ਕਰੋਨਾ: ਭਾਰਤ ਪੀੜਤ ਮੁਲਕਾਂ ਦੀ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਪਹੁੰਚਿਆ

ਨਵੀਂ ਦਿੱਲੀ (ਸਮਾਜਵੀਕਲੀ): ਭਾਰਤ ’ਚ ਲੰਘੇ 24 ਘੰਟਿਆਂ ਅੰਦਰ ਕਰੋਨਾਵਾਇਰਸ ਦੇ ਰਿਕਾਰਡ 8380 ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 1,82,143 ਹੋ ਗਈ ਹੈ ਜਦਕਿ ਮੌਤਾਂ ਦਾ ਅੰਕੜਾ 5,164 ਹੋ ਗਿਆ ਹੈ। ਇਸੇ ਦੌਰਾਨ ਪੀਟੀਆਈ ਵੱਲੋਂ ਵੱਖ ਵੱਖ ਸੂਬਿਆਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ’ਚ 1,84,662 ਮਰੀਜ਼ ਹੋ ਗਏ ਹਨ ਤੇ ਭਾਰਤ ਸਭ ਤੋਂ ਵੱਧ ਪੀੜਤ ਮੁਲਕਾਂ ਦੀ ਸੂਚੀ ਵਿੱਚ ਜਰਮਨੀ (183,302) ਨੂੰ ਪਿੱਛੇ ਛੱਡ ਕੇ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਅੰਦਰ ਇਸ ਸਮੇਂ 89,995 ਐਕਟਿਵ ਕੇਸ ਹਨ ਜਦਕਿ 86,983 ਮਰੀਜ਼ ਠੀਕ ਹੋਏ ਹਨ। ਉਨ੍ਹਾਂ ਦੱਸਿਆ ਕਿ ਲੰਘੇ ਚੌਵੀ ਘੰਟਿਆਂ ਅੰਦਰ 4,614 ਵਿਅਕਤੀਆਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਜਦਕਿ 193 ਵਿਅਕਤੀਆਂ ਦੀ ਮੌਤ ਹੋਈ ਹੈ। ਦੇਸ਼ ਅੰਦਰ ਕਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ 47.76 ਫੀਸਦ ਹੋ ਗਈ ਹੈ। ਕਰੋਨਾ ਪੀੜਤ ਮੁਲਕਾਂ ਦੀ ਸੂਚੀ ’ਚ ਭਾਰਤ ਨੌਵੇਂ ਸਥਾਨ ’ਤੇ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਰੋਕਥਾਮ ਤੇ ਉਸ ਦੇ ਪ੍ਰਬੰਧਨ ਲਈ ਸੂਬਿਆਂ ਤੇ ਯੂਟੀਜ਼ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ ਤੇ ਇਨ੍ਹਾ ਕਦਮਾਂ ਦੀ ਉੱਚ ਪੱਧਰ ’ਤੇ ਲਗਾਤਾਰ ਸਮੀਖਿਆ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੰਘੇ ਚੌਵੀ ਘੰਟਿਆਂ ਅੰਦਰ ਮਹਾਰਾਸ਼ਟਰ ’ਚ 99, ਗੁਜਰਾਤ ’ਚ 27, ਦਿੱਲੀ ’ਚ 18, ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ 9-9, ਪੱਛਮੀ ਬੰਗਾਲ ’ਚ 7, ਤਾਮਿਲ ਨਾਡੂ ਤੇ ਤਿਲੰਗਾਨਾ ’ਚ 6-6, ਬਿਹਾਰ ’ਚ 5, ਯੂਪੀ ’ਚ 3 ਪੰਜਾਬ ’ਚ ਦੋ ਅਤੇ ਹਰਿਆਣਾ ਤੇ ਕੇਰਲਾ ’ਚ 1-1 ਮੌਤ ਹੋਈ ਹੈ। ਹੁਣ ਤੱਕ ਸਭ ਤੋਂ ਵੱਧ 5164 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ। ਮੰਤਰਾਲੇ ਅਨੁਸਾਰ ਮਰਨ ਵਾਲੇ ਵਿਅਕਤੀਆਂ ’ਚੋਂ 70 ਫੀਸਦ ਵਿਅਕਤੀ ਕਿਸੇ ਨਾ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਵੀ ਪੀੜਤ ਸਨ।

Previous articleਗ਼ਰੀਬਾਂ ਤੇ ਮਜ਼ਦੂਰਾਂ ਨੂੰ ਪਈ ਕਰੋਨਾ ਸੰਕਟ ਦੀ ਸਭ ਤੋਂ ਵੱਧ ਮਾਰ: ਮੋਦੀ
Next articleਪੰਜਾਬ ਵਿੱਚ ਕਰੋਨਾ ਨਾਲ ਇੱਕ ਹੋਰ ਮੌਤ