ਕਸ਼ਮੀਰ ਮਸਲੇ ’ਤੇ ਸਾਲਸ ਦੀ ਲੋੜ ਨਹੀਂ: ਮੈਕਰੌਂ

ਫਰਾਂਸ ਵੱਲੋਂ ਭਾਰਤ ਤੇ ਪਾਕਿ ਨੂੰ ਮਿਲ ਕੇ ਮਸਲੇ ਦਾ ਹੱਲ ਕੱਢਣ ਦੀ ਸਲਾਹ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਕਸ਼ਮੀਰ ਮਸਲਾ ਦੁਵੱਲੀ ਗੱਲਬਾਤ ਰਾਹੀਂ ਸੁਲਝਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤੀਜੀ ਧਿਰ ਨੂੰ ਇਸ ਮਾਮਲੇ ’ਚ ਦਖਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ ਵੱਖ ਮੁੱਦਿਆਂ ’ਤੇ ਦੁਵੱਲੀ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਅੱਜ ਪੈਰਿਸ ਤੋਂ 50 ਕਿਲੋਮੀਟਰ ਦੂਰ ਚੈਂਟਿਲੀ ਵਿਖੇ 90 ਮਿੰਟ ਲੰਮੀ ਮੀਟਿੰਗ ਦੌਰਾਨ ਵੱਖ ਵੱਖ ਦੁਵੱਲੇ ਸਬੰਧਾਂ ਬਾਰੇ ਵਿਚਾਰ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਚਾਰ ਸਮਝੌਤੇ ਸਹੀਬੱਧ ਕੀਤੇ ਗਏ। ਮੀਟਿੰਗ ਮਗਰੋਂ ਸਾਂਝੀ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੈਕਰੌਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਸਬੰਧੀ ਲਏ ਫ਼ੈਸਲੇ ਬਾਰੇ ਦੱਸਿਆ ਹੈ ਅਤੇ ਇਹ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਹੈ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈ ਅਤੇ ਕਿਸੇ ਵੀ ਤੀਜੀ ਧਿਰ ਨੂੰ ਇਸ ਮਾਮਲੇ ’ਚ ਦਖਲ ਦੇਣ ਜਾਂ ਖੇਤਰ ’ਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।’ ਉਨ੍ਹਾਂ ਮੋਦੀ ਨੂੰ ਕਿਹਾ ਕਿ ਇਹ ਭਾਰਤ ਤੇ ਪਾਕਿਸਤਾਨ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੀ ਕਿਸੇ ਵੀ ਸਥਿਤੀ ਤੋਂ ਟਲਿਆ ਜਾਵੇ ਜਿਸ ਨਾਲ ਖੇਤਰ ’ਚ ਤਣਾਅ ਵਧੇ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਅਮਨ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਮੈਂ ਕੁਝ ਦਿਨ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਗੱਲਬਾਤ ਕਰਾਂਗਾ ਅਤੇ ਉਨ੍ਹਾਂ ਨੂੰ ਕਹਾਂਗਾ ਕਿ ਉਨ੍ਹਾਂ ਨੂੰ ਦੁਵੱਲੀ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਫਰਾਂਸ 36 ਰਾਫਾਲ ਜਹਾਜ਼ਾਂ ਦੀ ਪਹਿਲੀ ਖੇਪ ਅਗਲੇ ਮਹੀਨੇ ਭਾਰਤ ਨੂੰ ਦੇ ਦੇਵੇਗਾ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਫਰਾਂਸ ਵਿਚਾਲੇ ਰਿਸ਼ਤੇ ਕਿਸੇ ਸਵਾਰਥ ਨਹੀਂ ਬਲਕਿ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਆਦਰਸ਼ਾਂ ਦੇ ਆਧਾਰ ’ਤੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਫਰਾਂਸ ਅਤਿਵਾਦ ਖ਼ਿਲਾਫ਼ ਤੇ ਸੁਰੱਖਿਆ ਮਾਮਲੇ ’ਚ ਆਪਸੀ ਸਹਿਯੋਗ ਵਧਾਉਣਗੇ। ਉਨ੍ਹਾਂ ਕਸ਼ਮੀਰ ਮੁੱਦੇ ’ਤੇ ਸਿੱਧੀ ਟਿੱਪਣੀ ਨਾ ਕਰਦਿਆਂ ਕਿਹਾ ਕਿ ਉਹ ਕੱਟੜਵਾਦ ਖ਼ਿਲਾਫ਼ ਜੰਗ ਜਾਰੀ ਰੱਖਣਗੇ। ਉਨ੍ਹਾਂ ਸਰਹੱਦੀ ਅਤਿਵਾਦ ਖਿਲਾਫ਼ ਫਰਾਂਸ ਦੀ ਹਮਾਇਤ ਦਾ ਧੰਨਵਾਦ ਕਰਦਿਆਂ ਕਿਹਾ, ‘ਦੋਵੇਂ ਮੁਲਕ ਲਗਾਤਾਰ ਅਤਿਵਾਦ ਦਾ ਸਾਹਮਣਾ ਕਰ ਰਹੇ ਹਨ। ਅਸੀਂ ਫਰਾਂਸ ਵੱਲੋਂ ਅਤਿਵਾਦ ਖ਼ਿਲਾਫ਼ ਕੀਤੀ ਗਈ ਮਦਦ ਲਈ ਰਾਸ਼ਟਰਪਤੀ ਮੈਕਰੌਂ ਦਾ ਧੰਨਵਾਦ ਕਰਦੇ ਹਾਂ। ਅਸੀਂ ਅਤਿਵਾਦ ਖ਼ਿਲਾਫ ਤੇ ਸੁਰੱਖਿਆ ਮਾਮਲੇ ’ਚ ਸਹਿਯੋਗ ਵਧਾਵਾਂਗੇ।’ ਉਨ੍ਹਾਂ ਕਿਹਾ ਕਿ ਫਰਾਂਸ ਤੇ ਭਾਰਤ ਮੌਸਮੀ ਤਬਦੀਲੀ, ਵਾਤਾਵਰਨ ਤੇ ਤਕਨੀਕ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਦੋਵਾਂ ਆਗੂਆਂ ਨੇ ਇਕਸੁਰਤਾ ’ਚ ਕਿਹਾ ਕਿ ਅਤਿਵਾਦ ਨੂੰ ਕਿਸੇ ਵੀ ਸੂਰਤ ’ਚ ਸਹੀ ਨਹੀਂ ਠਹਿਰਾਇਆ ਜਾ ਸਕਦਾ ਤੇ ਇਸ ਨੂੰ ਧਰਮ, ਭਾਈਚਾਰੇ, ਨਾਗਰਿਕਤਾ ਅਤੇ ਨਸਲ ਨਾਲ ਨਹੀਂ ਜੋੜਨਾ ਚਾਹੀਦਾ।

Previous articleImran orders crackdown on benami assets
Next articleਸੁਪਰੀਮ ਕੋਰਟ ਵੱਲੋਂ ਚਿਦੰਬਰਮ ਨੂੰ ਈਡੀ ਕੇਸ ’ਚ ਅੰਤਰਿਮ ਰਾਹਤ