ਕਰੋਨਾਵਾਇਰਸ: ਪਿੰਡ ਜਵਾਹਰਪੁਰ ਵਿੱਚ ਤਿੰਨ ਹੋਰ ਮਰੀਜ਼ ਮਿਲੇ

ਡੇਰਾਬੱਸੀ  (ਸਮਾਜਵੀਕਲੀ)ਇੱਥੋਂ ਦੇ ਪਿੰਡ ਜਵਾਹਰਪੁਰ ਵਿੱਚ ਕਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਿੰਡ ਵਿੱਚ ਕਰੋਨਾਵਾਇਰਸ ਦੇ ਤਿੰਨ ਹੋਰ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਪਿੰਡ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 37 ਤੱਕ ਪਹੁੰਚ ਗਈ ਹੈ। ਅੱਜ ਸਾਹਮਣੇ ਆਏ ਤਿੰਨੋਂ ਮਰੀਜ਼ ਮਹਿਲਾਵਾਂ ਹਨ ਜਿਨ੍ਹਾਂ ਵਿੱਚ ਇਕ 17 ਸਾਲ ਦੀ ਲੜਕੀ ਵੀ ਸ਼ਾਮਲ ਹੈ। ਇਹ ਲੜਕੀ ਸਭ ਤੋਂ ਪਹਿਲਾਂ ਸਾਹਮਣੇ ਆਏ ਮਰੀਜ਼ ਪੰਚ ਮਲਕੀਤ ਸਿੰਘ ਦੀ ਧੀ ਹੈ।

ਉਸ ਤੋਂ ਇਲਾਵਾ ਇਕੋ ਪਰਿਵਾਰ ਤੋਂ ਸੱਸ-ਨੂੰਹ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਸੱਸ ਦੀ ਉਮਰ 80 ਸਾਲ ਅਤੇ ਉਸ ਦੀ ਨੂੰਹ ਦੀ ਉਮਰ 55 ਸਾਲ ਹੈ। ਸਿਹਤ ਵਿਭਾਗ ਵੱਲੋਂ ਤਿੰਨੋਂ ਮਰੀਜ਼ਾਂ ਨੂੰ ਬਨੂੜ ਸਥਿਤ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਸਿਹਤ ਵਿਭਾਗ ਵੱਲੋਂ ਪਿੰਡ ਵਿੱਚੋਂ 38 ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ ਹਾਲੇ ਪੰਜ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਜਦੋਂਕਿ ਬਾਕੀ ਰਿਪੋਰਟਾਂ ਨੈਗੇਟਿਵ ਹਨ।

ਪਿੰਡ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਪਿੰਡ ਸਮੇਤ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲੀਸ ਵੱਲੋਂ ਪਹਿਲਾਂ ਜਵਾਹਰਪੁਰ ਨੇੜਲੇ ਪਿੰਡ ਸੀਲ ਕੀਤੇ ਗਏ ਸਨ ਪਰ ਹੁਣ ਪੂਰੀ ਸਬ-ਡਿਵੀਜ਼ਨ ਵਿੱਚ ਸਖ਼ਤੀ ਕਰ ਦਿੱਤੀ ਗਈ ਹੈ। ਸਿੱਟੇ ਵਜੋਂ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਲੋਕਾਂ ਦੇ ਘਰਾਂ ’ਚ ਲੋੜੀਂਦੇ ਸਾਮਾਨ ਦੀ ਕਿੱਲਤ ਪੈਦਾ ਹੋ ਗਈ ਹੈ।

ਪੁਲੀਸ ਦੁਕਾਨ ਖੋਲ੍ਹਣ ’ਤੇ ਦੁਕਾਨਦਾਰਾਂ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ। ਪੁਲੀਸ ਦਾ ਤਰਕ ਹੈ ਕਿ ਦੁਕਾਨਦਾਰਾਂ ਨੂੰ ਸਿਰਫ਼ ਘਰ-ਘਰ ਸਾਮਾਨ ਪਹੁੰਚਾਉਣ ਦੀ ਮਨਜ਼ੂਰੀ ਦਿੱਤੀ ਹੋਈ ਹੈ ਪਰ ਦੁਕਾਨਦਾਰ ਦੁਕਾਨਾਂ ਖੋਲ੍ਹ ਕੇ ਸਾਮਾਨ ਵੇਚ ਰਹੇ ਹਨ। ਇਸ ਕਰ ਕੇ ਦੁਕਾਨਦਾਰ ਨਾ ਤਾਂ ਦੁਕਾਨਾਂ ਖੋਲ੍ਹ ਰਹੇ ਹਨ ਤੇ ਨਾ ਹੀ ਘਰ-ਘਰ ਸਾਮਾਨ ਪਹੁੰਚਾ ਰਹੇ ਸਨ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜੇਕਰ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਨਹੀਂ ਦੇਣੀ ਤਾਂ ਲੋਕਾਂ ਦੇ ਘਰਾਂ ਤੱਕ ਸਾਮਾਨ ਪਹੁੰਚਾਉਣ ਦੀ ਵਿਵਸਥਾ ਕੀਤੀ ਜਾਵੇ।

ਉੱਧਰ, ਇਸ ਸਬੰਧੀ ਗੱਲ ਕਰਨ ’ਤੇ ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਘਰ-ਘਰ ਜ਼ਰੂਰਤ ਦਾ ਸਾਮਾਨ ਨਾ ਪਹੁੰਚਾਉਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Previous articleਅਮਰੀਕਾ ’ਚ ਮੌਤਾਂ ਦੀ ਗਿਣਤੀ ਇਟਲੀ ਨਾਲੋਂ ਵਧੀ
Next articleਕਰੋਨਾ: ਬਰਨਾਲਾ ਦਾ ਤਕਸ਼ਿਲਾ ਸਕੂਲ ਬੰਦ