ਕਰੋਨਾ ਤੋਂ ਡਰਨ ਦੀ ਨਹੀਂ, ਸਾਵਧਾਨੀਆਂ ਦੀ ਲੋੜ : ਡਾ. ਕਰਮਜੀਤ ਸਿੰਘ

ਅੱਪਰਾ (ਸਮਾਜ ਵੀਕਲੀ):  ਕਰੋਨਾ ਵਾਇਰਸ ਦੇ ਚਲਦਿਆਂ ਵੱਧ ਰਹੇ ਪੌਜਟਿਵ ਮਰੀਜਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਇਸ ਦੇ ਮੱਦੇ ਨਜ਼ਰ ਡਾਕਟਰ ਕਰਮਜੀਤ ਸਿੰਘ ਛੋਕਰਾਂ ਬੀ ਏ ਐਮ ਐਸ ਨੇ ਕਿਹਾ ਕਿ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਹੀ ਕਰੋਨਾ ਵਾਇਰਸ ਮਹਾਂਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਥਾਂ ਇਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਣੂ ਕਰਵਾਈਆਂ ਗਈਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਿਨਾਂ ਨੂੰ ਅਪਣਾ ਕੇ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।

ਕੋਰੋਨਾ ਵਾਇਰਸ ਦਾ ਤੰਦਰੁਸਤ ਅਤੇ ਸੰਤੁਲਿਤ ਭੋਜਨ ਖਾਣ ਵਾਲੇ ਸਿਹਤਮੰਦ ਵਿਅਕਤੀਆਂ ਤੇ ਬਹੁਤ ਘੱਟ ਅਸਰ ਹੁੰਦਾ ਹੈ। ਲੋਕਾਂ ਨੂੰ ਕਿਸੇ ਵੀ ਤਰਾਂ ਦੀਆਂ  ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਸਗੋਂ ਜੇਕਰ ਕੋਈ ਵਿਅਕਤੀ ਇਸ ਬਿਮਾਰੀ ਦੀ ਲਪੇਟ ਵਿਚ ਆਉਦਾ ਹੈ ਜਾਂ ਕਿਸੇ ਵਿਅਕਤੀ ਵਿਚ ਇਸ ਲਾ ਇਲਾਜ ਬਿਮਾਰੀ ਦੇ ਲੱਛਣ ਦਿਸਦੇ ਹੋਣ ਤਾਂ ਉਸ ਤੋਂ ਘੱਟੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਆਪਣੇ ਮੂੰਹ, ਨੱਕ ਜਾਂ ਅੱਖਾਂ ਨੂੰ ਵਾਰ-ਵਾਰ ਹੱਥ ਨਹੀਂ ਲਾਉਣਾ ਚਾਹੀਦਾ ਅਤੇ ਜੇਕਰ ਹੱਥ ਲਗਾਇਆ ਜਾਂਦਾ ਹੈ ਤਾਂ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਧੋਣਾ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਨਾ ਚਾਹੀਦਾ ਹੈ।

ਇਸ ਦੇ ਨਾਲ-ਨਾਲ ਸਮਾਜਿਕ, ਧਾਰਮਿਕ, ਸਿਆਸੀ ਜਾਂ ਹੋਰ ਕਿਸੇ ਵੀ ਕਿਸਮ ਦੇ ਇਕੱਠ ਵਿਚ ਸ਼ਾਮਿਲ ਹੋਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਅਤੇ ਕਿਸੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ ਕੇਵਲ ਦੂਰੋਂ ਹੀ ਸਤਿ ਸ਼੍ਰੀ ਅਕਾਲ, ਨਮਸਤੇ ਬੁਲਾਉਣੀ ਚਾਹੀਦੀ ਹੈ ਅਤੇ ਬਿਨਾਂ ਕੰਮ ਤੋਂ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਨਾ ਹੀ ਜਨਤਕ ਥਾਵਾਂ ਤੇ ਥੁੱਕਣਾਂ ਚਾਹੀਦਾ ਹੈ ਉਨਾਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸ਼ਹਿਰਾਂ ਦੇ ਐਮ ਸੀ, ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੂੰ ਜਾਣਕਾਰੀ ਦੇ ਕੇ ਉਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਪਿੰਡਾਂ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਸਕਣ।

ਉਨਾਂ ਕਿਹਾ ਕਿ ਸਾਨੂੰ  ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਮਾਸਕ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਬੁਖਾਰ, ਛਿੱਕਾਂ, ਜੁਕਾਮ, ਜਾਂ ਸਾਹ ਲੈਣ ਵਿਚ ਤਕਲੀਫ ਹੋਵੇ ਤਾਂ ਉਸ ਨੂੰ ਜਲਦੀ ਹੀ ਨੇੜਲੇ ਸਿਵਲ ਹਸਪਤਾਲ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਦੇਸ਼ ਵਿਚੋਂ ਖਤਮ ਕੀਤਾ ਜਾ ਸਕੇ।

Previous articleਪੰਜਾਬੀ ਲਘੂ ਫਿਲਮ ‘ਭੁੱਖ ਦਾ ਹੰਗਰ’ ਰੀਲੀਜ਼
Next articleਪੰਜਾਬੀ ਗਾਇਕਾ ਮੋਨਿਕਾ ਆਰ. ਪੀ. ‘ਇੱਟ ਨਾਲ ਇੱਟ ਖੜਕਾ ਦਿਆਂਗੇ’ ਟਰੈਕ ਲੈ ਕੇ ਹਾਜ਼ਰ