ਕਰੋਨਾ: ਇਕੋ ਦਿਨ ’ਚ ਰਿਕਾਰਡ 3875 ਨਵੇਂ ਕੇਸ

ਨਵੀਂ ਦਿੱਲੀ (ਸਮਾਜਵੀਕਲੀ) – ਲੌਕਡਾਊਨ ਦੇ ਤੀਜੇ ਗੇੜ ਤਹਿਤ ਪਾਬੰਦੀਆਂ ’ਚ ਸ਼ਰਤਾਂ ਨਾਲ ਕੁੱਝ ਛੋਟਾਂ ਦੇਣ ਦੇ ਦੂਜੇ ਦਿਨ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 3875 ਨਵੇਂ ਕੇਸਾਂ ਨਾਲ ਕਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਕੁੱਲ ਗਿਣਤੀ 46,711 ਹੋ ਗਈ ਹੈ।

ਇਸ ਦੌਰਾਨ ਸੋਮਵਾਰ ਸ਼ਾਮ ਤੋਂ ਹੁਣ ਤਕ 194 ਸੱਜਰੀਆਂ ਮੌਤਾਂ ਨਾਲ ਵਾਇਰਸ ਅੱਗੇ ਜ਼ਿੰਦਗੀ ਦੀ ਜੰਗ ਹਾਰਨ ਵਾਲਿਆਂ ਦਾ ਅੰਕੜਾ 1583 ਨੂੰ ਜਾ ਪੁੱਜਾ ਹੈ। ਕੁੱਲ ਸਰਗਰਮ ਕੇਸਾਂ ਦੀ ਗਿਣਤੀ 31967 ਹੈ ਜਦੋਂਕਿ 13,160 ਲੋਕ ਵਾਇਰਸ ਦੀ ਲਾਗ ਤੋਂ ਉਭਰਨ ਮਗਰੋਂ ਸਿਹਤਯਾਬ ਹੋ ਗਏ ਹਨ।

ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਲੋਕਾਂ ਦੇ ਸਿਹਤਯਾਬ ਹੋਣ ਦੀ ਦਰ 28.17 ਫੀਸਦ ਦੇ ਕਰੀਬ ਹੈ। ਕੁੱਲ ਕੇਸਾਂ ਵਿੱਚ 111 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਖ਼ਬਰ ਏਜੰਸੀ ਪੀਟੀਆਈ ਨੇ ਵੱਖ ਵੱਖ ਰਾਜਾਂ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 49336 ਤੇ ਮੌਤਾਂ ਦੀ ਗਿਣਤੀ 1614 ਦੱਸੀ ਹੈ।

ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਹੋਈਆਂ 194 ਮੌਤਾਂ ਵਿੱਚੋਂ ਪੱਛਮੀ ਬੰਗਾਲ ’ਚ 98, ਮਹਾਰਾਸ਼ਟਰ ’ਚ 35, ਗੁਜਰਾਤ ’ਚ 29, ਮੱਧ ਪ੍ਰਦੇਸ਼ ’ਚ 11, ਉੱਤਰ ਪ੍ਰਦੇਸ਼ ’ਚ 8, ਰਾਜਸਥਾਨ ’ਚ 6, ਕਰਨਾਟਕ ’ਚ ਦੋ ਤੇ ਇਕ ਇਕ ਮੌਤ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਤਾਮਿਲ ਨਾਡੂ ਤੋਂ ਰਿਪੋਰਟ ਹੋਈ ਹੈ।

ਦੇਸ਼ ਭਰ ਵਿੱਚ ਹੁਣ ਤੱਕ ਹੋਈਆਂ ਕੁੱਲ 1583 ਮੌਤਾਂ ’ਚੋਂ ਮਹਾਰਾਸ਼ਟਰ 583 ਦੇ ਅੰਕੜੇ ਨਾਲ ਇਸ ਸੂਚੀ ਵਿੱਚ ਸਿਖਰ ’ਤੇ ਹੈ। ਗੁਜਰਾਤ ’ਚ 319, ਮੱਧ ਪ੍ਰਦੇਸ਼ ’ਚ 176, ਪੱਛਮੀ ਬੰਗਾਲ ’ਚ 133, ਰਾਜਸਥਾਨ ’ਚ 77, ਦਿੱਲੀ ’ਚ 64, ਉੱਤਰ ਪ੍ਰਦੇਸ਼ ’ਚ 53 ਤੇ ਆਂਧਰਾ ਪ੍ਰਦੇਸ਼ ’ਚ 36 ਮੌਤਾਂ ਹੋਈਆਂ ਹਨ।

ਇਸੇ ਤਰ੍ਹਾਂ ਤਾਮਿਲਨਾਡੂ ’ਚ 31, ਤਿਲੰਗਾਨਾ ’ਚ 29, ਕਰਨਾਟਕਾ ’ਚ 28, ਪੰਜਾਬ ’ਚ 25, ਜੰਮੂ ਤੇ ਕਸ਼ਮੀਰ ’ਚ 8, ਹਰਿਆਣਾ ’ਚ 6, ਕੇਰਲਾ ਤੇ ਬਿਹਾਰ ਵਿੱਚ ਚਾਰ-ਚਾਰ ਅਤੇ ਝਾਰਖੰਡ ਵਿੱਚ ਤਿੰਨ ਮੌਤਾਂ ਹੋਈਆਂ ਹਨ। ਮੇਘਾਲਿਆ, ਹਿਮਾਚਲ ਪ੍ਰਦੇਸ਼, ਉੜੀਸਾ, ਅਸਾਮ ਤੇ ਉੱਤਰਾਖੰਡ ਵਿਚ ਹੁਣ ਤੱਕ ਮਹਾਮਾਰੀ ਕਾਰਨ ਇਕ-ਇਕ ਮੌਤ ਹੋਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਰਿਪੋਰਟ ਹੋਏ ਹਨ।

ਮਹਾਰਾਸ਼ਟਰ ਵਿੱਚ ਹੁਣ ਤਕ 14,541 ਵਿਅਕਤੀ ਕਰੋਨਾ ਦੀ ਮਾਰ ਹੇਠ ਆ ਚੁੱਕੇ ਹਨ। 5804 ਪਾਜ਼ੇਟਿਵ ਕੇਸਾਂ ਨਾਲ ਗੁਜਰਾਤ ਦੂਜੇ ਨੰਬਰ ’ਤੇ ਹੈ। ਦਿੱਲੀ ਵਿੱਚ 4898, ਤਾਮਿਲ ਨਾਡੂ 3550, ਰਾਜਸਥਾਨ ’ਚ 3061, ਮੱਧ ਪ੍ਰਦੇਸ਼ ਵਿੱਚ 3049, ਉੱਤਰ ਪ੍ਰਦੇਸ਼ ’ਚ 2,859, ਆਂਧਰਾ ਪ੍ਰਦੇਸ਼ ’ਚ 1,717, ਪੰਜਾਬ 1451, ਪੱਛਮੀ ਬੰਗਾਲ 1259, ਤਿਲੰਗਾਨਾ ਵਿੱਚ 1,085, ਜੰਮੂ ਕਸ਼ਮੀਰ ’ਚ 726, ਕਰਨਾਟਕ ’ਚ 659, ਬਿਹਾਰ ’ਚ 529, ਹਰਿਆਣਾ ਵਿੱਚ 517, ਕੇਰਲਾ ’ਜ 500, ਉੜੀਸਾ ’ਚ 170, ਝਾਰਖੰਡ ਤੇ ਚੰਡੀਗੜ੍ਹ ਵਿੱਚ 115-115, ਉੱਤਰਾਖੰਡ ’ਚ 60, ਛੱਤੀਸਗੜ੍ਹ ’ਚ 58, ਅਸਾਮ 43, ਲੱਦਾਖ ਤੇ ਹਿਮਾਚਲ ਪ੍ਰਦੇਸ਼ ’ਚ 41-41, ਅੰਡੇਮਾਨ ਤੇ ਨਿਕੋਬਾਰ ਦੀਪ ’ਚ 33, ਤ੍ਰਿਪੁਰਾ ’ਚ 29, ਮੇਘਾਲਿਆ ’ਚ 12, ਪੁੱਡੂਚੇਰੀ ’ਚ 8 ਤੇ ਗੋਆ ’ਜ 7 ਕੇਸ ਰਿਪੋਰਟ ਹੋਏ ਹਨ।

ਇਸ ਦੌਰਾਨ ਲਵ ਅਗਰਵਾਲ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਅਸੀਂ ਲਾਗ ਦੀ ਬਿਮਾਰੀ ਨਾਲ ਸਿੱਝ ਰਹੇ ਹਾਂ। ਇਸ ਲਈ ਕੇਸਾਂ ਦਾ ਸਮੇਂ ਸਿਰ ਰਿਪੋਰਟ ਹੋਣਾ ਤੇ ਉਨ੍ਹਾਂ ਦਾ ਪ੍ਰਬੰਧਨ ਬਹੁਤ ਅਹਿਮ ਹੈ। ਕੁਝ ਰਾਜਾਂ ਵਿੱਚ ਇਨ੍ਹਾਂ ਖੇਤਰਾਂ ’ਚ ਕੁਝ ਖੱਪੇ ਨਜ਼ਰ ਵਿੱਚ ਆਏ ਹਨ, ਜਿਨ੍ਹਾਂ ਵੱਲ ਜਲਦੀ ਹੀ ਮੁਖਾਤਿਬ ਹੋਵਾਂਗੇ।’ ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਸਾਰਥਕ ਨਤੀਜੇ ਆਏ ਹਨ। ਜਿਹੜੇ ਕੇਸ ਲੌਕਡਾਊਨ ਤੋਂ ਪਹਿਲਾਂ 3.2 ਦਿਨਾਂ ’ਚ ਦੁੱਗਣੇ ਹੁੰਦੇ ਸੀ, ਉਹ ਹੁਣ 12 ਦਿਨ ਦਾ ਸਮਾਂ ਲੈਣ ਲੱਗੇ ਹਨ।

Previous articleਪੰਜਾਬ ਤੋਂ ਮਜ਼ਦੂਰਾਂ ਦਾ ਪਰਵਾਸ
Next articleਪਸਿਆਣਾ ਦੇ ਕਾਂਗਰਸੀ ਸਰਪੰਚ ਦੀ ਹੱਤਿਆ