ਕਾਨੂੰਨੀ ਤੌਰ ‘ਤੇ ….

(ਸਮਾਜ ਵੀਕਲੀ)

ਸਾਡਾ ਜੀਵਨ ਜਿਵੇਂ – ਜਿਵੇਂ ਬਤੀਤ ਹੁੰਦਾ ਰਹਿੰਦਾ ਹੈ , ਤਿਵੇਂ – ਤਿਵੇਂ ਘਰ – ਬਾਹਰ ਘਟਦੀਆਂ ਵੱਡੀਆਂ – ਛੋਟੀਆਂ ਘਟਨਾਵਾਂ ਪਿੱਛੇ – ਪਿੱਛੇ ਯਾਦਾਂ ਦੀਆਂ ਅਣਮੋਲ ਪੈੜਾਂ ਛੱਡਦੀਆਂ ਜਾਂਦੀਆਂ ਹਨ। ਆਖ਼ਰੀ ਸਾਹ ਤੱਕ ਇਹ ਸਿਲਸਿਲਾ ਚੱਲਿਆ ਰਹਿੰਦਾ ਹੈ। ਕੁਝ ਯਾਦਾਂ ਹਾਸੋਹੀਣੀਆਂ , ਕੁਝ ਚੰਗੀਆਂ ਤੇ ਕੁਝ ਆਪਾ – ਵਿਰੋਧੀ ਹੁੰਦੀਆਂ ਹਨ। ਇਸਦੇ ਨਾਲ ਹੀ ਜੇਕਰ ਗੱਲ ਕਰੀਏ ਸਿੱਖਿਆ ਖੇਤਰ ਦੀ ਤਾਂ ਕੁਝ ਅਧਿਆਪਕ ਆਪਣੇ ਬੋਲ – ਵਿਹਾਰ , ਪੜ੍ਹਾਉਣ ਪ੍ਰਕਿਰਿਆ ਅਤੇ ਵਰਤਾਓ ਕਰਕੇ ਜੀਵਨ ਭਰ ਆਪਣੇ ਵਿਦਿਆਰਥੀਆਂ ਦੇ ਸਿਮ੍ਰਿਤੀ – ਪੱਟ ‘ਤੇ ਅਮਿੱਟ ਛਾਪ ਛੱਡ ਜਾਂਦੇ ਹਨ ਤੇ ਵਿਦਿਆਰਥੀ ਵੀ ਸਿੱਖਿਆ ਸਮੇਂ ਦੌਰਾਨ ਤੇ ਬਾਅਦ ਵਿੱਚ ਬਿਨਾਂ ਹਿਚਕਿਚਾਹਟ ਅਜਿਹੇ ਅਧਿਆਪਕਾਂ ਨਾਲ ਘੁਲੇ – ਮਿਲੇ ਰਹਿੰਦੇ ਹਨ ਤੇ ਜੀਵਨ ਭਰ ਅਜਿਹੇ ਅਧਿਆਪਕਾਂ ਨੂੰ ਯਾਦ ਰੱਖਦੇ ਹਨ ਅਤੇ ਉਨ੍ਹਾਂ ਨਾਲ ਬਤੀਤ ਕੀਤੇ ਸੁਨਹਿਰੀ ਤੇ ਬੇਸ਼ਕੀਮਤੀ ਸਮੇਂ ਤੇ ਯਾਦਾਂ ਨੂੰ ਕਦੇ ਨਹੀਂ ਭੁੱਲਦੇ।

ਮੈਂ ਗੱਲ ਕਰਨ ਜਾ ਰਿਹਾ ਹਾਂ ਸੰਨ ਦੋ ਹਜ਼ਾਰ ਦੀ। ਜਦੋਂ ਮੈਂ ਅਧਿਆਪਕ ਸਿਖਲਾਈ ਸੰਸਥਾ ਡਾਇਟ ਪਿੰਡ ਨੌਰਾ , ਨਵਾਂ ਸ਼ਹਿਰ ਵਿਖੇ ਦੋ ਸਾਲਾ ਈ.ਟੀ.ਟੀ. ਅਧਿਆਪਕ ਕੋਰਸ ਕਰ ਰਿਹਾ ਸੀ। ਗੱਲ ਉਸ ਸੰਸਥਾ ਦੇ ਮੇਰੇ ਸਭ ਤੋਂ ਪਿਆਰੇ ਅਧਿਆਪਕ ਤੇ ਸੰਸਥਾ ਦੇ ਪ੍ਰਿੰਸੀਪਲ ਸਰਦਾਰ ਕੁਲਵੰਤ ਸਿੰਘ ਜੀ ਨਾਲ ਸੰਬੰਧਿਤ ਹੈ। ਸਰਦਾਰ ਕੁਲਵੰਤ ਸਿੰਘ ਜੀ ਬਹੁਤ ਪਿਆਰੇ , ਹਸਮੁੱਖ ਤੇ ਸਾਡੇ ਸਭ ਦੇ ਦਿਲਾਂ ਵਿੱਚ ਵਸਣ ਵਾਲੇ ਅਧਿਆਪਕ ਰਹੇ।ਉਹ ਇੱਕ ਦਿਨ ਇੱਕ ਵਿਸ਼ੇ ਦਾ ਪ੍ਰੈਕਟੀਕਲ ਲੈਣ ਜਾ ਰਹੇ ਸਨ। ਕਮਰੇ ਵਿੱਚ ਬਣੀ ਸਟੇਜ ‘ਤੇ ਕੁਲਵੰਤ ਸਰ ਜੀ ਬੈਠ ਗਏ। ਮੇਰੀਆਂ ਹਮ – ਜਮਾਤੀ ਲੜਕੀਆਂ ਨੇ ਕੁਲਵੰਤ ਸਰ ਜੀ ਨੂੰ ਪ੍ਰੈਕਟੀਕਲ ਦੇ ਸੰਬੰਧ ਵਿੱਚ ਆਪਣਾ ਕੰਮ ਪਹਿਲਾਂ ਦਿਖਾਉਣ ਲਈ ਸਰ ਜੀ ਦੇ ਆਲੇ – ਦੁਆਲੇ ਝੁਰਮਟ / ਘੇਰਾ ਜਿਹਾ ਬਣਾ ਲਿਆ ਤੇ ਉਨ੍ਹਾਂ ਲੜਕੀਆਂ ਨੇ ਕੁਲਵੰਤ ਸਰ ਜੀ ਨੂੰ ਇਹ ਤਰਕ ਦਿੱਤਾ ਕਿ ਉਨ੍ਹਾਂ ਨੇ ਅੱਗੇ ਆਉਣ ਵਾਲੀਆਂ ਛੁੱਟੀਆਂ ਕਰਕੇ ਦੂਰ ਹੋਰ ਜ਼ਿਲ੍ਹੇ ਵਿੱਚ ਆਪਣੇ ਘਰ ਜਾਣਾ ਹੈ।

ਇਸ ਲਈ ਮੇਰੀਆਂ ਹਮ – ਜਮਾਤੀ ਉਹ ਲਡ਼ਕੀਆਂ ਆਪਣਾ ਪ੍ਰੈਕਟੀਕਲ ਦਾ ਕੰਮ ਪਹਿਲਾਂ ਹੀ ਸਰ ਜੀ ਨੂੰ ਦਿਖਾਉਣ ਲੱਗ ਪਈਆਂ। ਮੈਂ ਕਾਫ਼ੀ ਦੇਰ ਦੇਖਦਾ ਰਿਹਾ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਰਿਹਾ ; ਕਿਉਂਕਿ ਮੈਂ ਵੀ ਦੂਰ ਸ੍ਰੀ ਅਨੰਦਪੁਰ ਸਾਹਿਬ ਆਪਣੇ ਘਰ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਜਾਣਾ ਸੀ ਤੇ ਉਸ ਤੋਂ ਬਾਅਦ ਕੇਵਲ ਪ੍ਰਾਈਵੇਟ ਬੱਸ ਸਰਵਿਸ ਉਪਲੱਬਧ ਹੁੰਦੀ ਸੀ। ਜਿਸ ਵਿੱਚ ਬੱਸ ਪਾਸ ਵਾਲਿਆਂ ਨੂੰ ਮੁਫ਼ਤ ਸਫ਼ਰ ਨਹੀਂ ਕਰਨ ਦਿੱਤਾ ਜਾਂਦਾ ਸੀ ਤੇ ਮੇਰੇ ਘਰ ਦੀ ਗ਼ਰੀਬੀ ਕਰਕੇ ਮੇਰੇ ਕੋਲ ਡਾਇਟ ਨੌਰੇ ਤੋਂ ਆਪਣੇ ਘਰ ਜਾਣ ਲਈ ਕੋਈ ਪੈਸਾ – ਧੇਲਾ ਵੀ ਨਹੀਂ ਸੀ ਹੁੰਦਾ। ਮੈਂ ਕਾਫੀ ਦੁਵਿਧਾ ਵਿੱਚ ਫਸ ਗਿਆ ਸੀ। ਮੇਰਾ ਰੋਲ ਨੰਬਰ ਆਪਣੀ ਸੰਸਥਾ ਵਿੱਚ ਇੱਕ ਸੀ , ਜਿਸ ਅਨੁਸਾਰ ਪ੍ਰੈਕਟੀਕਲ ਦੇਣ ਦੀ ਵਾਰੀ ਸਭ ਤੋਂ ਪਹਿਲਾਂ ਮੇਰੀ ਬਣਦੀ ਸੀ ,ਪਰ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਮੇਰੀ ਪ੍ਰੈਕਟੀਕਲ ਦੇਣ ਦੀ ਵਾਰੀ ਆਉਂਦੀ ਨਜ਼ਰ ਨਹੀਂ ਸੀ ਆ ਰਹੀ।

ਦਮ ਵੱਟ ਕੇ ਮੈਂ ਕੁਲਵੰਤ ਸਰ ਜੀ ਕੋਲ ਸਟੇਜ ‘ਤੇ ਜਾ ਕੇ ਕਈ ਵਾਰ ਆਪਣੀ ਪ੍ਰੈਕਟੀਕਲ ਦੇਣ ਦੀ ਚੁੱਪ – ਚਾਪ ਕੋਸ਼ਿਸ਼ ਕੀਤੀ , ਪਰ ਮੇਰੀਆਂ ਹਮ – ਜਮਾਤੀ ਲਡ਼ਕੀਆਂ ਦੇ ਵੱਲੋਂ ਸਰ ਜੀ ਦੇ ਆਲੇ – ਦੁਆਲੇ ਬਣਾਏ ਘੇਰੇ ਅੱਗੇ ਮੇਰੀ ਇੱਕ ਨਾ ਚੱਲੀ। ਕੁਝ ਦੇਰ ਬਾਅਦ ਆਖ਼ਿਰ ਮੈਂ ਸਰ ਜੀ ਕੋਲ ਜਾ ਕੇ ਉੱਚੀ ਆਵਾਜ਼ ਵਿੱਚ ਬੋਲਿਆ , ” ਸਰ ! ਕਾਨੂੰਨੀ ਤੌਰ ‘ਤੇ ਪ੍ਰੈਕਟੀਕਲ ਦੇਣ ਸੰਬੰਧੀ ਸਭ ਤੋਂ ਪਹਿਲਾਂ ਵਾਰੀ ਮੇਰੀ ਬਣਦੀ ਹੈ ਜੀ ; ਕਿਉਂਕਿ ਮੇਰਾ ਰੋਲ ਨੰਬਰ ” ਇੱਕ ” ਹੈ। ਪਹਿਲਾਂ ਮੇਰਾ ਨਿਬੇੜਾ ਕਰ ਦਿਓ ਸਰ ਜੀ , ਮੈਂ ਵੀ ਦੂਰ ਜਾਣਾ ਹੈ ਸਰ ਜੀ। ” ਇਹ ਗੱਲ ਸੁਣ ਕੇ ਸਰ ਜੀ ਨੇ ਮੈਨੂੰ ਤੁਰੰਤ ਕੋਲ ਬੁਲਾਇਆ ਤੇ ਸਾਰਾ ਕੁਝ ਹੋ ਨਿਬੜਨ ਤੋਂ ਬਾਅਦ ਕਿਹਾ, ” ਕੋਈ ਗੀਤ ਸੁਣਾ ਤੇ ਘਰ ਨੂੰ ਜਾਹ।” ਜਦੋਂ ਮੈਂ ਵਿਹਲਾ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਬੱਸ ਵਿੱਚ ਬੈਠਾ ਤਾਂ ਮੇਰੇ ਮਨ ਵਿੱਚ ” ਕਾਨੂੰਨੀ ਤੌਰ ‘ਤੇ ” ਇਹ ਸ਼ਬਦ ਵਾਰ – ਵਾਰ ਯਾਦ ਆਉਂਦੇ ਰਹੇ ਤੇ ਡਰ ਵੀ ਬਣਿਆ ਰਿਹਾ ਕਿ ਮੇਰੇ ਕੁਲਵੰਤ ਸਰ ਜੀ ਕਿਤੇ ਨਾਰਾਜ਼ ਹੀ ਨਾ ਹੋ ਗਏ ਹੋਣ।

ਪਰ ਦਿਲ ਦੇ ਦਰਿਆ ਕੁਲਵੰਤ ਸਰ ਜੀ ਕਦੇ ਵੀ ਮੇਰੇ ਨਾਲ ਨਾਰਾਜ਼ ਨਹੀਂ ਹੋਏ। ਅੱਜ ਭਾਵੇਂ ਮੇਰੇ ਸਰ ਜੀ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ , ਪਰ ਰੋਜ਼ਾਨਾ ਮੇਰੇ ਨਾਲ ਮੋਬਾਇਲ ਫ਼ੋਨ , ਵ੍ਹੱਟਸਐਪ , ਫੇਸਬੁੱਕ ਰਾਹੀਂ ਜੁੜੇ ਰਹਿੰਦੇ ਹਨ ਤੇ ਅਸੀਂ ਅੱਜ ਵੀ ਮੋਬਾਇਲ ਫੋਨ ‘ਤੇ ਆਪਸੀ ਗੱਲਬਾਤ ਕਰਕੇ ਤਾਲਮੇਲ ਰੱਖਦੇ ਆ ਰਹੇ ਹਾਂ। ਅੱਜ ਜਦੋਂ ਵੀ ਮੈਨੂੰ ਇਹ ਘਟਨਾ ਯਾਦ ਆਉਂਦੀ ਹੈ ਤਾਂ ਆਪਣੇ ਪਿਆਰੇ ਕੁਲਵੰਤ ਸਰ ਜੀ ਨੂੰ ਕਹੇ ਸ਼ਬਦ ” ਕਾਨੂੰਨੀ ਤੌਰ ‘ਤੇ ” ਯਾਦ ਆ ਜਾਂਦੇ ਹਨ ਤੇ ਮੈਂ ਮਨ ਹੀ ਮਨ ਮੁਸਕਰਾਉਣ ਲੱਗ ਪੈਂਦਾ ਹਾਂ। ਪ੍ਰਮਾਤਮਾ ਕਰੇ ਹਰ ਵਿਦਿਆਰਥੀ ਨੂੰ ਮੇਰੇ ਕੁਲਵੰਤ ਸਰ ਜੀ ਜਿਹੇ ਮਿਲਾਪੜੇ , ਹਰਮਨਪਿਆਰੇ , ਦਿਲ ਦੇ ਦਰਿਆ , ਨਿਸ਼ਕਾਮ ਭਾਵ ਨਾਲ ਸਮਾਜ ਅਤੇ ਵਿਦਿਆਰਥੀਆਂ ਦੀ ਯਥਾਸੰਭਵ ਸਹਾਇਤਾ ਕਰਨ ਵਾਲੇ , ਹਸਮੁੱਖ , ਖੁਸ਼ਦਿਲ ਤੇ ਇੱਕ ਵੱਖਰੀ ਅਦਾ ਵਾਲੇ ਪਿਆਰੇ ਅਧਿਆਪਕ ਨਸੀਬ ਹੋਣ।

ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.

Previous articleਮਜ਼ਦੂਰ ਦਿਵਸ ਤੇ ਬਾਪੂ ਦੀਆਂ ਬਾਤਾਂ
Next articleMore than 79L doses available with states, UTs