ਕਸ਼ਮੀਰੀ ਮਰ ਰਹੇ ਨੇ: ਤਰੀਗਾਮੀ

ਕਸ਼ਮੀਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਮੁਹੰਮਦ ਯੂਸਫ ਤਰੀਗਾਮੀ ਨੇ ਕਿਹਾ ਕਿ ਕਸ਼ਮੀਰ ਵਿੱਚ ਚਾਲੀ ਦਿਨ ਪਾਬੰਦੀਆਂ ਲਾਗੂ ਕੀਤੀਆਂ ਨੂੰ ਹੋ ਗਏ ਹਨ ਅਤੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਸਥਿਤੀ ਆਮ ਵਰਗੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਰੋਕਾਂ ਤੁਸੀਂ ਦਿੱਲੀ ਜਾਂ ਦੇਸ਼ ਦੇ ਕਿਸੇ ਹੋਰ ਸ਼ਹਿਰ ਵਿੱਚ ਲਾ ਕੇ ਦੇਖੋ ਅਤੇ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਵਪਾਰ ਕਾਰੋਬਾਰ, ਹਸਪਤਾਲਾਂ, ਸਕੂਲਾਂ ਅਤੇ ਮੀਡੀਆ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਉਨ੍ਹਾਂ ਕਿਹਾ,‘ ਸਰਕਾਰ ਇਹ ਗੱਲ ਕਿਸ ਮੂੰਹ ਨਾਲ ਆਖ ਰਹੀ ਹੈ ਕਿ ਕਿ ਹਰ ਚੀਜ਼ ਕਾਬੂ ਵਿੱਚ ਹੈ। ਸਰਕਾਰ ਦਾ ਦਾਅਵਾ ਹੈ ਕਿ ਕੋਈ ਵੀ ਨਹੀਂ ਮਾਰਿਆ ਗਿਆ। ਮੈਂ ਕਹਿ ਰਿਹਾ ਹਾਂ ਕਿ ਕਸ਼ਮੀਰੀ ਮਰ ਰਹੇ ਹਨ। ਸੂਬੇ ਵਿੱਚ ਘੁਟਣ ਦਾ ਮਾਹੌਲ ਹੈ।’ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਹਿਰਾਸਤ ਵਿੱਚ ਰੱਖਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਹੈ ਕਿ ਸਰਹੱਦ ਪਾਰ ਲੋਕ ਇਸ ਗੱਲ ਲਈ ਤਾੜੀਆਂ ਵਜਾ ਰਹੇ ਹਨ ਕਿ ਜੋ ਕੰਮ ਉਹ ਨਹੀਂ ਕਰ ਸਕੇ ਸਨ ਉਹ ਸਰਕਾਰ ਕਰ ਰਹੀ ਹੈ।
ਇੱਥੇ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਮੁਹੰਮਦ ਯੂਸਫ ਤਰੀਗਾਮੀ ਨੇ ਕਿਹਾ ਕਿ ਜੋ ਵੀ ਕਸ਼ਮੀਰ ਵਿੱਚ ਵਾਪਰ ਰਿਹਾ ਹੈ, ਉਹ ਦੇਸ਼ ਹਿੱਤ ਵਿੱਚ ਨਹੀਂ ਹੈ।‘ਮੈਂ, ਅਬਦੁੱਲਾ ਅਤੇ ਹੋਰ ਆਗੂ ਅਤਿਵਾਦੀ ਨਹੀਂ ਹਾਂ। ਇਹ ਬਹੁਤ ਭਿਆਨਕ ਸਮਾਂ ਹੈ। ‘ਮੈਂ ਬਹੁਤ ਜਿਆਦਾ ਪ੍ਰੇਸ਼ਾਨ ਹਾਂ।’ ਸ੍ਰੀ ਤਾਰੀਗਾਮੀ ਨੇ ਕਿਹਾ ਕਿ ਉਹ 5 ਅਗਸਤ ਤੋਂ ਘਰ ਵਿੱਚ ਹੀ ਨਜ਼ਰਬੰਦ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਲਈ ਸੂਬੇ ਵਿੱਚੋਂ ਸੰਵਿਧਾਨ ਦੀ ਧਾਰਾ 370 ਹਟਾ ਦਿੱਤੀ ਹੈ ਅਤੇ ਸੂਬੇ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਹੈ।
ਸ੍ਰੀ ਤਰੀਗਾਮੀ ਨੂੰ ਸ੍ਰੀ ਯੇਚੁਰੀ ਵੱਲੋਂ ਸੁਪਰੀਮ ਨੂੰ ਉਨ੍ਹਾਂ ਦੀ ਸਹਿਤ ਸਬੰਧੀ ਸੂਚਿਤ ਕਰਨ ਬਾਅਦ ਇੱਥੇ ਏਮਜ਼ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਉੱੱਤੇ ਇਲਾਜ ਲਈ ਲਈ ਲਿਆਂਦਾ ਸੀ। ਸ੍ਰੀ ਯੇਚੁਰੀ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਉਨ੍ਹਾਂ ਨੂੰ ਸ੍ਰੀਨਗਰ ਵਿੱਚ ਉਨ੍ਹਾਂ ਦੀ ਰਿਹਾਇਸ਼ ਉੱਤੇ ਜਾ ਕੇ ਮਿਲੇ ਸਨ। ਸ੍ਰੀ ਤਾਰੀਗਾਮੀ ਨੇ ਸਰਕਾਰ ਵੱਲੋਂ ਸੂਬੇ ਵਿੱਚ ਲਾਈਆਂ ਸਖਤ ਪਾਬੰਦੀਆਂ ਦੀ ਨਿਖੇਧੀ ਕੀਤੀ ਹੈ ਅਤੇ ਸਰਕਾਰ ਦੇ ਇਸ ਦਾਅਵੇ ਨੂੰ ਚੁਣੌਤੀ ਦਿੱਤੀ ਹੈ ਕਿ ਸੂਬੇ ਵਿੱਚ ਹਾਲਾਤ ਆਮ ਵਰਗੇ ਹੋ ਰਹੇ ਹਨ।
ਉਨ੍ਹਾਂ ਇਹ ਕਿਹਾ ਕਿ ਦੇਸ਼ ਦੀ ਏਕਤਾ ਖਾਤਰ ਕਸ਼ਮੀਰ ਅਸਾਲਟਾਂ ਅਧੀਨ ਹੈ। ਉਨ੍ਹਾਂ ਕਿਹਾ,‘ ਸਾਡਾ ਪੱਖ ਵੀ ਸੁਣੋ, ਕਸ਼ਮੀਰ ਦੇ ਲੋਕਾਂ ਦਾ ਪੱਖ ਵੀ ਸੁਣੋ। ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੇ ਧਰਮ ਨਿਰਪੱਖ ਭਾਰਤ ਨਾਲ ਰਹਿਣ ਦਾ ਫੈਸਲਾ ਕੀਤਾ ਹੋਇਆ ਹੈ। ਅਸੀਂ ਸਾਰੇ ਸ਼ਾਂਤਮਈ ਢੰਗ ਨਾਲ ਰਹਿਣਾ ਚਾਹੁੰਦੇ ਹਾਂ। ਇਸ ਸਮੇਂ ਕਸ਼ਮੀਰੀ ਰਾਜਸੀ ਆਗੂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਜੋ ਕਸ਼ਮੀਰ ਵਿੱਚ ਵਾਪਰ ਰਿਹਾ ਹੈ, ਉਹ ਦੇਸ਼ ਹਿੱਤ ਵਿੱਚ ਨਹੀਂ ਹੈ, ਹੁਣ ਦੇ ਦੌਰ ਵਿੱਚ ਕਸ਼ਮੀਰ ਦੇ ਲੋਕਾਂ ਨੂੰ ਵਧੇਰੇ ਆਸਾਂ ਨਹੀਂ ਹਨ। ਸਰਕਾਰ ਦੀਆਂ ਨੀਤੀਆਂ ਵਿਸ਼ਵਾਸ ਬਹਾਲੀ ਦਾ ਕੰਮ ਨਹੀਂ ਕਰ ਰਹੀਆਂ। ਅਤਿਵਾਦ ਨੂੰ ਲੋਕਾਂ ਦੀ ਸਹਾਇਤਾ ਨਾਲ ਹੀ ਡੱਕਿਆ ਜਾ ਸਕਦਾ ਹੈ। ਇਸ ਦੌਰਾਨ ਸ੍ਰੀ ਯੇਚੁਰੀ ਨੇ ਕਿਹਾ ਕਿ ਕਸ਼ਮੀਰ ਦੀ ਅਸਲ ਹਾਲਤ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੋਈ ਪਬਲਿਕ ਟਰਾਂਸਪੋਰਟ ਨਹੀਂ ਚੱਲ ਰਹੀ। ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਹੈ। ਸਥਿਤੀ ਸੁਧਾਰ ਦੀ ਮੰਗ ਕਰਦੀ ਹੈ।

Previous articleਅੰਤਰਰਾਸ਼ਟਰੀ ਨਗਰ ਕੀਰਤਨ ਹੈਦਰਾਬਾਦ ਤੋਂ ਬਿਦਰ ਲਈ ਹੋਇਆ ਰਵਾਨਾ
Next articleਸਾਤਵਿਕ-ਅਸ਼ਵਿਨੀ ਨੇ ਚਾਈਨਾ ਓਪਨ ਦਾ ਪਹਿਲਾ ਗੇੜ ਜਿੱਤਿਆ