ਕਰੋਨਾ: ਇਕੋ ਦਿਨ ਵਿੱਚ 43 ਮੌਤਾਂ

ਚੀਨ ਤੋਂ ਪੰਜ ਲੱਖ ਰੈਪਿਡ ਟੈਸਟਿੰਗ ਕਿੱਟਾਂ ਭਾਰਤ ਪੁੱਜੀਆਂ

ਨਵੀਂ ਦਿੱਲੀ  (ਸਮਾਜਵੀਕਲੀ)ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 12,759 ਹੋ ਗਈ ਹੈ ਜਦੋਂਕਿ ਲਾਗ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦਾ ਅੰਕੜਾ 43 ਸੱਜਰੀਆਂ ਮੌਤਾਂ ਨਾਲ 420 ਨੂੰ ਅੱਪੜ ਗਿਆ ਹੈ। ਹੁਣ ਤਕ 1515 ਵਿਅਕਤੀਆਂ ਨੂੰ ਲਾਗ ਤੋਂ ਉੱਭਰਨ ਮਗਰੋਂ ਹਸਪਤਾਲਾਂ ’ਚੋਂ ਛੁੱਟੀ ਮਿਲ ਚੁੱਕੀ ਹੈ।

ਸੱਜਰੀਆਂ ਮੌਤਾਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੁਜਰਾਤ, ਦਿੱਲੀ, ਤਾਮਿਲ ਨਾਡੂ, ਕਰਨਾਟਕ ਤੇ ਪੰਜਾਬ ਤੋਂ ਰਿਪੋਰਟ ਹੋਈਆਂ ਹਨ। ਉਧਰ ਖ਼ਬਰ ਏਜੰਸੀ ਪੀਟੀਆਈ ਨੇ ਵੱਖ ਵੱਖ ਰਾਜਾਂ ਵੱਲੋਂ ਜਾਰੀ ਅੰਕੜਿਆਂ ਦੇ ਹਵਾਲੇ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 13201 ਤੇ ਮ੍ਰਿਤਕਾਂ ਦੀ ਗਿਣਤੀ 444 ਦੱਸੀ ਹੈ। ਇਸ ਦੌਰਾਨ ਸਿਹਤ ਮੰਤਰਾਲੇ ਨੇ ਅੱਜ ਦਾਅਵਾ ਕੀਤਾ ਕਿ ਉਸ ਨੂੰ ਚੀਨ ਤੋਂ ਪੰਜ ਲੱਖ ਦੇ ਕਰੀਬ ਰੈਪਿਡ ਕੋਵਿਡ-19 ਟੈਸਟਿੰਗ ਕਿੱਟਾਂ ਮਿਲ ਗਈਆਂ ਹਨ। ਇਨ੍ਹਾਂ ਕਿੱਟਾਂ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਕਿਹਾ ਕਿ ਦੇਸ਼ ਵਿੱਚ ਕਰੋਨਾਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ ਤੇ ਇਸੇ ਦਾ ਸਿੱਟਾ ਹੈ ਕਿ ਦੇਸ਼ ਵਿੱਚ ਪਾਜ਼ੇਟਿਵ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਧਣ ਲੱਗੀ ਹੈ। ਮੰਤਰਾਲੇ ਨੇ ਕਿਹਾ ਕਿ ਇਸ ਵੇਲੇ 325 ਜ਼ਿਲ੍ਹੇ ਪੂਰੀ ਤਰ੍ਹਾਂ ਲਾਗ ਮੁਕਤ ਹਨ।

ਮੰਤਰਾਲੇ ’ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਲਾਗ ਨਾਲ ਪ੍ਰਭਾਵਿਤ 17 ਰਾਜਾਂ ਦੇ 27 ਜ਼ਿਲ੍ਹਿਆਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਲਾਗ ਨਾਲ ਜੁੜੇ ਇਕ ਵੀ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਸੇ ਤਰ੍ਹਾਂ ਪੁੱਡੂਚੇਰੀ ਦੇ ਮਾਹੇ ਜ਼ਿਲ੍ਹੇ ਵਿੱਚ ਪਿਛਲੇ 28 ਦਿਨਾਂ ਵਿੱਚ ਲਾਗ ਦਾ ਇਕ ਵੀ ਕੇਸ ਰਿਪੋਰਟ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਲਾਗ ਦੀ ਲੜੀ ਟੁੱਟਣ ਦਾ ਸਪਸ਼ਟ ਸਬੂਤ ਹੈ।

ਅਗਰਵਾਲ ਨੇ ਕਿਹਾ ਕਿ ਲਾਗ ਪ੍ਰਭਾਵਿਤ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਦੋ ਹਫਤਿਆਂ ਦੌਰਾਨ ਇਕ ਵੀ ਮਰੀਜ਼ ਨਹੀਂ ਮਿਲਿਆ, ਉਨ੍ਹਾਂ ਵਿੱਚ ਬਿਹਾਰ ਦਾ ਪਟਨਾ, ਪੱਛਮੀ ਬੰਗਾਲ ਦਾ ਨਾਦੀਆ, ਰਾਜਸਥਾਨ ਦਾ ਪ੍ਰਤਾਪਗੜ੍ਹ, ਗੁਜਰਾਤ ਦਾ ਪੋਰਬੰਦਰ, ਗੋਆ ਵਿੱਚ ਦੱਖਣੀ ਗੋਆ, ਯੂਪੀ ਵਿੱਚ ਪੀਲੀਭੀਤ, ਜੰਮੂ ਕਸ਼ਮੀਰ ’ਚ ਰਾਜੌਰੀ, ਉੱਤਰਾਖੰਡ ’ਚ ਪੌੜੀ ਗੜ੍ਹਵਾਲ, ਛੱਤੀਸਗੜ੍ਹ ’ਚ ਰਾਜਨੰਦਗਾਓਂ, ਕਰਨਾਟਕ ’ਚ ਬੇਲਾਰੀ, ਕੇਰਲਾ ’ਚ ਵਾਇਨਾਡ, ਹਰਿਆਣਾ ’ਚ ਪਾਣੀਪੱਤ ਤੇ ਮੱਧ ਪ੍ਰਦੇਸ਼ ’ਚ ਸ਼ਿਵਪੁਰੀ ਸ਼ਾਮਲ ਹਨ।

ਅਗਰਵਾਲ ਨੇ ਕਿਹਾ ਕਿ ਦੇਸ਼ ਵਿੱਚ ਪਾਜ਼ੇਟਿਵ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਧ ਰਹੀ ਹੈ, ਜੋ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਪਿਛਲੇ ਕੁਝ ਦਿਨਾਂ ਵਿੱਚ 11.4 ਫੀਸਦ ਤੋਂ ਵਧ ਕੇ 12.02 ਫੀਸਦ ਹੋ ਗਈ ਹੈ। ਹੁਣ ਤਕ 1515 ਮਰੀਜ਼ਾਂ ਨੂੰ ਇਲਾਜ ਮਗਰੋਂ ਠੀਕ ਹੋਣ ਕਰਕੇ ਛੁੱਟੀ ਦਿੱਤੀ ਜਾ ਚੁੱਕੀ ਹੈ।

ਆਈਸੀਐੱਮਆਰ ਵਿੱਚ ਐਪੀਡੈਮੀਓਲੋਜੀ ਤੇ ਕਮਿਊਨੀਕੇਬਲ ਡਿਸੀਜ਼ਿਜ਼ ਵਿਭਾਗ ਦੇ ਮੁਖੀ ਡਾ.ਰਮਨ ਆਰ.ਗੰਗਾਖੇਡਕਰ ਨੇ ਕਿਹਾ ਕਿ ਚੀਨ ਤੋਂ ਅੱਜ ਪੁੱਜੀਆਂ ਪੰਜ ਲੱਖ ਟੈਸਟਿੰਗ ਕਿੱਟਾਂ ਨੂੰ ਕਰੋਨਾਵਾਇਰਸ ਹੌਟਸਪੌਟਸ ਦੀ ਚੌਕਸੀ ਤੇ ਨਿਗਰਾਨੀ ਰੱਖਣ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਕ ਵਿਚ ਹੁਣ ਤਕ 2,90,401 ਕੋਵਿਡ-19 ਟੈਸਟ ਕੀਤੇ ਜਾ ਚੁੱਕੇ ਹਨ।

ਇਨ੍ਹਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 30,043 ਨਮੂਨਿਆਂ ਦੀ ਜਾਂਚ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨੂੰ ਚੀਨ ਦੀਆਂ ਦੋ ਕੰਪਨੀਆਂ ਤੋਂ ਐਂਟੀਬਾਡੀ ਜਾਂਚ ਕਿੱਟ ਸਮੇਤ ਪੰਜ ਲੱਖ ਜਾਂਚ ਕਿੱਟਾਂ ਦੀ ਸਪਲਾਈ ਹੋ ਗਈ ਹੈ। ਮੌਤਾਂ ਦੇ ਮਾਮਲੇ ’ਚ ਸਿਖਰ ’ਤੇ ਚੱਲ ਰਹੇ ਮਹਾਰਾਸ਼ਟਰ ਵਿੱਚ ਸੱਤ ਸੱਜਰੀਆਂ ਮੌਤਾਂ ਨਾਲ ਦਮ ਤੋੜਨ ਵਾਲਿਆਂ ਦੀ ਗਿਣਤੀ 194 ਹੋ ਗਈ ਹੈ।

ਸੂਬੇ ਵਿੱਚ ਹੁਣ ਤਕ 23 ਪੁਲੀਸ ਮੁਲਾਜ਼ਮ ਵਾਇਰਸ ਦੀ ਮਾਰ ਹੇਠ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 15 ਪੁਲੀਸ ਕਰਮੀ ਮੁੰਬਈ ਵਿੱਚ ਤਾਇਨਾਤ ਹਨ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ 286 ਨਵੇਂ ਕੇਸਾਂ ਨਾਲ ਪਾਜ਼ੇਟਿਵ ਕੇਸਾਂ ਦਾ ਅੰਕੜਾ 3202 ਹੋ ਗਿਆ ਹੈ।

Previous articleਮਹਾਮਾਰੀ ਨੂੰ ਲੌਕਡਾਊਨ ਨਹੀਂ ਟੈਸਟਿੰਗ ਠੱਲ੍ਹ ਪਾਏਗੀ: ਰਾਹੁਲ
Next articleਅਮਰੀਕਾ ਨੇ ਸਭ ਤੋਂ ਮਾੜਾ ਦੌਰ ਪਾਰ ਕੀਤਾ: ਟਰੰਪ