ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦਾ ਜੰਮੂ ਕਸ਼ਮੀਰ ’ਚ ਗੱਠਜੋੜ

ਕਾਂਗਰਸ ਦੋ ਅਤੇ ਐਨਸੀ ਇਕ ਸੀਟ ’ਤੇ ਲੜਨਗੇ ਚੋਣ;
ਦੋ ਸੀਟਾਂ ’ਤੇ ਹੋਵੇਗਾ ਦੋਸਤਾਨਾ ਮੁਕਾਬਲਾ

ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਐਨਸੀ) ਨੇ ਲੋਕ ਸਭਾ ਚੋਣਾਂ ਲਈ ਜੰਮੂ ਕਸ਼ਮੀਰ ’ਚ ਅੱਜ ਗਠਜੋੜ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਕੌਮ ਦੇ ਹਿੱਤ ’ਚ ਕੀਤਾ ਗਿਆ ਹੈ। ਦੋਵੇਂ ਪਾਰਟੀਆਂ ਮੁਤਾਬਕ ਗਠਜੋੜ ਧਰਮ ਨਿਰਪੱਖ ਤਾਕਤਾਂ ਨੂੰ ਮਜ਼ਬੂਤ ਕਰਨ ’ਚ ਸਹਾਈ ਹੋਵੇਗਾ। ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਅਤੇ ਐਨਸੀ ਸਰਪ੍ਰਸਤ ਫਾਰੂਕ ਅਬਦੁੱਲਾ ਨੇ ਇਕੱਠਿਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਜੰਮੂ ਤੇ ਊਧਮਪੁਰ ਅਤੇ ਨੈਸ਼ਨਲ ਕਾਨਫਰੰਸ ਸ੍ਰੀਨਗਰ ਤੋਂ ਲੋਕ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਅਨੰਤਨਾਗ ਅਤੇ ਬਾਰਮੂਲਾ ਸੀਟਾਂ ’ਤੇ ਦੋਵੇਂ ਪਾਰਟੀਆਂ ਵਿਚਕਾਰ ‘ਦੋਸਤਾਨਾ ਮੁਕਾਬਲਾ’ ਹੋਵੇਗਾ। ਸ੍ਰੀ ਅਬਦੁੱਲਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਲੱਦਾਖ਼ ਸੀਟ ਲਈ ਸਮਝੌਤੇ ਬਾਰੇ ਵਿਚਾਰ ਕਰ ਰਹੀਆਂ ਹਨ। ਸ੍ਰੀ ਆਜ਼ਾਦ ਨੇ ਕਿਹਾ,‘‘ਜੀਓ ਅਤੇ ਜਿਊਣ ਦਿਓ। ਇਹ ਦੇਸ਼ ਹਿੱਤ ’ਚ ਲਿਆ ਗਿਆ ਵਧੀਆ ਫ਼ੈਸਲਾ ਹੈ। ਕਾਂਗਰਸ ਜਾਂ ਨੈਸ਼ਨਲ ਕਾਨਫਰੰਸ ’ਚੋਂ ਕੋਈ ਵੀ ਪਾਰਟੀ ਜਿੱਤੇ, ਦੋਹਾਂ ਲਈ ਇਹ ਸਾਂਝੀ ਜਿੱਤ ਹੋਵੇਗੀ।’’ ਉਨ੍ਹਾਂ ਕਿਹਾ ਕਿ ਗਠਜੋੜ ਨਾਲ ਧਰਮ ਨਿਰਪੱਖ ਵੋਟਾਂ ਦੀ ਵੰਡ ਨਹੀਂ ਹੋਵੇਗੀ ਅਤੇ ਭਾਜਪਾ ਨੂੰ ਕੋਈ ਲਾਭ ਨਹੀਂ ਪਹੁੰਚੇਗਾ।

Previous articleਪਿਛਲੇ ਸਾਲ ਇਕ ਕਰੋੜ ਨੌਕਰੀਆਂ ਖ਼ਤਮ ਹੋਈਆਂ: ਰਾਹੁਲ
Next articleਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ ਧੋਨੀ: ਫਲੈਮਿੰਗ