ਕਰੋਨਾ ਪੀੜਤ ਔਰਤ ਦੀ ਹਾਲਤ ਵਿਗੜੀ

ਬਰਨਾਲਾ (ਸਮਾਜਵੀਕਲੀ)ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਕੋਵਿਡ-19 ਦੀ ਪੀੜਤ ਔਰਤ ਰਾਧਾ ਰਾਣੀ ਵਾਸੀ ਸੇਖਾ ਰੋਡ ਬਰਨਾਲਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੱਜ ਡਾਕਟਰਾਂ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਹਸਪਤਾਲ ਵਿਖੇ ਇਲਾਜ ਕਰ ਰਹੇ ਦੋ ਡਾਕਟਰਾਂ ਤੇ ਤਿੰਨ ਪੈਰਾ ਮੈਡੀਕਲ ਸਟਾਫ਼ ਮੈਂਬਰਾਂ ਦੇ ਵੀ ਸੈਂਪਲ ਲੈ ਕੇ ਟੈਸਟ ਲਈ ਭੇਜੇ ਹਨ।ਇਸ ਦੇ ਨਾਲ ਹੀ ਹਸਪਤਾਲ ਵਿਖੇ ਦਾਖਲ ਛੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਵੀ ਟੈਸਟ ਲਈ ਭੇਜੇ ਗਏ ਹਨ।

ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸੇਖਾ ਰੋਡ ਦੀ ਰਹਿਣ ਵਾਲੀ ਔਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਹਿਰ ਦੇ ਵਾਰਡ ਨੂੰ 13, 15, 16, 17, 18 ਅਤੇ 19 ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਇਲਾਕਾ ਵਾਸੀਆਂ ਨੂੰ ਇਕਾਂਤਵਾਸ ਰੱਖਿਆ ਜਾ ਰਿਹਾ ਹੈ। ਉੁਨ੍ਹਾਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਿਤ ਵਾਰਡਾਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਮੈਡੀਕਲ ਸੇਵਾਵਾਂ ਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ।

ਪੂਰੇ ਇਲਾਕੇ ਨੂੰ ਸੈਨੇਟਾਈਜ਼ ਕਰਵਾਇਆ ਜਾਵੇਗਾ। ਇਸ ਲਈ ਲੋਕ ਘਰਾਂ ਵਿਚ ਹੀ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ’ਤੇ ਕੰਟਰੋਲ ਰੂਮ ਨਾਲ ਰਾਬਤਾ ਬਣਾਉਣ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਨੰਬਰ 01679-230032 ਅਤੇ 99152-74032 ਹੈ। ਇਸ ਤੋਂ ਇਲਾਵਾ ਦਫਤਰ ਸਿਵਲ ਸਰਜਨ ਵਿਖੇ ਸਥਾਪਤ ਕੰਟਰੋਲ ਰੂਮ ਦੇ ਨੰਬਰ 01679-234777, 98721-95649, 76528-95649, 99153-05649 ’ਤੇ ਸੰਪਰਕ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਸੇਖਾ ਰੋਡ ਵਾਸੀ ਸਬੰਧਿਤ ਮਹਿਲਾ, ਜਿਸ ਦਾ ਕਰੋਨਾ ਵਾਇਰਸ ਪਾਜ਼ੇਟਿਵ ਆਇਆ ਹੈ, ਉਸ ਨੂੰ ਸ਼ੂਗਰ ਦੀ ਸਮੱਸਿਆ ਵੀ ਹੈ। ਅੱਜ ਉਸ ਦੀ ਹਾਲਤ ਕੁੱਝ ਖ਼ਰਾਬ ਹੋਣ ਕਾਰਨ ਡਾਕਟਰਾਂ ਵੱਲੋਂ ਇਲਾਜ ਲਈ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤ ਔਰਤ ਨਾਲ ਸਬੰਧਿਤ ਵਿਅਕਤੀਆਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ ਤੇ ਸਾਰੇ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

Previous articleਚੀਨ ’ਚ ਕਰੋਨਾ ਮਹਾਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ
Next articleਸੀਬੀਐੱਸਈ ਵੱਲੋਂ ਦੀਕਸ਼ਾ ਤੇ ਈ-ਪਾਠਸ਼ਾਲਾ ਰਾਹੀਂ ਪੜ੍ਹਾਉਣ ਦਾ ਨਿਰਦੇਸ਼