ਕਸ਼ਮੀਰ: ਅਤਿਵਾਦ ਵਿਰੋਧੀ ਕਾਰਵਾਈ ਤੇਜ਼ ਕਰਨ ਦੇ ਹੁਕਮ

ਦੇਸ਼ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਇੱਥੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨੂੰ ਜੰਮੂ ਕਸ਼ਮੀਰ ਵਿੱਚ ਅਤਿਵਾਦੀਆਂ ਵਿਰੁੱਧ ਅਪਰੇਸ਼ਨ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਇਹ ਹਦਾਇਤਾਂ ਵੀ ਕੀਤੀਆਂ ਕਿ ਅਤਿਵਾਦੀਆਂ ਵਿਰੁੱਧ ਕਾਰਵਾਈ ਦੌਰਾਨ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਅੱਜ ਦਿੱਤੀ ਹੈ। ਸ੍ਰੀ ਡੋਵਾਲ ਜੋ ਕਿ ਸੂਬੇ ਦੇ ਦੌਰੇ ਉੱਤੇ ਸਨ ਅਤੇ ਬੁੱਧਵਾਰ ਨੂੰ ਹੀ ਨਵੀਂ ਦਿੱਲੀ ਪਰਤੇ ਹਨ, ਨੇ ਸੁਰੱਖਿਆ ਅਧਿਕਾਰੀਆਂ ਅਤੇ ਸਿਵਲ ਅਧਿਕਾਰੀਆਂ ਨਾਲ ਲੰਮੀਆਂ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਅਤਿਵਾਦੀਆਂ ਦੇ ਭੈਅ ਤੋਂ ਬਿਨਾਂ ਦਿਨ ਵਿੱਚ ਆਪਣੇ ਕੰਮ ਧੰਦੇ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਅਤਿਵਾਦੀਆਂ ਦੀ ਵੱਡੇ ਪੱਧਰ ਉੱਤੇ ਘੁਸਪੈਠ ਨਾਲ ਨਜਿੱਠਣ ਲਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀਰਵਾਰ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਘੁਸਪੈਠ ਵਿਰੋਧੀ ਗਰਿੱਡ ਤਿਆਰ ਕਰਨ ਦੇ ਹੁਕਮ ਦੇ ਦਿੱਤੇ ਹਨ ਅਤੇ ਇਸ ਨੂੰ ਸਰਹੱਦ ਉੱਤੇ ਸਖਤ ਚੌਕਸੀ ਵਰਤਣ ਲਈ ਹਦਾਇਤ ਕੀਤੀ ਗਈ ਹੈ। ਖ਼ੁਫੀਆ ਏਜੰਸੀਆਂ ਨੇ ਸਰਹੱਦ ਪਾਰ ਤੋਂ ਵੱਡੇ ਪੱਧਰ ਉੱਤੇ ਘੁਸਪੈਠ ਹੋਣ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ, ਇਸ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਨੇ ਇਹ ਕਦਮ ਚੁੱਕੇ ਹਨ। ਇਹ ਉਨ੍ਹਾਂ ਦੀ ਸੂਬੇ ਵਿੱਚੋਂ ਧਾਰਾ 370 ਹਟਾਏ ਜਾਣ ਅਤੇ ਸੂਬੇ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵੰਡਣ ਬਾਅਦ ਜੰਮੂ ਕਸ਼ਮੀਰ ਦੀ ਦੂਜੀ ਫੇਰੀ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ 5 ਅਗਸਤ ਨੂੰ ਲਾਗੂ ਕੀਤੇ ਫੈਸਲੇ ਬਾਅਦ 31 ਅਕਤੂਬਰ ਤੋਂ ਜੰਮੂ ਅਤੇ ਕਸ਼ਮੀਰ, ਲਦਾਖ ਖੇਤਰਾਂ ਵਿੱਚ ਲੈਫਟੀਨੈਂਟ ਗਵਰਨਰਜ਼ ਦੀਆਂ ਆਸਾਮੀਆਂ ਭਰ ਦਿੱਤੀਆਂ ਜਾਣਗੀਆਂ ਅਤੇ ਇਹ ਕੇਂਦਰ ਸਾਸ਼ਿਤ ਪ੍ਰਦੇਸ਼ ਬਣ ਜਾਣਗੇ। ਮੀਟਿੰਗ ਦੌਰਾਨ ਸ੍ਰੀ ਡੋਵਾਲ ਨੇ ਲੋਕਾਂ ਦੀ ਬਿਹਤਰੀ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਯੋਜਨਾਵਾਂ ਨੂੰ ਤੇਜੀ ਨਾਲ ਲਾਗੂ ਕਰਨ ਸਬੰਧੀ ਹਦਾਇਤਾਂ ਦਿੱਤੀਆਂ। ਇਨ੍ਹਾਂ ਯੋਜਨਾਵਾਂ ਦੇ ਵਿੱਚ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣੀਆਂ, ਕਸ਼ਮੀਰ ਵਿੱਚੋਂ ਸੇਬਾਂ ਦੀਆਂ ਭਰੀਆਂ ਪੇਟੀਆਂ ਨੂੰ ਸਮੇਂ ਸਿਰ ਟਿਕਾਣੇ ਲਾਉਣ ਅਤੇ ਜ਼ਰੂਰੀ ਸੇਵਾਵਾਂ ਤੇਜ਼ੀ ਨਾਲ ਬਹਾਲ ਕਰਨ ਉੱਤੇ ਜ਼ੋਰ ਦਿੱਤਾ ਗਿਆ। ਇਸ ਦੌਰਾਨ ਹੀ ਉਨ੍ਹਾਂ ਨੇ ਸੂਬੇ ਦੀ ਸੁਰੱਖਿਆ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਕਸ਼ਮੀਰ ਵਾਦੀ ਦੇ ਕੁੱਝ ਖਿੱਤਿਆਂ ਵਿੱਚ ਸਰਗਰਮ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਹਦਾਇਤਾਂ ਦਿੱਤੀਆਂ।

Previous articleਟਰੰਪ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਤੇ ਪਾਕਿ ਨੂੰ ਸਾਲਸੀ ਦੀ ਮੁੜ ਪੇਸ਼ਕਸ਼ ਕੀਤੀ
Next articleਬੇਅਦਬੀ ਮਾਮਲਿਆਂ ਦੀ ਸੀਬੀਆਈ ਜਾਂਚ ’ਤੇ ਭਰੋਸਾ ਨਹੀਂ: ਕੈਪਟਨ