ਕਰੋਨਾਵਾਇਰਸ ਨੇ ਘਰਾਂ ’ਚ ਬੰਦ ਕੀਤੇ ਇੱਕ ਅਰਬ ਲੋਕ

ਰੋਮ/ਅਨੰਤਨਾਗ- ਕਰੋਨਾਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਅੱਜ ਵਿਸ਼ਵ ਭਰ ਵਿੱਚ ਲਗਪਗ ਇੱਕ ਅਰਬ ਲੋਕ ਆਪਣੇ ਘਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਏ ਜਦਕਿ ਇਸ ਕਾਰਨ ਹੁਣ ਤੱਕ ਮੌਤਾਂ ਦੀ ਗਿਣਤੀ 13,000 ਹੋ ਗਈ ਹੈ। ਇਸ ਦੌਰਾਨ ਇਟਲੀ ਵਿੱਚ ਅੱਜ ਫਿਰ ਨਵੇਂ ਕੇਸਾਂ ਦੀ ਰਿਕਾਰਡ ਗਿਣਤੀ ਦੌਰਾਨ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਮਹਾਮਾਰੀ ਕਾਰਨ 35 ਮੁਲਕਾਂ ਵਿੱਚ ਮੁਕੰਮਲ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਆਮ ਜਨਜੀਵਨ, ਆਵਾਜਾਈ ਤੇ ਵਪਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੇ ਹਨ, ਉੱਥੇ ਸਰਕਾਰਾਂ ਨੂੰ ਸਰਹੱਦਾਂ ਸੀਲ ਕਰਨ ਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਕਰੋੜਾਂ ਰੁਪਏ ਦੇ ਰਾਹਤ ਪੈਕੇਜਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਤੱਕ ਪੂਰੇ ਵਿਸ਼ਵ ਵਿੱਚ 3,00,000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਦੌਰਾਨ ਇਟਲੀ ਵਿੱਚ ਸਥਿਤੀ ਤੇਜ਼ੀ ਨਾਲ ਭਿਆਨਕ ਹੁੰਦੀ ਜਾ ਰਹੀ ਹੈ, ਜਿੱਥੇ ਮੌਤਾਂ ਦੀ ਗਿਣਤੀ 4,800 ਹੋ ਗਈ ਹੈ, ਜੋ ਹੁਣ ਤੱਕ ਕਰੋਨਾਵਾਇਰਸ ਕਾਰਨ ਵਿਸ਼ਵ ਭਰ ਵਿੱਚ ਹੋਈਆਂ ਮੌਤਾਂ ਦਾ ਤੀਜਾ ਹਿੱਸਾ ਹੈ। ਬੰਗਲਾਦੇਸ਼ ਤੋਂ ਇੱਥੇ ਪੁੱਜੇ 50 ਵਿਦਿਆਰਥੀਆਂ ਨੂੰ ਪਹਿਲਗਾਮ ਵਿੱਚ ਏਕਾਂਤਵਾਸ ’ਚ ਰੱਖਿਆ ਗਿਆ ਹੈ। ਅਨੰਤਨਾਗ ਦੇ ਡੀਸੀ ਬਸ਼ੀਰ ਅਹਿਮਦ ਡਾਰ ਨੇ ਦੱਸਿਆ ਕਿ ਭਾਰਤ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਲਈ ਵਰਤੇ ਜਾ ਰਹੇ ਪ੍ਰੋਟੋਕੋਲ ਮੁਤਾਬਕ ਸਾਰੇ ਵਿਦਿਆਰਥੀਆਂ ਦੀ ਸਕਰੀਨਿੰਗ ਮਗਰੋਂ ਇਨ੍ਹਾਂ ਨੂੁੰ ਮੈਡੀਕਲ ਦੇਖ-ਰੇਖ ਅਧੀਨ ਰੱਖਿਆ ਗਿਆ ਹੈ।
ਮੁਕੰਮਲ ਬੰਦ ਕਾਰਨ ਨਿਊਯਾਰਕ, ਸ਼ਿਕਾਗੋ ਅਤੇ ਲਾਸ ਏਂਜਲਸ ਦੇ ਵਸਨੀਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਅਮਰੀਕਾ ਦੇ ਬਾਕੀ ਸੂਬਿਆਂ ਵਿੱਚ ਵੀ ਪਾਬੰਦੀਆਂ ਜਾਰੀ ਰਹਿਣਗੀਆਂ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ,‘ਅਸੀਂ ਵੱਡੇ ਪੱਧਰ ’ਤੇ ਜਿੱਤ ਹਾਸਲ ਕਰਾਂਗੇ।’ ਬੇਸ਼ੱਕ ਵਿਸ਼ਵ ਆਗੂਆਂ ਵੱਲੋਂ ਇਸ ਮਹਾਮਾਰੀ ਨੂੰ ਹਰਾਉਣ ਲਈ ਅਹਿਦ ਕੀਤੇ ਜਾ ਰਹੇ ਹਨ, ਪਰ ਕਰੋਨਾਵਾਇਰਸ ਕਾਰਨ ਮੌਤਾਂ ਅਤੇ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਪੇਨ ਵਿੱਚ ਨਵੀਆਂ ਮੌਤਾਂ ’ਚ 32 ਫ਼ੀਸਦੀ ਵਾਧਾ ਹੋਇਆ ਹੈ, ਫਰਾਂਸ ਵਿੱਚ ਮੌਤਾਂ ਦੀ ਗਿਣਤੀ 562 ਹੋ ਗਈ ਹੈ। ਇਸ ਮਹਾਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦੇ ਯਤਨਾਂ ਦੌਰਾਨ ਓਲੰਪਿਕ ਦੇ ਪ੍ਰਬੰਧਕਾਂ ’ਤੇ ਟੋਕੀਓ ਖੇਡਾਂ ਨੂੰ ਅੱਗੇ ਪਾਉਣ ਦਾ ਦਬਾਅ ਵਧਦਾ ਜਾ ਰਿਹਾ ਹੈ। ਇਸ ਮਹਾਂਮਾਰੀ ਕਾਰਨ ਆਲਮੀ ਪੱਧਰ ’ਤੇ ਸਟਾਕ ਬਾਜ਼ਾਰ ਪ੍ਰਭਾਵਿਤ ਹੋਏ ਹਨ ਜਦਕਿ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ- ਅਮਰੀਕਾ ਵੱਲੋਂ ਵੱਡੇ ਐਮਰਜੈਂਸੀ ਪੈਕੇਜ ਐਲਾਨੇ ਜਾਣ ਦੀ ਤਿਆਰੀ ਹੈ, ਜੋ ਹੁਣ 1 ਅਰਬ ਡਾਲਰ ਨੂੰ ਵੀ ਪਾਰ ਕਰ ਸਕਦੀ ਹੈ। ਅਮਰੀਕਾ ਵਿੱਚ ਕਰੋੜਾਂ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਅਤੇ ਉਨ੍ਹਾਂ ਦੀ ਪਤਨੀ ਦੇ ਕਰੋਨਾਵਾਇਰਸ ਦੇ ਟੈਸਟ ਨੈਗੇਟਿਵ ਆਏ ਹਨ।
ਫਰਾਂਸ, ਇਟਲੀ, ਸਪੇਨ ਅਤੇ ਦੂਜੇ ਯੂਰਪੀ ਮੁਲਕਾਂ ਨੇ ਆਪਣੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਬਰਤਾਨੀਆ ਨੇ ਪੱਬਾਂ, ਰੈਸਟੋਰੈਂਟਾਂ ਤੇ ਥੀਏਟਰਾਂ ਨੂੰ ਬੰਦ ਕਰਨ ਦੇ ਹੁਕਮ ਦੇਣ ਤੋਂ ਇਲਾਵਾ ਲੋਕਾਂ ਨੂੰ ਡਰ ਕਾਰਨ ਖਰੀਦਦਾਰੀ ਕਰਨ ਤੋਂ ਵਰਜਿਆ ਹੈ।
ਚੀਨ ਵਿੱਚ ਅੱਜ ਚੌਥੇ ਦਿਨ ਕਰੋਨਾਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਥਾਈਲੈਂਡ ਵਿੱਚ ਅੱਜ ਐਤਵਾਰ ਨੂੰ ਕੇਸਾਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ, ਜਿੱਥੇ ਹੁਣ ਤੱਕ ਕੁਲ ਕੇਸਾਂ ਦੀ ਗਿਣਤੀ 600 ਤੱਕ ਪੁੱਜ ਗਈ ਹੈ। ਇਸ ਦੌਰਾਨ ਅਫਰੀਕਾ ਵਿੱਚ ਵੀ ਕਰੋਨਾਵਾਇਰਸ ਕਾਰਨ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 1000 ਤੋਂ ਵੱਧ ਪੁੱਜ ਗਈ ਹੈ। ਇਰਾਨ ਵਿੱਚ ਕਰੋਨਾਵਾਇਰਸ ਕਾਰਨ 123 ਜਣਿਆਂ ਦੀ ਮੌਤ ਹੋ ਗਈ ਹੈ ਪਰ ਉੱਥੇ ਬਾਕੀ ਵਿਸ਼ਵ ਵਾਂਗ ਪਾਬੰਦੀਆਂ ਦਾ ਐਲਾਨ ਨਹੀਂ ਕੀਤਾ ਗਿਆ। ਕੋਲੰਬੀਆ ਵਿੱਚ ਕਰੋਨਾਵਾਇਰਸ ਕਾਰਨ ਪਹਿਲੀ ਮੌਤ ਹੋ ਗਈ ਹੈ। ਫਰਾਂਸ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਤੱਕ ਹੀ ਸੀਮਤ ਰੱਖਣ ਦੇ ਯਤਨਾਂ ਨੂੰ ਕਾਮਯਾਬ ਕਰਨ ਲਈ ਹੈਲੀਕੌਪਟਰਾਂ ਅਤੇ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ।

Previous articleਆਈਓਸੀ ’ਤੇ ਖੇਡ ਕੁੰਭ ਰੱਦ ਕਰਨ ਦਾ ਦਬਾਅ ਵਧਿਆ
Next articleMehbooba Mufti’s daughter seeks release of Kashmiri detainees