ਕਾਂਗਰਸ ਨੇਤਾ ਦੇ ਪਤੀ ਦੀ ਕੁੱਟਮਾਰ; ਇਨਸਾਫ਼ ਲਈ ਸੜਕ ’ਤੇ ਧਰਨਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿਚ ਕਾਂਗਰਸੀ ਵਿਧਾਇਕ, ਆਗੂਆਂ ਅਤੇ ਵਰਕਰਾਂ ਪੁਲੀਸ ਤੇ ਪ੍ਰਸ਼ਾਸਨ ਵਿੱਚ ਸੁਣਵਾਈ ਨਾ ਹੋਣ ਤੋਂ ਦੁਖੀ ਹਨ। ਇਸੇ ਦੌਰਾਨ ਅੱਜ ਬਲਾਕ ਸਮਿਤੀ ਮੈਂਬਰ ਗਗਨਦੀਪ ਕੌਰ ਨੇ ਮਵੀ ਪੁਲੀਸ ਚੌਕੀ ਵਿਚ ਆਪਣੇ ਪਤੀ ਅਤੇ ਕੁੱਝ ਹੋਰ ਵਿਅਕਤੀਆਂ ਦੀ ਮਵੀ ਪੁਲੀਸ ਵੱਲੋਂ ਬਗੈਰ ਕਿਸੇ ਕਾਰਨ ਕੀਤੀ ਮਾਰਕੁੱਟ ਕਾਰਨ ਸਮਾਣਾ-ਪਟਿਆਲਾ ਰੋਡ ਜਾਮ ਕਰ ਦਿੱਤੀ। ਡੀਐੱਸਪੀ ਸਮਾਣਾ ਜਸਵੰਤ ਸਿੰਘ ਮਾਂਗਟ ਨੇ ਧਰਨਾਕਾਰੀਆਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦੇ ਕੇ ਖ਼ਤਮ ਕਰਵਾਇਆ। ਬਲਾਕ ਸਮਿਤੀ ਮੈਂਬਰ ਗਗਨਦੀਪ ਕੌਰ ਵਾਸੀ ਪਿੰਡ ਦੋਦੜਾ ਨੇ ਦੱਸਿਆ ਕਿ ਉਸ ਦੇ ਪਤੀ ਜਸਪਾਲ ਸਿੰਘ, ਸਾਬਕਾ ਸਰਪੰਚ ਲਖਵੀਰ ਸਿੰਘ, ਗੁਰਸੰਤ ਸਿੰਘ ਅਤੇ ਪਿੰਡ ਦੇ ਹੀ ਕੁੱਝ ਮੋਹਤਬਰਾਂ ਨੂੰ ਝੂਠੀ ਦਰਖ਼ਾਸਤ ’ਤੇ ਮਵੀ ਚੌਕੀ ਵਿਚ ਬੁਲਾਇਆ ਗਿਆ। ਸਾਜ਼ਿਸ਼ ਤਹਿਤ ਚੌਕੀ ਵਿਚ ਉਸ ਦੇ ਪਤੀ ਅਤੇ ਹੋਰਾਂ ਨੂੰ ਕਥਿਤ ਗਾਲਾਂ ਕੱਢੀਆਂ ਅਤੇ ਕੁੱਟਮਾਰ ਕੀਤੀ। ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ। ਹਥਕੜੀਆਂ ਲਗਾ ਕੇ ਚੌਕੀ ਵਿਚ ਬੰਦ ਕਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਐੱਸਐੱਸਪੀ ਪਟਿਆਲਾ ਅਤੇ ਡੀਐੱਸਪੀ ਸਮਾਣਾ ਨੂੰ ਵੀ ਸ਼ਿਕਾਇਤ ਦਿੱਤੀ ਪਰ ਕੋਈ ਸੁਣਵਾਈ ਨਹੀਂ ਕੀਤੀ। ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡੀਐੱਸਪੀ ਜਸਵੰਤ ਸਿੰਘ ਮਾਂਗਟ ਨੇ ਮਾਮਲੇ ਦੀ ਜਾਂਚ ਕਰਵਾਉਣ ਤੇ ਪੁਰਾ ਇਨਸਾਫ਼ ਦਵਾਉਣ ਦਾ ਭਰੋਸਾ ਦਵਾ ਕੇ ਧਰਨਾ ਚੁਕਵਾਇਆ।

Previous articleਕਾਰਟੂਨਿਸਟ ਸੁਧੀਰ ਧਰ ਦਾ ਦੇਹਾਂਤ
Next articleUddhav Thackeray formally chosen as new Maharashtra CM