ਕਸ਼ਮੀਰੀ ਆਗੂਆਂ ਦੀ ਰਿਹਾਈ ਲਈ ਡਟੀ ਵਿਰੋਧੀ ਧਿਰ

ਕਾਂਗਰਸ, ਤ੍ਰਿਣਾਮੂਲ ਕਾਂਗਰਸ (ਟੀਐੱਮਸੀ) ਅਤੇ ਡੀਐੱਮਕੇ ਸਮੇਤ ਕਈ ਵਿਰੋਧੀ ਧਿਰਾਂ ਦੇ ਆਗੂਆਂ ਨੇ ਜੰਮੂ ਕਸ਼ਮੀਰ ’ਚ ਹਿਰਾਸਤ ’ਚ ਲਏ ਗਏ ਆਗੂਆਂ ਦੀ ਰਿਹਾਈ ਦੀ ਮੰਗ ’ਤੇ ਅੱਜ ਜੰਤਰ ਮੰਤਰ ’ਤੇ ਰੋਸ ਮੁਜ਼ਾਹਰਾ ਕੀਤਾ। ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ, ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ, ਸਮਾਜਵਾਦੀ ਪਾਰਟੀ ਦੇ ਆਗੂ ਰਾਮਗੋਪਾਲ ਯਾਦਵ, ਲੋਕਤੰਤਰਿਕ ਜਨਤਾ ਦਲ ਦੇ ਸ਼ਰਦ ਯਾਦਵ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਅਤੇ ਤ੍ਰਿਣਾਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ ਇਸ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਜੰਮੂ ਕਸ਼ਮੀਰ ’ਚ ਹਿਰਾਸਤ ’ਚ ਲਏ ਗਏ ਆਗੂਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਉੱਥੇ ਦੂਰਸੰਚਾਰ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ। ਪੀ ਚਿਦੰਬਰਮ ਦੇ ਪੁੱਤਰ ਅਤੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਵੀ ਇਸ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਏ। ਰੋਸ ਮਜ਼ਾਹਰੇ ’ਚ ਨੈਸ਼ਨਲ ਕਾਨਫਰੰਸ ਦਾ ਪ੍ਰਤੀਨਿਧ ਵੀ ਸ਼ਾਮਲ ਹੋਇਆ।ਵਿਰੋਧੀ ਧਿਰਾਂ ਦੇ ਆਗੂਆਂ ਨੇ ਇੱਕ ਮਤਾ ਪਾਸ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨਾਲ ਸਲਾਹ ਕੀਤੇ ਬਿਨਾਂ ਧਾਰਾ 370 ਹਟਾਉਣ ਕਾਰਨ ਕਸ਼ਮੀਰ ’ਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਉਨ੍ਹਾਂ ਕਿਹਾ, ‘ਅਸੀਂ ਇਸ ਮੁਸ਼ਕਿਲ ਦੀ ਘੜੀ ’ਚ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਖੜ੍ਹੇ ਹਨ। ਸੰਚਾਰ ਪ੍ਰਬੰਧ ਪੂਰੀ ਤਰ੍ਹਾਂ ਠੱਪ ਕਰਨਾ ਅਤੇ ਸਾਬਕਾ ਮੁੱਖ ਮੰਤਰੀਆਂ, ਆਗੂਆਂ ਤੇ ਸਮਾਜ ਦੇ ਲੋਕਾਂ ਨੂੰ ਹਿਰਾਸਤ ’ਚ ਰੱਖਣਾ ਫ਼ੈਸਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ।’ ਉਨ੍ਹਾਂ ਕਿਹਾ ਕਿ ਉਹ ਮੁੱਖ ਆਗੂਆਂ ਅਤੇ ਬੇਕਸੂਰ ਨਾਗਰਿਕਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸਰਕਾਰ ਨੇ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਵੰਡਣ ਦਾ ਕਦਮ ਚੁੱਕਿਆ ਹੈ। ਇਸ ਦੇ ਮੱਦੇਨਜ਼ਰ ਕਾਨੂੰਨ ਪ੍ਰਬੰਧ ਬਣਾਏ ਰੱਖਣ ਲਈ ਸੂਬੇ ਦੇ ਕਈ ਇਲਾਕਿਆਂ ’ਚ ਇਹਤਿਆਤ ਲਈ ਵੱਡੀ ਗਿਣਤੀ ’ਚ ਸੁਰੱਖਿਆ ਦਸਤੇ ਤੈਨਾਤ ਕੀਤੇ ਗਏ ਹਨ ਅਤੇ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਠੱਪ ਕੀਤੀਆਂ ਗਈਆਂ ਹਨ।

Previous articleਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦੀ ਇਤਿਹਾਸਿਕ ਘਟਨਾ ਬਾਅਦ ਆਜ਼ਾਦੀ ਸੰਗਰਾਮ ਮਘਿਆ: ਵੋਹਰਾ
Next articleਕੈਪਟਨ ਨੇ ਲਈ ਹੜ੍ਹ ਪੀੜਤਾਂ ਦੀ ਸਾਰ