ਕਾਂਗਰਸ ਰਾਜ ’ਚ ਮਾਫ਼ੀਆ ਅਕਾਲੀਆਂ ਤੋਂ ਵੀ ਵੱਧ ਸਰਗਰਮ: ਦੂਲੋ

ਚੰਡੀਗੜ੍ਹ (ਸਮਾਜਵੀਕਲੀ) :  ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਮਗਰੋਂ ਹੁਣ ਸੰਸਦ ਮੈਂਬਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਿੱਤਰੇ ਹਨ। ਸਿਆਸੀ ਤੌਰ ’ਤੇ ਕਾਫ਼ੀ ਸਮਾਂ ਚੁੱਪ ਰਹਿਣ ਮਗਰੋਂ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਘੇਰਿਆ ਹੈ।

ਸ੍ਰੀ ਦੂਲੋ ਨੇ ਕਿਹਾ ਕਿ ਅਮਰਿੰਦਰ ਸਰਕਾਰ ਤਾਂ ਅਕਾਲੀਆਂ ਦੇ ਮਾਫ਼ੀਆ ਰਾਜ ਤੋਂ ਵੀ ਅੱਗੇ ਨਿਕਲ ਗਈ ਹੈ। ਉਨ੍ਹਾਂ ਨੇ ਪੰਜਾਬ ’ਚ ਮਾਫ਼ੀਆ ਰਾਜ ਬਾਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਚਿੱਠੀ ਲਿਖੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪੰਜਾਬ ਵਿਚ ਪੁਲੀਸ ਤੇ ਸਿਆਸਤਦਾਨਾਂ ਦੇ ਗੱਠਜੋੜ ਵੱਲੋਂ ਚਲਾਏ ਜਾ ਰਹੇ ਸ਼ਰਾਬ ਤਸਕਰੀ ਦੇ ਧੰਦੇ ਦੀ ਸੀਬੀਆਈ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਵੇ ਤੇ ਜੋ ਤਸਕਰਾਂ ਦੇ ਅਸਲੀ ਮੋਹਰੀ ਹਨ, ਉਨ੍ਹਾਂ ਨੂੰ ਬੇਪਰਦ ਕੀਤਾ ਜਾਵੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਦੂਲੋ ਨੇ ਕਿਹਾ ਕਿ ਗੱਠਜੋੜ ਸਰਕਾਰ ਸਮੇਂ ਮਾਫ਼ੀਆ ਨੇ ਜੋ ਲੁੱਟ ਮਚਾਈ ਸੀ, ਉਸ ’ਤੇ ਪਰਦੇ ਪਾਏ ਗਏ ਹਨ। ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਕਰਕੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਭਰੋਸਾ ਕੀਤਾ ਪਰ ਉਹ ਖਰੇ ਨਹੀਂ ਉੱਤਰੇ। ਉਨ੍ਹਾਂ ਕਿਹਾ ਕਿ ਸ਼ਰਾਬ ਤਸਕਰੀ ਦੀ ਜਾਂਚ ਲਈ ਜੋ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਉਹ ਮਹਿਜ਼ ਖਾਨਾਪੂਰਤੀ ਹੈ ਅਤੇ ਟੀਮ ਦਾ ਮੁਖੀ ਸੁਖ ਸਰਕਾਰੀਆ ਨੂੰ ਲਾਇਆ ਗਿਆ ਹੈ, ਜੋ ਪਹਿਲਾਂ ਖ਼ੁਦ ਠੇਕੇਦਾਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ‘ਚ ਹੁੰਦੀ ਤਸਕਰੀ ਬਾਰੇ ਪੂਰਨ ਜਾਣਕਾਰੀ ਹੈ। ਉਹ ਵੀ ਦੋ ਮੀਟਿੰਗਾਂ ਵਿਚ ਮੁੱਖ ਮੰਤਰੀ ਦੇ ਮਾਮਲਾ ਧਿਆਨ ਵਿਚ ਲਿਆ ਚੁੱਕੇ ਹਨ। ਕੋਈ ਕਾਰਵਾਈ ਨਾ ਹੋਣ ਤੋਂ ਸਾਫ਼ ਹੈ ਕਿ ਗੜਬੜ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਲੋਕ ਮਹਿਸੂਸ ਕਰ ਰਹੇ ਹਨ ਕਿ ਅਕਾਲੀ ਅਤੇ ਕਾਂਗਰਸੀ ਰਲ ਗਏ ਹਨ। ਇਸੇ ਕਰਕੇ ਪੁਰਾਣੇ ਮਾਫ਼ੀਏ ’ਤੇ ਨਕੇਲ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲੋਕਾਂ ਦਾ ਭਰੋਸਾ ਨਾ ਤੋੜਨ।

Previous articleਨਾਨ-ਟੀਚਿੰਗ ਕਾਮਿਆਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ
Next article’ਵਰਸਿਟੀ ਵੱਲੋਂ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਸਥਾਪਤ ਕਰਨ ਦੀ ਤਿਆਰੀ