‘ਕਰਜ਼ਾ ਮੁਆਫ਼ੀ’ ਮਗਰੋਂ ਕਿਸ਼ਤਾਂ ਭਰਨ ਤੋਂ ਟਲਣ ਲੱਗੇ ਕਿਸਾਨ

ਪੰਜਾਬ ਦੇ ਕਿਸਾਨ ਹੁਣ ‘ਕਰਜ਼ਾ ਮੁਆਫ਼ੀ’ ਮਗਰੋਂ ਕਿਸ਼ਤਾਂ ਭਰਨ ਤੋਂ ਟਲ਼ਣ ਲੱਗੇ ਹਨ, ਜਿਸ ਨਾਲ ਖੇਤੀ ਵਿਕਾਸ ਬੈਂਕਾਂ ਨੂੰ ਸਿੱਧੀ ਸੱਟ ਵੱਜੀ ਹੈ। ਹਾਲਾਂਕਿ ਖੇਤੀ ਵਿਕਾਸ ਬੈਂਕ ਕਰਜ਼ਾ ਮੁਆਫ਼ੀ ਵਿੱਚ ਨਹੀਂ ਆਉਂਦੇ ਹਨ। ਉੱਪਰੋਂ ਹੁਣ ਜਦੋਂ ਕਿਸਾਨਾਂ ਨੇ ਨਵੇਂ ਸਾਲ ਤੋਂ ਖੇਤੀ ਵਿਕਾਸ ਬੈਂਕਾਂ ਅੱਗੇ ਧਰਨੇ ਮਾਰੇ ਹਨ, ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਦਰ ਮੂਧੇ ਮੂੰਹ ਡਿੱਗੀ ਹੈ। ਬੈਂਕ ਅਧਿਕਾਰੀ ਇਸ ਗੱਲੋਂ ਫ਼ਿਕਰਮੰਦ ਹਨ ਕਿ ਅੱਗੇ ਲੋਕ ਸਭਾ ਚੋਣਾਂ ਹਨ ਤੇ ਕਿਸਾਨਾਂ ’ਤੇ ਕੋਈ ਦਬਾਅ ਵੀ ਨਹੀਂ ਬਣਾਇਆ ਜਾ ਸਕੇਗਾ। ਪੰਜਾਬ ਭਰ ਵਿੱਚ 89 ਖੇਤੀ ਵਿਕਾਸ ਬੈਂਕ ਹਨ, ਜਿਨ੍ਹਾਂ ’ਚੋਂ ਸਭ ਤੋਂ ਮੰਦਾ ਹਾਲ ਨਰਮਾ ਪੱਟੀ ਦੇ ਖੇਤੀ ਵਿਕਾਸ ਬੈਂਕਾਂ ਦਾ ਹੈ, ਜਿੱਥੇ ਵਸੂਲੀ ਦਰ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਉਂਜ, ਅੱਜ ਖੇਤੀ ਵਿਕਾਸ ਬੈਂਕਾਂ ਨੂੰ ਪੰਜਾਬ ਭਰ ’ਚੋਂ 2.50 ਕਰੋੜ ਦੀ ਵਸੂਲੀ ਮਿਲੀ ਹੈ। ਵੇਰਵਿਆਂ ਅਨੁਸਾਰ ਖੇਤੀ ਵਿਕਾਸ ਬੈਂਕਾਂ ਨੇ ਐਤਕੀਂ ਦੇ ਸੀਜ਼ਨ ਵਿੱਚ 1.03 ਲੱਖ ਕਰਜ਼ਈ ਕਿਸਾਨਾਂ ਤੋਂ 1886 ਕਰੋੜ ਰੁਪਏ ਦੀ ਵਸੂਲੀ ਕਰਨੀ ਸੀ, ਜਿਸ ’ਚੋਂ ਹੁਣ ਤੱਕ ਸਿਰਫ਼ 297 ਕਰੋੜ ਦੀ ਵਸੂਲੀ ਹੋਈ ਹੈ। ਇਨ੍ਹਾਂ ਬੈਂਕਾਂ ਦੀ ਹੁਣ ਤੱਕ ਦੀ ਵਸੂਲੀ ਦਰ 15.77 ਫ਼ੀਸਦੀ ਬਣਦੀ ਹੈ ਜਦੋਂ ਕਿ ਪਿਛਲੇ ਵਰ੍ਹੇ ਇਹੋ ਵਸੂਲੀ ਦਰ 19.40 ਫ਼ੀਸਦੀ ਸੀ। ਸਪਸ਼ਟ ਹੈ ਕਿ ਵਸੂਲੀ ਦਰ ਪਿਛਲੇ ਵਰ੍ਹੇ ਨਾਲੋਂ ਚਾਰ ਫ਼ੀਸਦੀ ਹੇਠਾਂ ਡਿੱਗੀ ਹੈ। ਪੰਜਾਬ ਭਰ ਵਿਚ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਦੀ ਗਿਣਤੀ 72 ਹਜ਼ਾਰ ਬਣਦੀ ਹੈ, ਜਿਨ੍ਹਾਂ ਵੱਲ 1459 ਕਰੋੜ ਦੇ ਬਕਾਏ ਖੜ੍ਹੇ ਹਨ। ਹੁਣ ਤੱਕ 72 ਹਜ਼ਾਰ ’ਚੋਂ ਸਿਰਫ਼ 13,680 ਡਿਫਾਲਟਰ ਕਿਸਾਨਾਂ ਨੇ ਕਿਸ਼ਤਾਂ ਭਰੀਆਂ ਹਨ। ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਦੇ ਅੰਤਿਮ ਦਿਨ ਚੱਲ ਰਹੇ ਹਨ। ਡਿਫਾਲਟਰਾਂ ਨੇ ਸਿਰਫ਼ 166 ਕਰੋੜ ਹੀ ਭਰੇ ਹਨ। ਸੂਤਰ ਦੱਸਦੇ ਹਨ ਕਿ ਕਰਜ਼ਾ ਮੁਆਫ਼ੀ ਮਗਰੋਂ ਕਿਸਾਨਾਂ ਨੂੰ ਕਿਸ਼ਤਾਂ ਭਰਨ ਦਾ ਬਹੁਤਾ ਫ਼ਿਕਰ ਨਹੀਂ ਰਿਹਾ ਹੈ। ਪਿੰਡਾਂ ’ਚੋਂ ਪਤਾ ਲੱਗਾ ਕਿ ਕਿਸਾਨ ਪਹਿਲਾਂ ਵਾਂਗੂ ਹੁਣ ਕਿਸ਼ਤਾਂ ਤਾਰਨ ਲਈ ਚਿੰਤਤ ਨਹੀਂ ਹੁੰਦੇ। ਚੋਣਾਂ ਵਾਲਾ ਸਾਲ ਹੋਣ ਕਰਕੇ ਕਿਸਾਨ ਜਾਣੀ ਜਾਣ ਹੈ ਕਿ ਕੋਈ ਸਖ਼ਤੀ ਨਹੀਂ ਹੋਣ ਲੱਗੀ। ਹਾਲਾਂਕਿ ਨਰਮਾ ਪੱਟੀ ਵਿੱਚ ਐਤਕੀਂ ਕਿਸਾਨਾਂ ਨੂੰ ਨਰਮੇ ਦਾ ਚੰਗਾ ਭਾਅ ਮਿਲਿਆ ਹੈ ਅਤੇ ਝੋਨੇ ਦੀ ਫ਼ਸਲ ਵੀ ਚੰਗੀ ਲੱਗੀ ਹੈ। ਚੰਗੇ ਦਿਨਾਂ ਦੇ ਬਾਵਜੂਦ ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਦਰ ਪਿੱਛੇ ਹੋ ਗਈ ਹੈ। ਖੇਤੀ ਵਿਕਾਸ ਬੈਂਕਾਂ ਨੇ ਜੋ ਵੱਡੇ ਰਸੂਖਵਾਨ ਡਿਫਾਲਟਰ ਹਨ, ਉਨ੍ਹਾਂ ਦੀ ਸ਼ਨਾਖ਼ਤ ਤਾਂ ਕੀਤੀ ਹੈ ਪਰ ਹੁਣ ਬੈਂਕ ਪ੍ਰਬੰਧਕ ਰਸੂਖਵਾਨਾਂ ਨੂੰ ਹੱਥ ਪਾਉਣ ਤੋਂ ਟਲਣ ਲੱਗੇ ਹਨ। ਹਾਲਾਂਕਿ ਪਿਛਲੇ ਦੋ ਵਰ੍ਹਿਆਂ ਵਿਚ ਰਸੂਖਵਾਨਾਂ ਤੋਂ ਕਾਫ਼ੀ ਡੁੱਬੀ ਰਾਸ਼ੀ ਕਢਵਾਉਣ ਵਿਚ ਬੈਂਕ ਸਫਲ ਵੀ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਹਿਲੀ ਜਨਵਰੀ ਤੋਂ ਖੇਤੀ ਵਿਕਾਸ ਬੈਂਕਾਂ ਅੱਗੇ ਦਿਨ ਰਾਤ ਦੇ ਧਰਨੇ ਸ਼ੁਰੂ ਕੀਤੇ ਹਨ। ਬੈਂਕਾਂ ਵੱਲੋਂ ਚੈੱਕਾਂ ਦੇ ਰਸਤੇ ਕਿਸਾਨਾਂ ਨੂੰ ਘੇਰੇ ਜਾਣ ਦੇ ਵਿਰੋਧ ਵਿਚ ਕਿਸਾਨ ਨਿੱਤਰੇ ਹੋਏ ਹਨ। ਕਿਸਾਨ ਧਰਨਿਆਂ ਨੇ ਉਨ੍ਹਾਂ ਕਿਸਾਨਾਂ ਦੇ ਹੱਥ ਵੀ ਰੋਕ ਲਏ ਹਨ, ਜੋ ਦੇਰ ਸਵੇਰ ਕਿਸ਼ਤਾਂ ਤਾਰਨ ਵਾਲੇ ਸਨ। ਬੈਂਕ ਅਧਿਕਾਰੀ ਮੰਨਦੇ ਹਨ ਕਿ ਬੈਂਕਾਂ ਦੀ ਵਸੂਲੀ ਪ੍ਰਭਾਵਿਤ ਹੋਈ ਹੈ। ਇਹ ਵੀ ਆਖਦੇ ਹਨ ਕਿ ਜਦੋਂ ਅਗਲੀ ਫ਼ਸਲ ਦੀ ਵਸੂਲੀ ਸ਼ੁਰੂ ਹੋਵੇਗੀ, ਉਦੋਂ ਲੋਕ ਸਭਾ ਚੋਣਾਂ ਸਿਰ ’ਤੇ ਹੋਣਗੀਆਂ, ਜਿਸ ਕਰਕੇ ਬੈਂਕਾਂ ਦੀ ਵਸੂਲੀ ਹੋਰ ਘਟਣ ਦਾ ਖ਼ਦਸ਼ਾ ਹੈ। ਦੱਸਣਯੋਗ ਹੈ ਕਿ ਨਾਬਾਰਡ ਨੇ ਤਾਂ ਪਹਿਲਾਂ ਹੀ ਕਈ ਖੇਤੀ ਵਿਕਾਸ ਬੈਂਕਾਂ ਨੂੰ ਨਵੇਂ ਕਰਜ਼ੇ ਦੇਣੇ ਬੰਦ ਕੀਤੇ ਹਨ। ਮਾਨਸਾ ਜ਼ਿਲ੍ਹੇ ਦੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਅਤੇ ਬਠਿੰਡਾ ਦੇ ਰਾਮਾਂ ਮੰਡੀ, ਤਲਵੰਡੀ ਸਾਬੋ ਬੈਂਕਾਂ ਦਾ ਵਸੂਲੀ ਮਾਮਲੇ ਵਿਚ ਕਾਫ਼ੀ ਮਾੜਾ ਹਾਲ ਹੈ। ਹੁਣ ਜਿਨ੍ਹਾਂ ਹੋਰ ਬੈਂਕਾਂ ਦੀ ਵਸੂਲੀ ਹੋਰ ਘਟੇਗੀ, ਉਨ੍ਹਾਂ ਬੈਂਕਾਂ ਨੂੰ ਵੀ ਨਵੇਂ ਕਰਜ਼ੇ ਤੋਂ ਇਨਕਾਰ ਹੋ ਸਕਦਾ ਹੈ।

Previous articleਕਾਹਦਾ ਜੈ ਕਿਸਾਨ ਤੇ ਕਾਹਦਾ ਅੰਨਦਾਤਾ ਮਹਾਨ
Next articleਮੁਕੱਦਮੇ ਦਾ ਸਾਹਮਣਾ ਕਰਨ ਅਹਿਮਦ ਪਟੇਲ: ਸੁਪਰੀਮ ਕੋਰਟ