ਕਾਰੋਬਾਰੀ ਦੇ ਪੁੱਤ ਨੇ ਫੇਸਬੁੱਕ ’ਤੇ ਖੋਲ੍ਹੀ ਡੀਐੱਮਸੀ ਦੀ ਪੋਲ

ਲੁਧਿਆਣਾ (ਸਮਾਜ ਵੀਕਲੀ): ਸਨਅਤੀ ਸ਼ਹਿਰ ਦੇ ਵੱਡੀਆਂ ਸਿਹਤ ਸਹੂਲਤਾਂ ਵਾਲੇ ਡੀਐੱਮਸੀ ਹਸਪਤਾਲ ਵਿੱਚ ਬੈੱਡ ਨਾ ਮਿਲਣ ਕਾਰਨ ਕਰੋਨਾ ਦੀ ਜੰਗ ਹਾਰਨ ਵਾਲੇ ਕਾਰੋਬਾਰੀ ਸੰਜੀਵ ਨਾਗਪਾਲ ਦੇ ਪੁੱਤਰ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਹਸਪਤਾਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ ਹੈ।

ਫੇਸਬੁੱਕ ’ਤੇ ਲਾਈਵ ਹੋਏ ਨੌਜਵਾਨ ਨੇ ਦੱਸਿਆ ਕਿ ਕਿਵੇਂ 5 ਘੰਟੇ ਉਹ ਸਟਰੈੱਚਰ ’ਤੇ ਆਪਣੇ ਪਿਤਾ ਨੂੰ ਪਾ ਕੇ ਡਾਕਟਰਾਂ ਸਾਹਮਣੇ ਬੈੱਡ ਦੇਣ ਦੀਆਂ ਮਿੰਨਤਾਂ ਕਰਦਾ ਰਿਹਾ, ਪਰ ਡਾਕਟਰਾਂ ਨੂੰ ਤਰਸ ਨਹੀਂ ਆਇਆ। ਉਸ ਨੇ ਦੱਸਿਆ ਕਿ 5 ਕਿਲੋਮੀਟਰ ਦੇ ਸਫ਼ਰ ਲਈ ਚਾਰ ਹਜ਼ਾਰ ਰੁਪਏ ਵਿੱਚ ਐਂਬੂਲੈਂਸ ਕੀਤੀ ਤੇ ਆਪਣੇ ਪਿਤਾ ਨੂੂੰ ਸਿਵਲ ਹਸਪਤਾਲ ਲੈ ਕੇ ਪੁੱਜਿਆ। ਹਾਲਾਂਕਿ ਰਸਤੇ ਵਿਚ ਹੀ ਉਸ ਦੇ ਪਿਤਾ ਨੇ ਉਸ ਦੇ ਹੱਥਾਂ ਵਿੱਚ ਦਮ ਤੋੜ ਦਿੱਤਾ।

ਇਸ ਵੀਡੀਓ ਜ਼ਰੀਏ ਉਸ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਗੰਭੀਰ ਮਰੀਜ਼ਾਂ ਲਈ ਬੈੱਡਾਂ ਦਾ ਇੰਤਜ਼ਾਮ ਕੀਤਾ ਜਾਵੇ। ਸੰਜੀਵ ਨਾਗਪਾਲ ਦੇ ਪੁੱਤਰ ਪ੍ਰਨਵ ਨਾਗਪਾਲ ਨੇ ਵੀਡੀਓ ਬਣਾ ਕੇ ਦੱਸਿਆ ਕਿ ਕਿਵੇਂ ਡੀਐੱਮਸੀ ਹਸਪਤਾਲ ਨੇ ਬੈੱਡ ਦੇਣ ਲਈ ਮਿੰਨਤਾਂ ਕਰਵਾਈਆਂ। ਨਾਗਪਾਲ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਪਹਿਲਾਂ ਤਾਂ ਕਰੋਨਾ ਰਿਪੋਰਟ ਵੀ ਹਸਪਤਾਲ ਨੇ 24 ਘੰਟੇ ਬਾਅਦ ਦਿੱਤੀ।

ਜਦੋਂ ਉਸ ਦੇ ਪਿਤਾ ਨੂੰ ਸਾਹ ਲੈਣ ’ਚ ਮੁਸ਼ਕਲ ਆਈ ਤਾਂ ਤਾਂ ਉਹ ਉਨ੍ਹਾਂ ਨੂੂੰ ਲੈ ਕੇ ਹਸਪਤਾਲ ਪੁੱਜਾ। ਹਸਪਤਾਲ ਨੇ ਕਈ ਘੰਟਿਆਂ ਤੱਕ ਉਨ੍ਹਾਂ ਨੂੰ ਬਾਹਰ ਸਟਰੈੱਚਰ ’ਤੇ ਪਾਈ ਰੱਖਿਆ। ਮਿੰਨਤਾਂ ਕਰਕੇ ਜਦੋਂ ਕਰੋਨਾ ਰਿਪੋਰਟ ਲਈ ਤਾਂ ਉਨ੍ਹਾਂ ਨੂੂੰ ਹਸਪਤਾਲ ਨੇ ਸਾਫ਼ ਆਖ ਦਿੱਤਾ, ‘ਸਾਡੇ ਕੋਲ ਬੈੱਡ ਨਹੀਂ ਹੈ, ਤੁਸੀਂ ਇਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਲੈ ਜਾਓ।’

ਉਦੋਂ ਤਕ ਉਹਦੇ ਪਿਤਾ ਦੀ ਕਾਫ਼ੀ ਤਬੀਅਤ ਖ਼ਰਾਬ ਹੋ ਗਈ ਸੀ। ਉਸ ਨੇ ਸਿਵਲ ਹਸਪਤਾਲ ਤਕ ਜਾਣ ਲਈ ਐਂਬੂਲੈਂਸ ਮੰਗੀ ਤਾਂ ਉਥੇ ਵੀ ਨਾਂਹ ਮਿਲੀ। ਉਸ ਨੇ 5 ਕਿਲੋਮੀਟਰ ਲਈ 4000 ਰੁਪਏ ਵਿਚ ਨਿੱਜੀ ਐਂਬੂਲੈਂਸ ਕੀਤੀ। ਉਸ ਨੇ ਵੀਡੀਓ ਰਾਹੀਂ ਅਪੀਲ ਕੀਤੀ ਕਿ ਨਿੱਜੀ ਹਸਪਤਾਲਾਂ ਵਾਲੇ ਕਰੋਨਾ ਦੇ ਮਰੀਜ਼ਾਂ ਨੂੰ ਬੈੱਡ ਜ਼ਰੂਰ ਦੇਣ।

Previous articleਮੈਂ ਤਾਉਮਰ ਡੇਰਾ ਸਿਰਸਾ ਦਾ ਮੁਖੀ ਰਹਾਗਾਂ
Next article‘ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ’ਤੇ ਕਬਜ਼ੇ ਖ਼ਿਲਾਫ਼ ਭਾਰਤ ਸਰਕਾਰ ਕਾਰਵਾਈ ਕਰੇ’