ਸਥਿਤੀ ਵਿਚ ਬੁੱਧੀਜੀਵੀਆਂ ਦੇ ਜਿੰਮੇਵਾਰੀ ਬਹੁਤ ਵਧ ਜਾਂਦੀ ਹੈ ਕਿ ਉਹ ਹਾਲਤਾਂ ਨੂੰ ਭਾਂਪਦਿਆਂ, ਕਿਸਾਨਾਂ-ਮਜ਼ਦੂਰਾਂ ਨਾਲ ਸਾਂਝ ਵਧਾ ਕੇ ਉਨ੍ਹਾਂ ਦੇ ਹਕੀਕੀ ਮਸਲਿਆਂ ਬਾਰੇ ਠੀਕ ਨਿਰਣੇ ਕਰਨ ਅਤੇ ਆਪਣੇ ਲੋਕਾਂ ਨੂੰ ਸਹੀ ਸੇਧ ਦੇਣ। ਭਰੱਪਣ ਭਰੇ ਸਮਾਜ ਦੀ ਕਾਇਮੀ ਵੱਲ ਸਾਂਝੀ ਯਲਗਾਰ ਹੀ ਪਹਿਲੀ ਮਈ ਦਾ ਸੁਨੇਹਾ ਹੈ। ਕਿਰਤੀਆਂ ਖਾਤਰ ਜਾਨਾਂ ਵਾਰ ਗਏ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਵਲੋਂ ਸ਼ੁਰੂ ਕੀਤੇ ਕਾਜ਼ ਨੂੰ ਪ੍ਰਣਾਮ ਕਰਦਿਆਂ ਉਸ ਸੋਚ ਦਾ ਹਿੱਸਾ ਬਣਨਾ ਸਾਡਾ ਫਰਜ਼ ਹੋਣਾ ਚਾਹੀਦਾ ਹੈ। ਇਹ ਹੀ ਪਹਿਲੀ ਮਈ ਦੀ ਭਾਵਨਾ ਹੈ।

Previous articleArmy porter slips to death near LoC in Kupwara
Next articleBlatant Human Rights violations and forcible takeover of land in Mikir Bamuni Grant village for a 15MW Solar Power Project of Azure Power