ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਸ੍ਰੀਨਗਰ (ਸਮਾਜ ਵੀਕਲੀ) : ਕਸ਼ਮੀਰ ਵਾਦੀ ਵਿਚ ਅੱਜ ਤੋਂ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਬੰਦੀਆਂ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਇਹ ਪਾਬੰਦੀਆਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਲਾਈਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਅਤੇ 35-ਏ ਖ਼ਤਮ ਕਰ ਦਿੱਤੀ ਸੀ। ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ‘ਲੌਕਡਾਊਨ’ ਦੀਆਂ ਪਾਬੰਦੀਆਂ ਦੌਰਾਨ ਜ਼ਰੂਰੀ ਸੇਵਾਵਾਂ ਅਤੇ ਮੈਡੀਕਲ ਐਮਰਜੈਂਸੀ ਤੋਂ ਇਲਾਵਾ ਹੋਰ ਕਿਸੇ ਵੀ ਆਵਾਜਾਈ ਦੀ ਪ੍ਰਵਾਨਗੀ ਨਹੀਂ ਹੋਵੇਗੀ। ਇਹ ਪਾਬੰਦੀਆਂ ਅੱਠ ਅਗਸਤ ਤੱਕ ਲਾਗੂ ਰਹਿਣਗੀਆਂ।

ਅਥਾਰਿਟੀ ਨੇ ਜ਼ਿਆਦਾਤਰ ਸੜਕਾਂ ਅਤੇ ਬਾਜ਼ਾਰ ਸੀਲ ਕਰ ਦਿੱਤੇ ਹਨ। ਲੌਕਡਾਊਨ ਨੂੰ ਸਫ਼ਲ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਜ਼ਿਲ੍ਹਾ ਮੈਜਿਸਟਰੇਟਾਂ ਨੇ ਕਿਹਾ ਹੈ ਕਿ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਵਾਦੀ ਵਿਚ ਬਾਜ਼ਾਰ ਤੇ ਕਾਰੋਬਾਰੀ ਅਦਾਰੇ ਸੋਮਵਾਰ ਬੰਦ ਰਹੇ।

ਜਨਤਕ ਟਰਾਂਸਪੋਰਟ ਵੀ ਸੜਕਾਂ ’ਤੇ ਨਜ਼ਰ ਨਹੀਂ ਆਈ। ਹਾਲਾਂਕਿ ਸਰਕਾਰੀ ਦਫ਼ਤਰ ਤੇ ਬੈਂਕਾਂ ਖੁੱਲ੍ਹੀਆਂ ਰਹੀਆਂ। ਸਰਕਾਰੀ ਮੁਲਾਜ਼ਮਾਂ ਤੇ ਬੈਂਕ ਕਰਮਚਾਰੀਆਂ ਨੂੰ ਵੈਧ ਸ਼ਨਾਖ਼ਤੀ ਕਾਰਡ ਜਾਂ ਆਵਾਜਾਈ ਪਾਸ ਦਿਖਾਉਣ ਉਤੇ ਜਾਣ ਦਿੱਤਾ ਗਿਆ। ਉਸਾਰੀ ਤੇ ਵਿਕਾਸ ਕਾਰਜਾਂ ਨੂੰ ਵੀ ਪਾਬੰਦੀਆਂ ਤੋਂ ਛੋਟ ਦਿੱਤੀ ਗਈ। ਵਾਦੀ ਵਿਚ ਲੌਕਡਾਊਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਬਹੁਤੀਆਂ ਥਾਵਾਂ ’ਤੇ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੰਮੂ ਕਸ਼ਮੀਰ ਵਿਚ ਅੱਜ ਕਰੋਨਾਵਾਇਰਸ

ਦੇ 444 ਨਵੇਂ ਕੇਸ ਸਾਹਮਣੇ ਆਏ ਹਨ। ਜੰਮੂ ਖਿੱਤੇ ’ਚੋਂ 206 ਅਤੇ ਵਾਦੀ ਵਿਚੋਂ 238 ਮਾਮਲੇ ਸਾਹਮਣੇ ਆਏ ਹਨ। ਜੰਮੂ ਖਿੱਤੇ ਦੇ ਊਧਮਪੁਰ ਜ਼ਿਲ੍ਹੇ ਵਿਚੋਂ ਸਭ ਤੋਂ ਵੱਧ 69 ਕੇਸ ਸਾਹਮਣੇ ਆਏ ਹਨ ਜਦਕਿ ਜੰਮੂ ਜ਼ਿਲ੍ਹੇ ਵਿਚ 65 ਤੇ ਸ੍ਰੀਨਗਰ ਵਿਚ 62 ਨਵੇਂ ਕੇਸ ਮਿਲੇ ਹਨ। ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਵਾਇਰਸ ਦੇ ਮਾਮਲੇ ਵਧੇ ਹਨ।

Previous articleIsraeli PM says West Bank annexation “isn’t off the table”
Next articleਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ