ਕਰੋਨਾ ਦਾ ਫੈਲਾਅ ਰੋਕਣ ਲਈ ਭਾਰਤ ’ਚ ਕੁਝ ਹਫ਼ਤੇ ਲੌਕਡਾਊਨ ਲੱਗੇ: ਫੌਚੀ

ਨਵੀਂ ਦਿੱਲੀ (ਸਮਾਜ ਵੀਕਲੀ) : ਵਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਐਂਥਨੀ ਫੌਚੀ ਨੇ ਸੁਝਾਅ ਦਿੱਤਾ ਹੈ ਕਿ ਕਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਭਾਰਤ ਨੂੰ ਕੁਝ ਹਫ਼ਤਿਆਂ ਲਈ ਮੁਲਕ ਵਿਚ ਸੰਪੂਰਨ ਲੌਕਡਾਊਨ ਲਾ ਦੇਣਾ ਚਾਹੀਦਾ ਹੈ। ਫੌਚੀ ਨੇ ਕਿਹਾ ਕਿ ਆਰਜ਼ੀ ਤੌਰ ’ਤੇ ਤਾਲਾਬੰਦੀ ਸਮੇਂ ਦੀ ਮੰਗ ਹੈ ਕਿਉਂਕਿ ਬੀਮਾਰੀ ’ਤੇ ਇਸ ਦਾ ਕਾਫ਼ੀ ਅਸਰ ਪੈ ਸਕਦਾ ਹੈ।

‘ਇੰਡੀਅਨ ਐਕਸਪ੍ਰੈੱਸ’ ਨਾਲ ਗੱਲਬਾਤ ਕਰਦਿਆਂ ਫੌਚੀ ਨੇ ਕਿਹਾ ਕਿ ਵਾਇਰਸ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਆਰਜ਼ੀ ‘ਸ਼ੱਟਡਾਊਨ’ ਕਰ ਦੇਣਾ ਚਾਹੀਦਾ ਹੈ। ਮੈਡੀਕਲ ਮਾਹਿਰ ਨੇ ਕਿਹਾ ‘ਅਸੀਂ ਭਾਰਤ ਨੂੰ ਐਨਾ ਕਸ਼ਟ ਝੱਲਦਾ ਦੇਖ ਕੇ ਬਹੁਤ ਦੁਖੀ ਹਾਂ। ਇਹੀ ਕਾਰਨ ਹੈ ਕਿ ਬਾਕੀ ਦੁਨੀਆ ਨੂੰ ਰਲ ਕੇ ਮਦਦ ਕਰਨ ਦੀ ਲੋੜ ਹੈ।’ ਅਮਰੀਕੀ ਮਾਹਿਰ ਨੇ ਕਿਹਾ ਕਿ ਲੌਕਡਾਊਨ ਦੇ ਨਾਲ-ਨਾਲ ਆਕਸੀਜਨ ਸਪਲਾਈ, ਦਵਾਈਆਂ, ਪੀਪੀਈ ਤੇ ਟੀਕਾਕਰਨ ’ਤੇ ਵੀ ਜ਼ੋਰ ਦੇਣ ਦੀ ਲੋੜ ਹੈ। ਫੌਚੀ ਨੇ ਕਿਹਾ ਕਿ ‘ਭਾਰਤ ਵਰਗੇ ਮੁਲਕ ’ਚ, ਜਿੱਥੇ ਹਾਲੇ ਦੋ ਫ਼ੀਸਦ ਲੋਕਾਂ ਦੇ ਹੀ ਟੀਕਾ ਲੱਗਾ ਹੈ, ਇਹ ਬਹੁਤ ਗੰਭੀਰ ਸਥਿਤੀ ਹੈ।

ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵੈਕਸੀਨ ਲਾਉਣਾ ਪਵੇਗਾ।’ ਫੌਚੀ ਨੇ ਨਾਲ ਹੀ ਕਿਹਾ ਕਿ ਹਾਲੇ ਕਸ਼ਟ ਹੈ, ਪਰ  ਉਹ ਯਕੀਨ ਦਿਵਾਉਂਦੇ ਹਨ ਕਿ ਇਕ-ਦੂਸਰੇ ਦੀ ਮਦਦ ਨਾਲ ਪਹਿਲਾਂ ਵਾਂਗ ਚੰਗਾ ਸਮਾਂ ਵਾਪਸ ਲਿਆਂਦਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਸ਼ਨਿਚਰਵਾਰ ਟੀਕਾਕਰਨ ਦਾ ਤੀਜਾ ਪੜਾਅ ਆਰੰਭਿਆ ਹੈ ਜਿਸ ਵਿਚ 18 ਸਾਲ ਤੋਂ ਉਪਰ ਦੇ ਨਾਗਰਿਕਾਂ ਦੇ ਟੀਕੇ ਲਾਏ ਜਾ ਰਹੇ ਹਨ। ਫ਼ਿਲਹਾਲ ਛੇ ਸੂਬਿਆਂ ਵਿਚ ਹੀ ਮੁੱਖ ਤੌਰ ’ਤੇ ਟੀਕਾਕਰਨ ਕੀਤਾ ਜਾ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਰੋਕ ਦੀ ਤਿਆਰੀ
Next articleGlimpses of the long history of (SEF) in creating social change.