ਕਰੋਨਾ: ਬਰਨਾਲਾ ਦਾ ਤਕਸ਼ਿਲਾ ਸਕੂਲ ਬੰਦ

ਬਰਨਾਲਾ  (ਸਮਾਜਵੀਕਲੀ) ਕਰੋਨਾਵਾਇਰਸ ਕਾਰਨ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀਆਂ ਕੀਤੀਆਂ ਹੋਈਆਂ ਹਨ ਤੇ ਇਸ ਦੌਰਾਨ ਬੱਚਿਆਂ ਤੋਂ ਫ਼ੀਸਾਂ ਵਸੂਲਣ ’ਤੇ ਪਾਬੰਦੀ ਅਤੇ ਅਧਿਆਪਕਾਂ ਨੂੰ ਤਨਖ਼ਾਹਾਂ ਦੇਣ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ। ਇਸ ਤੋਂ ਉਲਟ ਬਰਨਾਲਾ ਦੇ ਤਕਸ਼ਿਲਾ ਸਕੂਲ ਵਲੋਂ ਸਰਕਾਰੀ ਆਦੇਸ਼ਾਂ ਨੂੰ ਛਿੱਕੇ ਟੰਗਦਿਆਂ ਸਕੂਲ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਦਿੱਤਾ ਹੈ। ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੋਬਾਈਲ ਰਾਹੀਂ ਸੁਨੇਹੇ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਤੋਂ ਨਿਰਾਸ਼ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਅੱਜ ਲੁਧਿਆਣਾ ਰੋਡ ’ਤੇ ਸਥਿਤ ਤਕਸ਼ਿਲਾ ਸਕੂਲ ਵਿੱਚ ਪਹੁੰਚੇ ਅਤੇ ਸਕੂਲ ਪ੍ਰਬੰਧਕੀ ਕਮੇਟੀ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ। ਅਧਿਆਪਕਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪ੍ਰਬੰਧਕੀ ਕਮੇਟੀ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ।

ਬੱਚਿਆਂ ਦੇ ਮਾਪਿਆਂ ਸੰਦੀਪ ਗੋਇਲ, ਸਪਨਾ ਗੋਇਲ, ਜਸਵੀਰ ਸਿੰਘ, ਦਰਸ਼ਨ ਸਿੰਘ, ਹਰਵਿੰਦਰ ਸਿੰਘ, ਨਵਨੀਤ ਸਿੰਘ ਤੇ ਵਿਕਾਸ ਬਾਂਸਲ ਨੇ ਦੱਸਿਆ ਕਿ ਸਕੂਲ ’ਚ ਪੜ੍ਹਾਈ ਦਾ ਵਧੀਆਂ ਤੇ ਆਧੁਨਿਕ ਹੋਣ ਕਾਰਨ ਬੱਚੇ ਦਾਖਲ ਕਰਵਾਏ ਹਨ। ਤਿੰਨ ਦਿਨ ਪਹਿਲਾਂ ਤਾਂ ਸਕੂਲ ਵਿੱਚ ਬੱਚਿਆਂ ਦੇ ਦਾਖ਼ਲੇ ਭਰਾਏ ਜਾ ਰਹੇ ਸਨ ਪਰ ਬੀਤੇ ਦਿਨ ਮੋਬਾਈਲਾਂ ’ਤੇ ਸੁਨੇਹਾ ਭੇਜ ਦਿੱਤਾ ਕਿ ਸਕੂਲ ਬੰਦ ਕੀਤਾ ਜਾ ਰਿਹਾ ਹੈ। ਆਪਣੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਵਿੱਚ ਦਾਖਲ ਕਰਵਾ ਦਿਓ। ਇਸ ਨਾਲ ਸਕੂਲ ਦੇ 300 ਦੇ ਕਰੀਬ ਬੱਚਿਆਂ ਦੇ ਭਵਿੱਖ ’ਤੇ ਸਵਾਲੀਆਂ ਚਿੰਨ੍ਹ ਲੱਗ ਗਿਆ ਹੈ।

ਸਕੂਲ ਅਧਿਆਪਕ ਵਿਸ਼ਾਲ, ਸੰਦੀਪ ਤੇ ਨਵਦੀਪ ਨੇ ਦੱਸਿਆ ਕਿ ਸਕੂਲ ਨੂੰ ਬੰਦ ਕਰਨ ਦੀਆਂ ਲੰਬੇ ਸਮੇਂ ਤੋਂ ਸਾਜ਼ਿਸ਼ ਘੜੀ ਜਾ ਰਹੀ ਸੀ ਤੇ ਕਰੋਨਾਵਾਇਰਸ ਦਾ ਲਾਹਾ ਲੈ ਕੇ ਕਮੇਟੀ ਨੇ ਸਕੂਲ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਦਿੱਤਾ ਹੈ।

Previous articleਕਰੋਨਾਵਾਇਰਸ: ਪਿੰਡ ਜਵਾਹਰਪੁਰ ਵਿੱਚ ਤਿੰਨ ਹੋਰ ਮਰੀਜ਼ ਮਿਲੇ
Next articleਅਚਾਨਕ ਫੇਰ ਫੋਨ ਦੀ ਘੰਟੀ ਵੱਜੀ …….