ਕਰੋਨਾਵਾਇਰਸ: ਗਿਣਤੀ ਵਧਣੀ ਜਾਰੀ, ਕਈ ਥਾਂ ਰਫ਼ਤਾਰ ਮੱਠੀ ਪਈ

ਕਰੋਨਾਵਾਇਰਸ ਇਨਫ਼ੈਕਸ਼ਨ ਦੀ ਗਿਣਤੀ ਸੰਸਾਰ ਪੱਧਰ ’ਤੇ ਵੱਧਦੀ ਜਾ ਰਹੀ ਹੈ। ਇਕੱਲੇ ਯੂਰੋਪ ਵਿਚ ਹੀ ਤਿੰਨ ਲੱਖ ਤੋਂ ਵੱਧ ਲੋਕ ਇਸ ਦੀ ਮਾਰ ਹੇਠ ਹਨ। ਹਾਲਾਂਕਿ ਬੀਮਾਰੀ ਦੀ ਰਫ਼ਤਾਰ ਕੁਝ ਖੇਤਰਾਂ ਵਿਚ ਮੱਠੀ ਪੈਣ ਦੇ ਸੰਕੇਤ ਵੀ ਹਨ। ਆਰਥਿਕ ਮਾਹਿਰਾਂ ਮੁਤਾਬਕ ਵਾਇਰਸ ਪਹਿਲਾਂ ਹੀ ਸੰਸਾਰ ਨੂੰ ਮੰਦੀ ਵੱਲ ਧੱਕ ਚੁੱਕਾ ਹੈ। ਅਮਰੀਕਾ ਵਿਚ ਪੀੜਤਾਂ ਦੀ ਗਿਣਤੀ ਇਸ ਵੇਲੇ 1,04,000 ਹੈ। ਹੁਣ ਤੱਕ 1711 ਮੌਤਾਂ ਹੋ ਚੁੱਕੀਆਂ ਹਨ। ਯੂਕੇ ਵਿਚ ਕਰੋਨਾਵਾਇਰਸ ਕਾਰਨ ਅੱਜ ਇਕੋ ਦਿਨ ’ਚ 260 ਮੌਤਾਂ ਹੋਈਆਂ ਹਨ ਤੇ ਗਿਣਤੀ 1000 ਤੋਂ ਟੱਪ ਗਈ ਹੈ। ਆਲਮੀ ਪੱਧਰ ’ਤੇ ਪੀੜਤਾਂ ਦੀ ਗਿਣਤੀ ਛੇ ਲੱਖ ਤੋਂ ਟੱਪ ਗਈ ਹੈ। ਨਿਊਯਾਰਕ ਸ਼ਹਿਰ ਸੰਕਟ ਨਾਲ ਨਜਿੱਠਣ ਲਈ ਜੂਝ ਰਿਹਾ ਹੈ ਤੇ ਸਭ ਤੋਂ ਵੱਧ ਕੇਸ ਇੱਥੇ ਦੇ ਹੀ ਹਨ। 30-40 ਸਾਲ ਦੇ ਨੌਜਵਾਨ ਮਰੀਜ਼ ਵੀ ਆ ਰਹੇ ਹਨ ਤੇ ਮੈਡੀਕਲ ਉਪਕਰਨਾਂ ਦੀ ਘਾਟ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗੀ ਤਾਕਤਾਂ ਦਾ ਇਸਤੇਮਾਲ ਕਰਦਿਆਂ ਇਕ ਪ੍ਰਾਈਵੇਟ ਕੰਪਨੀ ਨੂੰ ਮੈਡੀਕਲ ਉਪਕਰਨ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਮੁਲਕ ਦੇ ਸਿਹਤ ਢਾਂਚੇ ਨੂੰ ਕਰੋਨਾ ਸੰਕਟ ਨਾਲ ਨਜਿੱਠਣ ਵਿਚ ਮੁਸ਼ਕਲ ਆ ਰਹੀ ਹੈ। ਟਰੰਪ ਨੇ ਆਟੋਮੋਬਾਈਲ ਕੰਪਨੀ ਜਨਰਲ ਮੋਟਰਜ਼ ਨੂੰ ਤੇਜ਼ ਰਫ਼ਤਾਰ ਨਾਲ ਵੈਂਟੀਲੇਟਰ ਦਾ ਉਤਪਾਦਨ ਕਰਨ ਲਈ ਕਿਹਾ ਹੈ। ਮੁਲਕ ’ਚ 60 ਫ਼ੀਸਦ ਤਾਲਾਬੰਦੀ ਕਾਰਨ ਦੋ ਖ਼ਰਬ ਡਾਲਰ ਦਾ ਪੈਕੇਜ ਵੀ ਐਲਾਨਿਆ ਗਿਆ ਹੈ ਤਾਂ ਕਿ ਅਰਥਚਾਰੇ ਨੂੰ ਰਾਹਤ ਮਿਲ ਸਕੇ। ਰਾਹਤ ਦੀ ਗੱਲ ਇਹ ਹੈ ਕਿ ਇਟਲੀ ਵਿਚ ਇਨਫ਼ੈਕਸ਼ਨ ਦੀ ਦਰ ਹੁਣ ਘੱਟ ਰਹੀ ਹੈ। ਹਾਲਾਂਕਿ ਉੱਥੋਂ ਦੇ ਸਿਹਤ ਮਾਹਿਰਾਂ ਮੁਤਾਬਕ ਇਹ ਆਉਣ ਵਾਲੇ ਹਫ਼ਤਿਆਂ ਵਿਚ ਫਿਰ ਵਧ ਸਕਦੀ ਹੈ। ਸਪੇਨ ਨੇ ਵੀ ਕਿਹਾ ਹੈ ਕਿ ਪੀੜਤਾਂ ਦੀ ਗਿਣਤੀ ਥੋੜ੍ਹੀ ਘਟੀ ਹੈ। ਸਪੇਨ ਵਿਚ ਪਿਛਲੇ 24 ਘੰਟਿਆਂ ’ਚ 832 ਮੌਤਾਂ ਹੋਈਆਂ ਹਨ ਤੇ ਮਰਨ ਵਾਲਿਆਂ ਦੀ ਗਿਣਤੀ 5600 ਹੋ ਗਈ ਹੈ। ਪੀੜਤਾਂ ਦੀ ਗਿਣਤੀ 72,000 ਤੇ ਕਰੀਬ ਹੈ। ਇਰਾਨ ਵਿਚ ਅੱਜ 139 ਮੌਤਾਂ ਹੋਈਆਂ ਹਨ ਤੇ ਅੰਕੜਾ 2500 ਤੋਂ ਟੱਪ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵੀ 86 ਸਟਾਫ਼ ਮੈਂਬਰ ਕੋਵਿਡ-19 ਤੋਂ ਪੀੜਤ ਹਨ। ਯੂਰੋਪ ਦੇ ਕਈ ਵੱਡੇ ਸ਼ਹਿਰਾਂ- ਪੈਰਿਸ, ਰੋਮ ਤੇ ਮੈਡਰਿਡ ’ਚ ਡਰਾਉਣ ਵਾਲਾ ਸੰਨਾਟਾ ਹੈ। ਬ੍ਰਾਜ਼ੀਲ ਦੇ ਸਾਓ ਪਾਲੋ ਵਿਚ 68 ਮੌਤਾਂ ਹੋ ਚੁੱਕੀਆਂ ਹਨ। ਦੁਨੀਆ ਭਰ ’ਚ ਕਈ ਹੋਰ ਮੁਲਕ ਵੀ ਵਾਇਰਸ ਦੇ ਸਿਖ਼ਰਲੇ ਹੱਲੇ ਨਾਲ ਨਜਿੱਠਣ ਲਈ ਕਮਰਕੱਸੇ ਕਰ ਰਹੇ ਹਨ। ਪੂਰੀ ਦੁਨੀਆ ਵਿਚ ਇਸ ਨਾਲ 27000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਅਫ਼ਰੀਕਾ ਵਿਚ ਵੀ ਖ਼ਤਰਾ ਵੱਧ ਰਿਹਾ ਹੈ। ਜੌਹੈਨਸਬਰਗ ਵਿਚ ਪੁਲੀਸ ਨੂੰ ਲੋਕਾਂ ਨੂੰ ਕਾਬੂ ਕਰਨ ਲਈ ਸਖ਼ਤੀ ਕਰਨੀ ਪਈ। ਕੁਝ ਸਮੂਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਗਰੀਬ ਮੁਲਕਾਂ ਤੇ ਜੰਗ ਦਾ ਸ਼ਿਕਾਰ ਸੀਰੀਆ-ਯਮਨ ਜਿਹੇ ਦੇਸ਼ਾਂ ’ਚ ਮੌਤਾਂ ਦੀ ਗਿਣਤੀ ਲੱਖਾਂ ਵਿਚ ਜਾ ਸਕਦੀ ਹੈ।

Previous articleਅਮਰੀਕਾ ’ਚ ਕਰੋਨਾ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਟੱਪੀ
Next articleIll-tended Practices of Educational Institutions of India: A Discourse