ਕਰੋਨਾ ਦੀ ਮਾਰ: ਪੰਜਾਬ ’ਚ ਰਿਕਾਰਡ 129 ਕੇਸਾਂ ਦਾ ਇਜ਼ਾਫ਼ਾ

ਚੰਡੀਗੜ੍ਹ  (ਸਮਾਜਵੀਕਲੀ) – ਪੰਜਾਬ ਵਿੱਚ ਅੱਜ ਲਗਾਤਾਰ ਤੀਜੇ ਦਿਨ ਕਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਗਿਣਤੀ ’ਚ ਵਾਧੇ ਦਾ ਅਮਲ ਜਾਰੀ ਰਿਹਾ। ਪਿਛਲੇ 72 ਘੰਟਿਆਂ ਦੌਰਾਨ 300 ਦੇ ਕਰੀਬ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਕੁੱਲ ਗਿਣਤੀ 609 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 129 ਨਵੇਂ ਕੇਸ ਰਿਪੋਰਟ ਹੋਏ ਹਨ।

ਇਨ੍ਹਾਂ ਵਿੱਚੋਂ ਅੰਮ੍ਰਿਤਸਰ ’ਚ 48,, ਪਟਿਆਲਾ ’ਚ 25, ਜਲੰਧਰ ਵਿੱਚ 16,, ਫਿਰੋਜ਼ਪੁਰ ’ਚ 15,, ਲੁਧਿਆਣਾ ’ਚ 13,, ਮੁਹਾਲੀ ’ਚ 6, ਫਾਜ਼ਿਲਕਾ ’ਚ 4, ਅਤੇ ਮੋਗਾ ਤੇ ਫ਼ਤਿਹਗੜ੍ਹ ਸਾਹਿਬ ’ਚ 1-1 ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੂੰ 4369 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਇਸ ਦੌਰਾਨ ਪੰਜਾਬ ਵਿੱਚ ਤਿੰਨ ਜ਼ਿਲ੍ਹਿਆਂ ਜਲੰਧਰ, ਪਟਿਆਲਾ ਤੇ ਲੁਧਿਆਣਾ ਨੂੰ ਰੈੱਡ ਜ਼ਿਲ੍ਹੇ ਐਲਾਨਿਆ ਗਿਆ ਹੈ।

15 ਸੰਤਰੀ ਜ਼ਿਲ੍ਹਿਆਂ ਵਿੱਚ ਮੁਹਾਲੀ, ਪਠਾਨਕੋਟ, ਮਾਨਸਾ, ਤਰਨ ਤਾਰਨ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫਰੀਦਕੋਟ, ਸੰਗਰੂਰ, ਨਵਾਂਸ਼ਹਿਰ, ਫਿਰੋਜ਼ਪੁਰ, ਮੁਕਤਸਰ, ਮੋਗਾ, ਗੁਰਦਾਸਪੁਰ ਤੇ ਬਰਨਾਲਾ ਸ਼ਾਮਲ ਹਨ। ਰੂਪਨਗਰ, ਫਤਹਿਗੜ੍ਹ ਸਾਹਿਬ ਤੇ ਬਠਿੰਡਾ ਨੂੰ ਗ੍ਰੀਨ ਜ਼ੋਨ ’ਚ ਰੱਖਿਆ ਗਿਆ ਹੈ। ਚੰਡੀਗੜ੍ਹ ਨੂੰ ਵੀ ਰੈੱਡ ਜ਼ੋਨ ’ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਹੋਰਨਾਂ ਸੂਬਿਆਂ ਤੋਂ ਹੁਣ ਤੱਕ 7 ਹਜ਼ਾਰ ਤੋਂ ਵੱਧ ਵਿਅਕਤੀ ਪੰਜਾਬ ਆਇਆ ਹੈ। ਇਨ੍ਹਾਂ ਦੇ ਨਮੂਨੇ ਲਏ ਜਾ ਰਹੇ ਹਨ।

ਅਧਿਕਾਰੀਆਂ ਮੁਤਾਬਕ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਨਮੂਨਿਆਂ ਦੇ ਨਤੀਜੇ ਆਉਣ ਵਾਲੇ ਚਾਰ ਕੁ ਦਿਨ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਕਰ ਸਕਦੇ ਹਨ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਜਿਸ ਅਨੁਪਾਤ ਨਾਲ ਨਤੀਜੇ ਪਾਜ਼ੇਟਿਵ ਆ ਰਹੇ ਹਨ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਸੂਬੇ ਵਿੱਚ ਇਸ ਖਤਕਰਨਾਕ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਅੰਕੜਾ 1500 ਨੂੰ ਪਾਰ ਕਰ ਸਕਦਾ ਹੈ।

ਇਸ ਵਾਇਰਸ ਨੇ ਹੁਣ ਸਮੁੱਚੇ ਪੰਜਾਬ ਨੂੰ ਲਪੇਟੇ ਵਿੱਚ ਲੈ ਲਿਆ ਹੈ। ਫਾਜ਼ਿਲਕਾ,, ਬਠਿੰਡਾ,, ਫਿਰੋਜ਼ਪੁਰ ਅਤੇ ਤਰਨ ਤਾਰਨ ਆਦਿ ਜ਼ਿਲ੍ਹਿਆਂ ਵਿੱਚ ਵੀ ਪਿਛਲੇ ਦਿਨਾਂ ਦੌਰਾਨ ਕਰੋਨਾ ਨੇ ਦਸਤਕ ਦੇ ਦਿੱਤੀ ਹੈ। ਫਿਰੋਜ਼ਪੁਰ ਵਿੱਚ ਤਾਂ ਵੱਡੀ ਪੱਧਰ ’ਤੇ 15 ਨਵੇਂ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹੇ ਅਜਿਹੇ ਵੀ ਹਨ, ਜਿੱਥੇ 24 ਘੰਟਿਆਂ ਦੌਰਾਨ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ।

ਪੰਜਾਬ ਵਿੱਚ ਬੁੱਧਵਾਰ ਤੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ’ਚ ਲਾਗ ਦੇ ਲੱਛਣ ਸਾਹਮਣੇ ਆਉਣ ਲੱਗੇ ਸਨ। ਸਿਹਤ ਵਿਭਾਗ ਨੇ ਬੁੱਧਵਾਰ ਨੂੰ 35 ਨਵੇਂ ਕੇਸ ਰਿਪੋਰਟ ਹੋਣ ਦਾ ਖੁਲਾਸਾ ਕੀਤਾ ਸੀ। ਪੰਜਾਬ ਵਿੱਚ ਅੱਜ ਤੱਕ ਲਏ ਗਏ ਨਮੂਨਿਆਂ ਦੀ ਗਿਣਤੀ 23,176 ਤੱਕ ਪਹੁੰਚ ਗਈ ਹੈ।

ਕਰੋਨਾਵਾਇਰਸ ਨਾਲ ਹੁਣ ਤੱਕ ਇੱਕ 6 ਮਹੀਨਿਆਂ ਦੀ ਬੱਚੀ ਸਮੇਤ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਰੋਨਾਵਾਇਰਸ ਦੇ ਵਧਦੇ ਕੇਸਾਂ ਦਰਮਿਆਨ ਹੀ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ ਕੁੱਲ 108 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 356 ਵਿਅਕਤੀ ਹਾਲ ਦੀ ਘੜੀ ਹਸਪਤਾਲਾਂ ’ਚ ਇਲਾਜ ਅਧੀਨ ਹਨ।

Previous articleਕੋਵਿਡ ਖਿਲਾਫ਼ ਜੰਗ ਤੋਂ ਰਾਜਸੀ ਲਾਹਾ ਲੈਣ ਦਾ ਵੇਲਾ ਨਹੀਂ: ਕੈਪਟਨ
Next article1200 ਪਰਵਾਸੀ ਕਾਮਿਆਂ ਨੂੰ ਲੈ ਕੇ ਵਿਸ਼ੇਸ਼ ਰੇਲਗੱਡੀ ਝਾਰਖੰਡ ਭੇਜੀ